ਬਰੇਟਾ ਵਿਚ ਅੰਡਰਬ੍ਰਿਜ ਬਣਾਉਣ ਤੇ ਜਨਤਾ ਐਕਸਪ੍ਰੈੱਸ ਮੁੜ ਚਾਲੂ ਕਰਨ ਦੀ ਮੰਗ
ਮਾਨਸਾ, 18 ਮਾਰਚ
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਤਖ਼ਤ ਦਮਦਮਾ ਸਾਹਿਬ ਨੂੰ ਰੇਲਵੇ ਲਿੰਕ ਨਾਲ ਜੋੜ ਕੇ ਸ੍ਰੀ ਨਾਂਦੇੜ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਤੱਕ ਸਿੱਖ ਸੰਗਤ ਨੂੰ ਰੇਲਵੇ ਯਾਤਰਾ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਪੰਜ ਤਖ਼ਤਾਂ ਵਿਚੋਂ ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੈ, ਜਿੱਥੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵੱਡੀ ਗਿਣਤੀ ’ਚ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਥੋੜ੍ਹੀ ਦੂਰੀ ’ਤੇ ਸਥਿਤ ਰਾਮਾਂ ਮੰਡੀ ਲਿੰਕ ਰੇਲਵੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜੋੜ ਦੇਣਾ ਚਾਹੀਦਾ ਹੈ। ਇਸ ਨਾਲ ਸਿੱਖ ਸੰਗਤ ਤਖ਼ਤ ਸ੍ਰੀ ਦਮਦਮਾ ਸਾਹਿਬ, ਸ੍ਰੀ ਨਾਂਦੇੜ ਸਾਹਿਬ, ਸ੍ਰੀ ਪਟਨਾ ਸਾਹਿਬ ਅਤੇ ਨਾਨਕ ਮੱਤਾ ਸਾਹਿਬ (ਉਤਰਾਖੰਡ) ਵਿੱਚ ਅਸਾਨੀ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੇਗੀ। ਕੇਂਦਰ ਸਰਕਾਰ ਮੂਹਰੇ ਮਾਨਸਾ ਰੇਲਵੇ ਲਾਈਨ ਨਾਲ ਜੁੜੇ ਮੁੱਦਿਆਂ ’ਤੇ ਵੀ ਉਨ੍ਹਾਂ ਨੇ ਆਵਾਜ਼ ਚੁੱਕੀ। ਹਰਸਿਮਰਤ ਬਾਦਲ ਨੇ ਕਿਹਾ ਕਿ ਮਾਨਸਾ ਰੇਲਵੇ ਪਲੈਟਫਾਰਮ ’ਤੇ ਲੋਡਿੰਗ ਲਈ ਟਰੱਕਾਂ ਦੇ ਆਉਣ-ਜਾਣ ਕਰਕੇ ਮੁਸ਼ਕਲਾਂ ਆਉਂਦੀਆਂ ਹਨ, ਜਿਸ ਕਰਕੇ ਇਸ ਨੂੰ ਪਿੰਡ ਨਰਿੰਦਰਪੁਰਾ ਜਾਂ ਦਾਤੇਵਾਸ ਵਿਖੇ ਖੁੱਲ੍ਹੀ ਜਗ੍ਹਾ ’ਤੇ ਸਿਫ਼ਟ ਕੀਤਾ ਜਾਵੇ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮਾਨਸਾ ਦੇ ਚੁਕੇਰੀਆਂ ਫਾਟਕ ’ਤੇ ਵੱਧਦੀ ਟਰੈਫ਼ਿਕ ਨੂੰ ਵੇਖਦਿਆਂ ਛੋਟਾ ਅੰਡਰਬ੍ਰਿਜ ਬਣਾਇਆ ਜਾਵੇ। ਉਨ੍ਹਾਂ ਬਰੇਟਾ ਮੰਡੀ ਵਿਖੇ ਛੋਟਾ ਓਵਰਬ੍ਰਿਜ ਬਣਾਉਣ, ਕਰੋਨਾ ਸਮੇਂ ਤੋਂ ਬੰਦ ਪਈ ਮਾਨਸਾ ਤੋਂ ਲੰਘਦੀ ਮੁੰਬਈ-ਫਿਰੋਜ਼ਪੁਰ ਜਨਤਾ ਐਕਸਪ੍ਰੈੱਸ ਨੂੰ ਮੁੜ ਤੋਂ ਚਾਲੂ ਕਰਨ ਅਤੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਇਸ ਗੱਡੀ ਦਾ ਠਹਿਰਾਅ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬਠਿੰਡਾ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਕੇ ਬਠਿੰਡਾ ਤੋਂ ਲੈ ਕੇ ਦਿੱਲੀ ਤੱਕ ਸੁਚੱਜੀਆਂ ਰੇਲਵੇ ਸਹੂਲਤਾਂ ਸਟੇਸ਼ਨਾਂ ਨੂੰ ਦੇਣ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ।