ਅੰਮ੍ਰਿਤਸਰ, 19 ਮਾਰਚ-ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਲਈ ਸਿੱਖਿਆ ਸੰਸਥਾਵਾਂ, ਸੱਭਿਆਚਾਰਕ ਅਦਾਰਿਆਂ ਅਤੇ ਸਾਹਿੱਤਕ ਜਥੇਬੰਦੀਆਂ ਨੂੰ ਸਾਂਝੇ ਯਤਨ ਵਧਾਉਣੇ ਚਾਹੀਦੇ ਹਨ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦੇ ਚੇਅਰਮੈਨ ਜਨਾਬ ਫ਼ਖ਼ਰ ਜ਼ਮਾਂ ਭਾਰਤੀ ਇਕਾਈ ਦੇ ਪ੍ਰਧਾਨ ਡਾ: ਦੀਪਕ ਮਨਮੋਹਨ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਮੁਬਾਰਕਬਾਦ ਦਾ ਸੁਨੇਹਾ ਲੈ ਕੇ ਯੂਨੀਵਰਸਿਟੀ ਪਹੁੰਚੇ ਸਹਿਜਪ੍ਰੀਤ ਸਿੰਘ ਮਾਂਗਟ ਸਕੱਤਰ ਜਨਰਲ ਵਿਸ਼ਵ ਪੰਜਾਬੀ ਕਾਂਗਰਸ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਹੇ।
ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ: ਕਰਮਜੀਤ ਸਿੰਘ ਨਾਲ ਮੁਲਾਕਾਤ ਮੌਕੇ ਉਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਪੰਜਾਬ ਦੀਆਂ ਯੂਨੀਵਰਸਟੀਆਂ ਦੀ ਸ਼ਮੂਲੀਅਤ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ। ਸ. ਮਾਂਗਟ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਵੱਲੋਂ ਅਕਤੂਬਰ 2025 ਵਿੱਚ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਆਧਾਰਤ 35ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣਾ ਚਾਹੁੰਦੀ ਹੈ। ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਉਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਾਹਿਬਾਨ ਨੂੰ ਮਿਲਣਗੇ ਤਾਂ ਜੋ ਕਾਨਫਰੰਸ ਵਿੱਚ ਸਿੱਖਿਆ ਸ਼ਾਸਤਰੀਆਂ ਦੀ ਭਰਵੀਂ ਸ਼ਮੂਲੀਅਤ ਹੋ ਸਕੇ। ਇਹ ਕਾਨਫਰੰਸ ਅੰਮ੍ਰਿਤਸਰ ਵਿਖੇ ਹੋਣ ਕਰਕੇ ਇਹ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਚੜ੍ਹਾਉਣਾ ਅਸੰਭਵ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਪਾਕਿਸਤਾਨ ਸਣੇ ਵਿਸ਼ਵ ਭਰ ਤੋਂ ਕਰੀਬ 100 ਲੇਖਕ, ਸਿੱਖਿਆ ਸ਼ਾਸ਼ਤਰੀ, ਬੁੱਧੀਜੀਵੀ ਤੇ ਸੰਚਾਰ ਕਰਮੀ ਹਿੱਸਾ ਲੈਣਗੇ।
ਡਾ: ਕਰਮਜੀਤ ਸਿੰਘ ਜੀ ਨੇ ਭਰੋਸਾ ਦਿੱਤਾ ਕਿ ਜੇ ਇਸ ਸਬੰਧੀ ਵਿਸ਼ਵ ਪੰਜਾਬੀ ਕਾਂਗਰਸ ਨੂੰ ਜੇਕਰ ਪੰਜਾਬ ਤੇ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲਦੀ ਹੈ ਤਾਂ ਉਹ ਵੀ ਵਿਚਾਰ ਵਟਾਂਦਰੇ ਉਪਰੰਤ ਪੂਰਨ ਸਹਿਯੋਗ ਦੇਣਗੇ।
ਇਸ ਮੌਕੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਗੁਲਦਸਤਾ ਭੇਂਟ ਕਰਨ ਉਪਰੰਤ ਆਪਣੀਆਂ ਹੁਣ ਤੱਕ ਛਪੀਆਂ ਪੰਜ ਕਾਵਿ ਪੁਸਤਕਾਂ ਦਾ ਸੈੱਟ ਤੋਂ ਇਲਾਵਾ ਡਾ. ਜਗਤਾਰ ਧੀਮਾਨ ਪ੍ਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਆਪਣੀਆਂ ਲਿਖੀਆਂ ਪੰਜਾਬੀ ਕਵਿਤਾਵਾਂ ਦੇ ਅੰਗਰੇਜ਼ੀ ਵਿੱਚ ਅਨੁਵਾਦ ਦੀ ਕਿਤਾਬ “ਈਕੋਜ਼ ਆਫ ਮਾਈ ਹਰਟ” ਦੀ ਪਹਿਲੀ ਕਾਪੀ ਡਾ:ਕਰਮਜੀਤ ਸਿੰਘ ਨੂੰ ਭੇਂਟ ਕੀਤੀ। ਇਸ ਨੂੰ ਅਦਬ ਪ੍ਰਕਾਸ਼ਨ ਪੱਖੋ ਕੇ (ਤਰਨਤਾਰਨ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਡਾ: ਕਰਮਜੀਤ ਸਿੰਘ ਨੇ ਇਸ ਕਿਤਾਬ ਲਈ ਅਤੇ ਲਾਹੌਰ ਵਿਖੇ ਛੇ ਸਫਲ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਲਈ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਵਧਾਈ ਦਿੱਤੀ ਅਤੇ ਉਸ ਦੀ ਕਲਮ ਨੂੰ ਇਸੇ ਤਰਾਂ ਬੇਰੋਕ ਚੱਲਣ ਲਈ ਕਾਮਨਾ ਕੀਤੀ।
ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਲਈ ਸਿੱਖਿਆ ਸੰਸਥਾਵਾਂ, ਸੱਭਿਆਚਾਰਕ ਅਦਾਰਿਆਂ ਅਤੇ ਸਾਹਿੱਤਕ ਜਥੇਬੰਦੀਆਂ ਨੂੰ ਸਾਂਝੇ ਯਤਨ ਵਧਾਉਣੇ ਚਾਹੀਦੇ ਹਨ-ਡਾ. ਕਰਮਜੀਤ ਸਿੰਘ
