Headlines

ਐਮਪੀ ਸੁਖ ਧਾਲੀਵਾਲ ‘ਮਨੁੱਖੀ ਅਧਿਕਾਰਾਂ ਦਾ ਰਾਖਾ’ (ਹਿਊਮਨ ਰਾਈਟਸ ਡਿਫੈਂਡਰ) ਪੁਰਸਕਾਰ ਨਾਲ ਸਨਮਾਨਿਤ

ਸਰੀ (ਦੇ ਪ੍ਰ ਬਿ)-ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੁੱਖ ਧਾਲੀਵਾਲ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ 1984 ਅਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਰਗੇ ਮੁੱਦੇ ਉਠਾਉਣ, ਏਅਰ ਇੰਡੀਆ ਦੁਖਾਂਤ ਦੀ ਮੁੜ ਜਾਂਚ ਦੀ ਮੰਗ ਵਾਲੀ ਪਟੀਸ਼ਨ ਪੇਸ਼ ਕਰਨ ਅਤੇ ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਦੇ ਮਾਮਲੇ ਤੇ ਬੇਬਾਕੀ ਨਾਲ ਬੋਲਣ ਲਈ ਰੈਡੀਕਲ ਦੇਸੀ ਸੰਸਥਾ ਵੱਲੋਂ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ। ਸੁੱਖ ਧਾਲੀਵਾਲ ਨੂੰ ‘ਮਨੁੱਖੀ ਅਧਿਕਾਰਾਂ ਦਾ ਰਾਖਾ’ (ਹਿਊਮਨ ਰਾਈਟਸ ਡਿਫੈਂਡਰ) ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ‘ਤੇ ਮਹਿਕ ਪੰਜਾਬ ਦੀ ਟੀ.ਵੀ. ਪ੍ਰੋਗਰਾਮ ਦੇ ਨਿਰਮਾਤਾ ਕੰਵਲਜੀਤ ਸਿੰਘ ਥਿੰਦ, ਰੈਡੀਕਲ ਦੇਸੀ ਦੇ ਸੰਪਾਦਕ, ਰੇਡੀਓ ਹੋਸਟ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ, ਪ੍ਰਸਿੱਧ ਸ਼ਾਇਰ ਅੰਮ੍ਰਿਤ ਦੀਵਾਨਾ, ਸਿੱਖ ਕਾਰਕੁੰਨ ਕੁਲਵਿੰਦਰ ਸਿੰਘ ਢਿੱਲੋ ਅਤੇ ਚੈਨਲ ਪੰਜਾਬੀ ‘ਤੇ ਪ੍ਰੋਗਰਾਮ ‘ਆਵਾਜ਼ ਏ ਪੰਜਾਬ’ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਸ਼ਮੂਲੀਅਤ ਕੀਤੀ ਗਈ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਸੀਨੀਅਰ ਜਰਨਲਿਸਟ ਗੁਰਪ੍ਰੀਤ ਸਿੰਘ ਨੇ ਰੈਡੀਕਲ ਦੇਸੀ ਸੰਸਥਾ ਦੇ ਪਿਛੋਕੜ ਬਾਰੇ ਅਤੇ ਐਮਪੀ ਸੁਖ ਧਾਲੀਵਾਲ ਦੀ ਮਨੁੱਖੀ ਅਧਿਕਾਰਾਂ ਬਾਰੇ ਦੇਣ ਦੀ ਗੱਲਬਾਤ ਕੀਤੀ। ਮਗਰੋਂ ਉਹਨਾਂ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਿੰਨਾ ਨੂੰ ਪਿਛਲੇ ਵਾਰ ਮਨੁੱਖੀ ਪੱਤਰਕਾਰੀ ਦੇ ਖੇਤਰ ਵਿੱਚ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੂੰ ਇਹ ਐਵਾਰਡ ਸੁੱਖ ਧਾਲੀਵਾਲ ਜੀ ਨੂੰ ਦੇਣ ਲਈ ਸੱਦਾ ਦਿੱਤਾ। ਡਾ. ਧਾਲੀਵਾਲ ਨੇ ਐਮਪੀ ਸੁਖ ਧਾਲੀਵਾਲ ਦੇ ਮਨੁੱਖੀ ਅਧਿਕਾਰਾਂ ਦੇ ਲੰਮੇ ਸੰਘਰਸ਼, ਸਿੱਖ ਨਸਲਕੁਸ਼ੀ ਦੀ ਪਟੀਸ਼ਨ ਸਮੇਤ ਵੱਖ-ਵੱਖ ਸੰਘਰਸ਼ਮਈ ਕਦਮਾਂ ‘ਤੇ ਰੌਸ਼ਨੀ ਪਾਈ।
ਪੰਜਾਬੀ ਅਗਾਂਹ-ਵਧੂ ਸ਼ਾਇਰ ਅੰਮ੍ਰਿਤ ਦੀਵਾਨਾ ਨੇ ਸੁਖ ਧਾਲੀਵਾਲ ਨੂੰ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਸਿਆਸਤਦਾਨ ਕਰਾਰ ਦਿੰਦਿਆਂ, ਭਵਿੱਖ ਵਿੱਚ ਵੀ ਉਪਰਾਲੇ ਜਾਰੀ ਰੱਖਣ ਦੀ ਆਸ ਪ੍ਰਗਟਾਈ। ਸਿੱਖ ਮੋਟਰਸਾਈਕਲ ਕਲੱਬ ਸੰਸਥਾਵਾਂ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਕੁਲਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜੋ ਸੁਖ ਧਾਲੀਵਾਲ ਨੇ ਕੀਤਾ ਹੈ, ਉਹ ਪ੍ਰਸ਼ੰਸਾਯੋਗ ਹੈ ਅਤੇ ਉਮੀਦ ਹੈ ਕਿ ਉਹ ਹੋਰ ਵੀ ਵੱਧ-ਚੜ ਕੇ ਮਾਨਵੀ ਅਧਿਕਾਰ ਕਾਰਜ ਕਰਦੇ ਰਹਿਣਗੇ। ਮੀਡੀਆ ਸ਼ਖਸੀਅਤ ਕਮਲਜੀਤ ਸਿੰਘ ਥਿੰਦ ਨੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਐਮਪੀ ਸੁਖ ਧਾਲੀਵਾਲ ਇਮੀਗ੍ਰੇਸ਼ਨ ਸਬੰਧੀ ਮਸਲਿਆਂ ‘ਤੇ ਵੀ ਦ੍ਰਿੜਤਾ ਨਾਲ ਖੜੇ ਹੁੰਦੇ ਹਨ ਅਤੇ ਲੋਕਾਂ ਦੀ ਆਵਾਜ਼ ਬਣਦੇ ਹਨ।
ਮਾਨਵੀ ਅਧਿਕਾਰ ਪੁਰਸਕਾਰ ਮਿਲਣ ‘ਤੇ ਐਮਪੀ ਸੁਖ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਉਹ ਸਿੱਖ ਨਸਲਕੁਸ਼ੀ ਸਮੇਤ ਮਨੁੱਖੀ ਅਧਿਕਾਰ ਮਸਲਿਆਂ ‘ਤੇ ਹਮੇਸ਼ਾ ਡਟ ਕੇ ਪਹਿਰਾ ਦਿੰਦੇ ਰਹਿਣਗੇ। ਉਹਨਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ, ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਅਤੇ ਏਅਰ ਇੰਡੀਆ ਪਟੀਸ਼ਨ ਸਬੰਧੀ ਆਪਣੇ ਸੰਘਰਸ਼ਮਈ ਪਹਿਲੂਆਂ ‘ਤੇ ਰੋਸ਼ਨੀ ਪਾਈ। ਉਹਨਾਂ ਰੈਡੀਕਲ ਦੇਸੀ ਵੱਲੋਂ ਮਨੁੱਖੀ ਅਧਿਕਾਰ ਪੁਰਸਕਾਰ ਦਿੱਤੇ ਜਾਣ ‘ਤੇ ਹਾਰਦਿਕ ਧੰਨਵਾਦ ਕੀਤਾ। ਲਿਬਰਲ ਐਮਪੀ ਸੁੱਖ ਧਾਲੀਵਾਲ ਦਾ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਵਜੋਂ ਸਨਮਾਨ ਪ੍ਰਭਾਵਸ਼ਾਲੀ ਸਮਾਗਮ ਦਾ ਰੂਪ ਅਖਤਿਆਰ ਕਰ ਗਿਆ।

Leave a Reply

Your email address will not be published. Required fields are marked *