ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬਾਲ ਲੇਖਕਾਂ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ- ਸੁੱਖੀ ਬਾਠ
ਸਰੀ (ਦੇ ਪ੍ਰ ਬਿ)-ਪਿਛਲੇ ਸਮੇਂ ਦੌਰਾਨ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਬਾਲ ਲੇਖਕਾਂ ਲਈ ਸ਼ੁਰੂ ਕੀਤਾ ਗਿਆ ਸੀ। ਜੋ ਕਿ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਾ ਹੋਇਆ ਤਕਰੀਬਨ 50 ਕਿਤਾਬਾਂ ਪੰਜਾਬ ਦੇ ਸਾਰੇ ਜਿਲ੍ਹਿਆਂ, ਰਾਜਸਥਾਨ, ਹਿਮਾਚਲ, ਹਰਿਆਣਾ, ਮਹਾਰਾਸ਼ਟਰ ਤੋਂ ਬਾਲ ਲੇਖਕਾਂ ਦੀਆਂ ਰਚਨਾਵਾਂ ਇਕੱਤਰ ਕਰਕੇ ਛਾਪ ਰਿਹਾ ਹੈ। ਇਸਦੇ ਨਾਲ ਹੀ ਪਾਕਿਸਤਾਨ ਵਿੱਚ ਵੀ 17 ਜ਼ਿਲਿਆਂ ਵਿੱਚ ਇਹ ਪ੍ਰੋਜੈਕਟ ਲਗਾਤਾਰ ਚੱਲ ਰਿਹਾ ਹੈ। ਭਾਰਤ ਤੋਂ ਬਾਹਰ ਪਾਕਿਸਤਾਨ ਤੋਂ ਇਲਾਵਾ ਇਟਲੀ, ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਵੀ ਇਹ ਪ੍ਰੋਜੈਕਟ ਲਗਾਤਾਰ ਬੁਲੰਦੀਆਂ ਛੂਹ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਨੇ ਦੱਸਿਆ ਕਿ ਇਸੇ ਪ੍ਰੋਜੈਕਟ ਅਧੀਨ ਪਿਛਲੇ ਸਮੇਂ ਦੌਰਾਨ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵੀ ਕਰਵਾਈ ਜਾ ਚੁੱਕੀ ਹੈ ਅਤੇ ਸ੍ਰੀ ਗੰਗਾਨਗਰ ਵਿਖੇ ਵੀ ਇੱਕ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸੱਭਿਆਚਾਰਕ ਮੇਲਾ ਕਰਵਾ ਚੁੱਕੇ ਹਾਂ, ਹੁਣ ਹਨੂਮਾਨਗੜ੍ਹ ਰਾਜਸਥਾਨ ਵਿਖੇ ਦੂਜੀ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰਾਇਮਰੀ ਪੱਧਰ ਤੇ ਰੁਮਾਲ ਝਪੱਟਾ, ਰੱਸਾਕਸ਼ੀ, ਪੰਜਾਬੀ ਲੋਕ ਪਹਿਰਾਵਾ, ਮਿਡਲ ਪੱਧਰ ਦੇ ਮੁਕਾਬਲਿਆਂ ਵਿੱਚ ਗੁਰਮੁਖੀ ਕੈਲੀਗ੍ਰਾਫੀ ਪੋਸਟਰ, ਲੋਕ ਨਾਚ ਅਤੇ ਕਵਿਤਾ ਪਾਠ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸੈਕੰਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਲੋਕ ਨਾਚ, ਕਵਿਤਾ ਅਤੇ ਅਤੇ ਪੰਜਾਬੀ ਲੋਕ ਪਹਿਰਾਵਾ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਸਥਾਨ ਤੋਂ ਪ੍ਰਧਾਨ ਰਾਜੇਂਦਰ ਸਹੂ ਜੀ ਨੇ ਦੱਸਿਆ ਕਿ ਪ੍ਰੋਗਰਾਮ ਸਬੰਧੀ ਤਿਆਰੀਆਂ ਪੂਰੀ ਟੀਮ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ ਅਤੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ। ਜੋ ਵੀ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਸ. ਬਲਕਰਨ ਸਿੰਘ ਜੀ ਨਾਲ 9414332740 ਤੇ ਸੰਪਰਕ ਕਰ ਸਕਦੇ ਹਨ।