ਅੰਮ੍ਰਿਤਸਰ ( ਭੰਗੂ)- ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਪਿਛਲੇ ਸਾਲ ਚਾਰ ਦਸੰਬਰ ਨੂੰ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਉਸ ਨੂੰ ਗ੍ਰਿਫ਼ਤਾਰੀ ਤੋਂ ਲਗਪਗ ਸਾਢੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਮਗਰੋਂ ਜ਼ਮਾਨਤ ਦਿੱਤੀ ਗਈ ਹੈ। ਸ੍ਰੀ ਚੌੜਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ, ਜਗਦੀਪ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਦਾਲਤ ’ਚੋਂ ਬਾਹਰ ਆ ਕੇ ਵਕੀਲਾਂ ਨੇ ਕਿਹਾ ਕਿ ਪੁਲੀਸ ਨੇ ਵਾਰ-ਵਾਰ ਸ੍ਰੀ ਚੌੜਾ ਵਿਰੁੱਧ ਪਿਛਲੇ ਸਮੇਂ ਵਿੱਚ ਦਰਜ 28 ਐੱਫਆਈਆਰਜ਼ ਦਾ ਮਾਮਲਾ ਚੁੱਕਿਆ ਸੀ ਪਰ ਬਚਾਅ ਪੱਖ ਵੱਲੋਂ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਪਹਿਲਾਂ ਹੀ ਇਨ੍ਹਾਂ ਕੇਸਾਂ ਵਿੱਚ ਬਰੀ ਹੋ ਚੁੱਕੇ ਹਨ।
ਇਸੇ ਦੌਰਾਨ ਅਕਾਲੀ ਦਲ ਨੇ ਚੌੜਾ ਦੀ ਜ਼ਮਾਨਤ ਮਨਜੂਰ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਉਪਰ ਕਾਤਲਾਨਾ ਹਮਲੇ ਦੀ ਸਾਜਿਸ਼ ਵਿਚ ਆਪ ਸਰਕਾਰ ਦੇ ਮਿਲੇ ਹੋਣ ਦੀ ਬਦਬੂ ਆਉਂਦੀ ਹੈ।