ਸਰੀ, 25 ਮਾਰਚ( ਸੰਦੀਪ ਸਿੰਘ ਧੰਜੂ)- ” ਸਾਡਾ ਮੁੱਖ ਨਿਸ਼ਾਨਾ ਸਰੀ ਨੂੰ ਅਪਰਾਧ ਮੁਕਤ ਕਰਕੇ ਇਕ ਸੁਰੱਖਿਅਤ ਸ਼ਹਿਰ ਬਣਾਉਣਾ ਹੈ ਅਤੇ ਅਸੀਂ ਹੌਲੀ ਹੌਲੀ ਆਪਣੇ ਟੀਚੇ ਵੱਲ ਵਧ ਰਹੇ ਹਾਂ।’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਪੁਲਿਸ ਮੁਖੀ ਨਾਰਮ ਲਿਪੰਸਕੀ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਹੋਂਦ ਵਿੱਚ ਆਈ ਸਰੀ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਚ ਕਮੀ ਲਿਆਂਦੀ ਹੈ ਅਤੇ ਅਪਰਾਧਿਕ ਅੰਕੜਿਆਂ ਦਾ ਗ੍ਰਾਫ ਤੇਜੀ ਨਾਲ ਹੇਠਾਂ ਵੱਲ ਵਧ ਰਿਹਾ ਹੈ । ਉਨਾਂ ਕਿਹਾ ਕਿ ਇਸ ਵੇਲੇ ਸਰੀ ਪੁਲਿਸ ਸ਼ਹਿਰ ਦੇ ਨਿਊਟਨ ਅਤੇ ਵੈਲੀ ਇਲਾਕੇ ਵਿੱਚ ਤਾਇਨਾਤ ਹੈ ਅਤੇ ਅਗਲੇ ਪੜਾਅ ਵਿਚ ਕੁਝ ਦਿਨਾਂ ਤੱਕ ਇਹ ਤਾਇਨਾਤੀ ਸਾਊਥ ਸਰੀ ਵਿੱਚ ਵੀ ਕਰ ਦਿੱਤੀ ਜਾਵੇਗੀ। ਪੁਲਿਸ ਸੇਵਾਵਾਂ ਨੂੰ ਹੋਰ ਵੀ ਕੁਸ਼ਲ ਬਣਾਉਣ ਵਾਸਤੇ ਆਉਂਦੇ ਸਮੇਂ ਵਿੱਚ ਵਰਤੀ ਜਾਣ ਵਾਲੀ ਤਕਨਾਲੌਜੀ ਬਾਰੇ ਦੱਸਦਿਆਂ ਉਨਾਂ ਕਿਹਾ ਪੁਲਿਸ ਕਰਮਚਾਰੀਆਂ ਦੀ ਵਰਦੀ ਉਤੇ ਛੇਤੀ ਹੀ ਕੈਮਰੇ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਨਿਗਰਾਨੀ ਲਈ ਡ੍ਰੋਨ ਦੀ ਵਰਤੋਂ ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ ਜਿਸ ਸੰਬੰਧੀ ਟ੍ਰੇਨਿੰਗ ਜੰਗੀ ਪੱਧਰ ਉਤੇ ਚੱਲ ਰਹੀ ਹੈ। ਉਹਨਾਂ 19 ਅਪ੍ਰੈਲ ਨੂੰ ਸ਼ਹਿਰ ਵਿੱਚ ਕੱਢੇ ਜਾ ਰਹੇ ਵਿਸਾਖੀ ਨਗਰ ਕੀਰਤਨ ਬਾਰੇ ਜਿਕਰ ਕਰਦਿਆਂ ਕਿਹਾ ਇਸ ਸਮਾਗਮ ਦੀ ਨਿਗਰਾਨੀ ਲਈ ਇਸ ਡ੍ਰੋਨ ਤਕਨੀਕ ਨੂੰ ਵਰਤਿਆ ਜਾਵੇਗਾ।ਉਨਾ ਦੱਸਿਆ ਕਿ ਮੁਢਲੇ ਪੱਧਰ ਤੋਂ ਪੁਲਿਸ ਅਤੇ ਆਮ ਜਨਤਾ ਵਿੱਚ ਤਾਲਮੇਲ ਵਧਾਉਣ ਲਈ ਸਰੀ ਸ਼ਹਿਰ ਦੇ ਸਕੂਲਾਂ ਵਿੱਚ ਵੀ ਇਕ ਇੱਕ ਪੁਲਿਸ ਅਫਸਰ ਦੀ ਤਾਇਨਾਤੀ ਵਿਚਾਰ ਅਧੀਨ ਹੈ ਜਿਸ ਸਬੰਧੀ ਸਰੀ ਸਕੂਲ ਬੋਰਡ ਦੀ ਆਗਿਆ ਦੀ ਉਡੀਕ ਕੀਤੀ ਜਾ ਰਹੀ ਹੈ।
ਸਰੀ ਪੁਲਿਸ ਮੁਖੀ ਵਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਕਮੀ ਦਾ ਦਾਅਵਾ
