ਜਲੰਧਰ- ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਕਹਾਣੀਆਂ ਨਾਲ ਪ੍ਰੇਮ ਪ੍ਰਕਾਸ਼ ਨੇ ਮਾਂ ਬੋਲੀ ਦਾ ਖਜ਼ਾਨਾ ਮਾਲਾਮਾਲ ਕੀਤਾ। ਅਨੇਕਾਂ ਬਾਕਮਾਲ ਕਹਾਣੀਆਂ ਦੇ ਨਾਲ-ਨਾਲ ਕਚਕੜੇ, ਨਮਾਜ਼ੀ, ਸਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਆਦਿ ਕਹਾਣੀ ਸੰਗ੍ਰਹਿਆਂ ਅਤੇ ‘ਬੰਦੇ ਅੰਦਰ ਬੰਦੇ’ ਤੇ ‘ਆਤਮ ਮਾਯਾ’ ਸਵੈ-ਜੀਵਨੀਆਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਸੰਨ 1932 ਵਿੱਚ ਖੰਨਾ (ਲੁਧਿਆਣਾ) ਵਿਖੇ ਪਿਤਾ ਸ੍ਰੀ ਰਾਮ ਪ੍ਰਸ਼ਾਦ ਅਤੇ ਮਾਤਾ ਸ੍ਰੀਮਤੀ ਦਇਆ ਵੰਤੀ ਦੀ ਕੁੱਖੋਂ ਪੈਦਾ ਹੋਏ ਇਸ ਕਹਾਣੀਕਾਰ ਨੂੰ “ਕੁਝ ਅਣਕਿਹਾ ਵੀ” ਨਾਂ ਦੇ ਕਹਾਣੀ-ਸੰਗ੍ਰਹਿ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਉਹ ਅੱਜਕੱਲ ਮਾਸਟਰ ਮੋਤਾ ਸਿੰਘ ਨਗਰ ਜਲੰਧਰ ਵਿਖੇ ਰਹਿੰਦੇ ਸਨ, ਜਿੱਥੇ ਉਹਨਾਂ ਨੇ ਆਖਰੀ ਸਵਾਸ ਲਏ।
… ਡੈੱਡ ਲਾਈਨ ‘ਤੇ ਟੁੱਟਾ ਘੜਾ –
ਜਲੰਧਰ ( ਵਿਸ਼ਾਲ)-ਪਤਾ ਨਹੀਂ ਪ੍ਰੇਮ ਪ੍ਰਕਾਸ਼ ਕਹਾਣੀ ਦਾ ਅੱਧਾ ਆਸਮਾਨ ਸੀ ਜਾਂ ਪੂਰਾ , ਪਰ ਉਹ ਪ੍ਰੇਮ ਪ੍ਰਕਾਸ਼ ਸੀ , ਜੋ ਇਕ ਨਵੀਂ ਕਹਾਣੀ ਲੈ ਕੇ ਆਇਆ , ਪੁਰਾਣੀ ਜ਼ਮੀਨ ‘ਤੇ । ਪਿਛਲੇ ਦਿਨਾਂ ‘ਚ ਉਹ ਬਹੁਤ ਇਕੱਲਾ ਵੀ ਪੈ ਗਿਆ ਸੀ, ਸਭ ਦੇ ਹੁੰਦਿਆਂ ਵੀ , ਸ਼ਾਇਦ ਇਹੀ ਸਹੀ ਵਕਤ ਸੀ ਪ੍ਰਕਾਸ਼ ਦੇ ਮੱਧਮ ਹੋਣ ਦਾ , ਤਾਂ ਕਿ ਉਸ ਦੀ ਸਵੇਰ ਬਚੀ ਰਹੇ , ਉਸ ਨੇ ਆਪਣੇ ਅੰਤਲੇ ਸਾਹ ਤੱਕ ਆਪਣੇ ਤਿੰਨੇ ਵੇਲ਼ੇ ਬਚਾ ਕੇ ਰੱਖੇ , ਸਵੇਰਾ, ਲੌਡਾ ਵੇਲਾ ਤੇ ਰਾਤ । ਉਸ ਦੇ ਬੱਚਿਆਂ ਨੇ ਰੱਜ ਕੇ ਆਪਣੇ ਪਿਤਾ ਨੂੰ ਪ੍ਰੇਮ ਦਿੱਤਾ , ਉਹ ਖ਼ੁਦ ਵੀ ਬੱਚਿਆਂ ਦੇ ਪ੍ਰਕਾਸ਼ ਚ ਤੁਰਿਆ ।
ਅੱਜ ਪੂਰਾ ਸਾਹਿਤ ਜਗਤ ਵੱਡੇ ਸੋਗ ‘ਵਿੱਚ ਸੀ , ਵੱਡਾ ਸੋਗ ਵੱਡੀ ਮੌਤ ਦੀ ਮੰਗ ਕਰਦਾ ਹੈ ਤੇ ਵੱਡੀ ਮੌਤ ਵੱਡੇ ਜੀਵਨ ਦੀ , ਉਹ ਵੱਡਾ ਜੀਵਨ ਹੰਢਾ ਕੇ ਗਿਆ , ਜਿਵੇਂ ਵੱਡਾ ਜੀਵਨ ਵੱਡੇ ਹੌਸਲੇਂ ਦੀ ਮੰਗ ਕਰਦਾ ਹੈ । ਉਸ ਕੋਲ ਵੱਡਾ ਹੌਸਲਾ ਸੀ , ਉਹ ਤੇਜ਼ ਦੌੜਦਾ ਹੋਇਆ ਵੀ , ਆਪਣੇ ਅੰਦਰ ਠਹਿਰਿਆ ਹੋਇਆ ਸੀ । ਵੱਡਾ ਸਾਹਸ ਵੱਡੀ ਤਲਬ ਦੀ ਮੰਗ ਕਰਦਾ ਹੈ , ਇਹ ਸਭ ਕੁਝ ਉਸ ਕੋਲ ਸੀ ।
ਉਸ ਦੀ ਕਹਾਣੀ ਭਾਸ਼ਾ ਦਾ ਕਰਤਬ ਨਹੀਂ ਸੀ , ਜੀਵਨ ਦੇ ਕਰਤਬ ਦੀ ਭਾਸ਼ਾ ਸੀ । ਉਸ ਨੇ ਮਿਥਿਹਾਸ ਨੂੰ ਲੈ ਕੇ ਆਪਣੀਆਂ ਕਹਾਣੀਆਂ ਚ ਇਤਿਹਾਸ ਰਚਿਆ । ਉਹ ਆਪਣੀ ਟੇਡ ਚ ਸਾਰੀ ਉਮਰ ਸਿੱਧਾ ਖੜਾ ਰਿਹਾ । ਉਹ ਆਪਣੇ ਸੁਹਜ / ਸਹਿਜ ਨੂੰ ਜਿਊਦਾ ਰੱਖਣ ਲਈ , ਆਪਣੇ ਆਪ ਨਾਲ ਥੋੜਾ ਥੋੜਾ ਫਰੇਬ ਵੀ ਕਰਦਾ ਰਿਹਾ ।
ਪ੍ਰੇਮ ਪ੍ਰਕਾਸ਼ ਨੇ ਲਕੀਰ ਲਈ ਮੇਰੇ ਕੋਲੋਂ ਕਵਿਤਾਵਾਂ ਮੰਗੀਆਂ , ਮੈਂ ਕਹਾਣੀ ਭੇਜ ਦਿੱਤੀ , ਪਾਪਾ ਮਾਈਕਲ ਕਿੱਥੇ ਹੈ ! ਇਹ 1993 , ਚ ਛਪੀ । ਪ੍ਰੇਮ ਹੁਰੀਂ ਮੈਂ , ਆਸੀ ਤੇ ਜਗਜੀਤ , ਕਦੇ ਜਲੰਧਰ , ਬਿਆਸ ਤੇ ਕਦੇ ਢਿਲਵਾਂ ਮਿਲਦੇ ਰਹੇ । ਉਹ ਆਸੀ ਤੇ ਮੇਰੇ ਸੁਆਲਾਂ ਦਾ ਰੱਜ ਕੇ ਸੁਆਦ ਲੈਂਦਾ ਸੀ । ਅੱਜ ਉਹ ਸੁਆਦ ਮਰ ਗਿਆ ।
ਅੱਜ ਜਦੋਂ ਅੰਤਿਮ ਸੰਸਕਾਰ ਮੌਕੇ ਪ੍ਰੇਮ ਪ੍ਰਕਾਸ਼ ਨੂੰ ਅਗਨੀ ਛਹਾਉਣ ਲੱਗੇ ਤਾਂ ਉਹ ਅੱਗ ਨੂੰ ਭਬੱਕੇ ਵਾਂਗੂੰ ਪਿਆ , ਅੱਗ ਨੂੰ ਲੱਗ ਗਿਆ , ਅੱਗ ਮੱਚ ਉੱਠੀ।
ਇਸ ਮੌਕੇ ਵਰਿਆਮ ਸੰਧੂ, ਭਗਵੰਤ ਰਸੂਲਪੁਰੀ, ਬਲਬੀਰ ਪਰਵਾਨਾ , ਜਸਵੰਤ ਦੀਦ, ਸਤਨਾਮ ਮਾਣਕ , ਦਰਸ਼ਨ ਬੁੱਟਰ, ਸ਼ੁਸ਼ੀਲ ਦੁਸਾਂਝ, , ਜਿੰਦਰ , ਸੁਖਪਾਲ ਥਿੰਦ , ਮੱਖਣ ਕੁਹਾੜ , ਡਾਕਟਰ ਕਰਮਜੀਤ , ਸ਼ੈਲਿੰਦਰਜੀਤ ਰਾਜਨ , ਡਾਕਟਰ ਪਰਮਜੀਤ ਬਾਠ , ਹਰਪਾਲ ਨਾਗਰਾ , ਦੀਪ ਦਵਿੰਦਰ , ਗੁਰਮੀਤ ਬਾਜਵਾ , ਬਿੰਦਰ ਬਸਰਾ , ਡਾਕਟਰ ਗੋਪਾਲ ਬੁੱਟਰ , ਡਾ. ਲਖਵਿੰਦਰ ਜੌਹਲ , ਡਾ. ਉਮਿੰਦਰ ਜੌਹਲ ਤੇ ਹੋਰ ਸਾਰੇ ਦੋਸਤ ਅੱਗ ਨੂੰ ਵੇਖਦੇ ਹੀ ਰਹਿ ਗਏ। ਪ੍ਰੇਮ ਪ੍ਰਕਾਸ਼ ਸੂਰਜ ਮੰਦਿਰ ਦੀਆਂ ਪੌੜੀਆਂ ਚੜ ਗਿਆ …