ਬਰੇਂਪਟਨ , 30 ਮਾਰਚ ( ਰਮਿੰਦਰ ਵਾਲੀਆ )-ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਸ. ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ।ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਜੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮਾਡਰੇਟਰ ਪ੍ਰੋਫੈਸਰ ਕੁਲਜੀਤ ਕੌਰ ਨੇ ਮਲੂਕ ਸਿੰਘ ਕਾਹਲੋਂ ਜੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਉਹਨਾਂ ਦੀ ਵਿਸ਼ੇਸ਼ ਗੱਲਬਾਤ ਰਾਹੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ।
ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਹੋਇਆਂ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਦੱਸਦਿਆਂ ਕਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਕੀਤੇ ਜਾ ਰਹੇ ਸਾਹਿਤਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਤੇ ਮਲੂਕ ਸਿੰਘ ਕਾਹਲੋਂ ਜੀ ਦੇ ਨਿੱਗਰ ਯੋਗਦਾਨ ਦਾ ਜ਼ਿਕਰ ਕੀਤਾ। ਰਿੰਟੂ ਭਾਟੀਆ ਤੋਂ ਬਾਅਦ ਚੇਅਰ ਪਰਸਨ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੇ ਮਲੂਕ ਸਿੰਘ ਕਾਹਲੋ ਜੀ ਤੇ ਹੋਰ ਦਰਸ਼ਕਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਇਸ ਸਮੁੱਚੇ ਪ੍ਰੋਗਰਾਮ ਦੇ ਬਾਰੇ ਆਪਣੇ ਟਿੱਪਣੀਆਂ ਕਰਦਿਆਂ ਹੋਇਆ ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੀ ਟੀਮ ਨੂੰ ਉਤਸਾਹਿਤ ਕੀਤਾ। ਉਹਨਾਂ ਨੇ ਵਰਤਮਾਨ ਸਮੇਂ ਸਾਹਿਤਿਕ ਹਸਤੀਆਂ ਨੂੰ ਆਪਣੇ ਫਰਜ਼ ਪਛਾਣਨ ਲਈ ਪ੍ਰੇਰਿਆ ਤੇ ਮਨੁੱਖਤਾ ਅਤੇ ਪ੍ਰਕਿਰਤੀ ਦੇ ਬਚਾਅ ਲਈ ਆਪਣੀ ਲੇਖਣੀ ਨਾਲ ਅਤੇ ਆਪਣੇ ਅਮਲਾਂ ਨਾਲ ਅੱਗੇ ਆਉਣ ਲਈ ਪ੍ਰੇਰਿਤ ਕੀਤਾ ।ਉਹਨਾਂ ਨੇ ਵਿਸ਼ਵ ਪੱਧਰ ਤੇ ਲੇਖਕ ਸਮਾਜ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਵੀ ਖੁੱਲ ਕੇ ਗੱਲ ਕੀਤੀ ।ਉਹਨਾਂ ਨੇ ਮਲੂਕ ਸਿੰਘ ਕਾਹਲੋ ਜੀ ਦੀ ਪੰਜਾਬੀ ਸਾਹਿਤ ਅਤੇ ਕਨੇਡੀਅਨ ਪੰਜਾਬੀ ਸਾਹਿਤ ਸਭਾ ਨੂੰ ਦਿੱਤੇ ਯੋਗਦਾਨ ਲਈ ਸ਼ੁਲਾਘਾ ਕੀਤੀ ।ਇਸ ਉਪਰੰਤ ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਸੰਘਾ ਜੀ ਨੇ ਮਲੂਕ ਸਿੰਘ ਕਾਹਲੋ ਜੀ ਦੀ ਸ਼ਖਸੀਅਤ ਤੋਂ ਵਾਕਿਫ਼ ਕਰਾਉਂਦਿਆਂ ਹੋਇਆਂ ਉਹਨਾਂ ਨੂੰ ਮਿਹਨਤ ਦੀ ਉੱਦਮੀ ਅਤੇ ਲਗਨ ਵਾਲੇ ਲੇਖਕ ਦੱਸਿਆ ਤੇ ਇੱਕ ਵਧੀਆ ਇਨਸਾਨ ਦੇ ਤੌਰ ਤੇ ਵੀ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਸਾਰਿਆਂ ਦੇ ਯੋਗ ਅਗਵਾਈ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਆਪਣੇ ਥੋੜਾ ਸਮਾਂ ਸਿਹਤ ਦੀ ਖਰਾਬੀ ਦੇ ਬਾਵਜੂਦ ਵੀ ਉਹਨਾਂ ਦਾ ਉਤਸ਼ਾਹ ਕਦੇ ਘੱਟ ਨਜ਼ਰ ਨਹੀਂ ਆਇਆ ਤੇ ਲਗਾਤਾਰ ਸਾਹਿਤ ਸਭਾ ਰਾਹੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਲੱਗੇ ਰਹਿੰਦੇ ਹਨ ।ਪ੍ਰੋਫੈਸਰ ਕੁਲਜੀਤ ਕੌਰ ਨੇ ਮਲੂਕ ਸਿੰਘ ਕਾਹਲੋਂ ਜੀ ਨੂੰ ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਮੁਸ਼ਕਿਲਾਂ, ਪ੍ਰਾਪਤੀਆਂ ਤੇ ਸਫਲਤਾਵਾਂ ਬਾਰੇ ਸਵਾਲ ਕੀਤੇ ਜਿਨਾਂ ਦਾ ਮਲੂਕ ਸਿੰਘ ਕਾਹਲੋਂ ਜੀ ਨੇ ਬੜੀ ਬਾਖੂਬੀ ਤੇ ਬੜੇ ਹੀ ਸਹਿਜਤਾ ਨਾਲ ਜਵਾਬ ਦਿੱਤਾ। ਉਹਨਾਂ ਨੇ ਆਪਣੇ ਬਚਪਨ ਤੋਂ ਜਾਣੂ ਕਰਾਉਂਦਿਆਂ ਮਾਂ ਦੀ ਮੌਤ ਤੋਂ ਬਾਅਦ ਪਿਤਾ ਦੁਆਰਾ ਉਹਨਾਂ ਨੂੰ ਨਰੋਈ ਸੋਚ ਅਪਣਾਉਣ ,ਸਮਾਜ ਸੇਵਾ ਕਰਨ ,ਸਾਹਿਤਿਕ ਪੁਸਤਕਾਂ ਪੜਨ ਦੀ ਪ੍ਰੇਰਨਾ ਨੂੰ ਆਪਣੇ ਜੀਵਨ ਦਾ ਮਾਰਗਦਰਸ਼ਨ ਦੱਸਿਆ। ਉਹਨਾਂ ਨੇ ਆਪਣੇ ਭਰਾਵਾਂ ਡਾਕਟਰ ਅਨੂਪ ਸਿੰਘ ( ਸੇਵਾ ਮੁਕਤ ਅਧਿਆਪਕ ਤੇ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ)ਅਤੇ ਦੂਸਰੇ ਭਰਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਚੀਫ਼ ਸੈਕਟਰੀ ਵੱਜੋਂ ਆਪਣੀਆਂ ਸੇਵਾਵਾਂ ਦੇ ਕੇ ਸੇਵਾ ਮੁਕਤ ਹਨ ਉਹਨਾਂ ਦੋਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਆਪਣੀ ਪਤਨੀ ਵੱਲੋਂ ਦਿੱਤੇ ਹੌਸਲੇ ਦੇ ਉਤਸ਼ਾਹ ਤੇ ਬੱਚਿਆਂ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਵੀ ਆਪਣੇ ਲਈ ਲਾਹੇਵੰਦ ਦੱਸਿਆ। ਉਹਨਾਂ ਨੇ ਆਪਣੀਆਂ ਤਿੰਨ ਪੁਸਤਕਾਂ “ ਲੋਕ ਵੇਦਨਾ , ਵਿਰਸੇ ਦੇ ਵਾਰਿਸ ਅਤੇ ਕੂਕ ਫਕੀਰਾ ਕੂਕ “ਬਾਰੇ ਜ਼ਿਕਰ ਕੀਤਾ ਤੇ ਕਨੇਡਾ ਵਿੱਚ ਆ ਕੇ ਕਾਫਲਾ ਸਾਹਿਤ ਸਭਾ ਤੇ ਪੰਜਾਬੀ ਕਨੇਡੀਅਨ ਪੰਜਾਬੀ ਸਾਹਿਤ ਸਭਾ ਨਾਲ ਜੁੜਨ ਦਾ ਆਪਣਾ ਮਕਸਦ ਵੀ ਸਪਸ਼ਟ ਕੀਤਾ ।ਉਹਨਾਂ ਨੇ ਦੱਸਿਆ ਕਿ ਚਾਹੇ ਉਹਨਾਂ ਨੂੰ ਲਿਖਣ ਤੇ ਪੁਸਤਕਾਂ ਪੜਨ ਦੀ ਲਗਨ ਪੰਜਾਬ ਵਿੱਚ ਬੈਂਕ ਮੈਨੇਜਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੰਦਿਆਂ ਲੱਗ ਗਈ ਸੀ ਪਰ ਕਨੇਡਾ ਆਉਣ ਤੋਂ ਬਾਅਦ 2011 ਵਿੱਚ ਉਹਨਾਂ ਨੇ ਕਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਸੁਪਨਾ ਲਿਆ ਤੇ ਉਸ ਵਿੱਚ ਉਹਨਾਂ ਦਾ ਸਾਥ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਦਿੱਤਾ ਜਿਹੜੀਆਂ ਸਾਹਿਤ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਨੇ ਆਪਣੀ ਅਗਾਂਹ ਵਧੂ ਸੋਚ ਬਾਰੇ ਦੱਸਿਆ ਕਿ ਉਹ ਭਾਰਤ ਵਿੱਚ ਰਹਿੰਦਿਆਂ ਹੋਇਆ ਵੀ ਬਹੁਤ ਸਾਰੀਆਂ ਅਜਿਹੀਆਂ ਜਥੇਬੰਦੀਆਂ ਨਾਲ ਜੁੜੇ ਸਨ ਜਿਹੜੀਆਂ ਸਮਾਜ ਲਈ ਬੇਹਤਰ ਕਰਨਾ ਚਾਹੁੰਦੀਆਂ ਹਨ। ਉਹ ਆਪਣੀ ਬੈਂਕ ਨਾਲ ਸੰਬੰਧਿਤ ਇੱਕ ਜਥੇਬੰਦੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਅਹੁਦੇਦਾਰ ਦੇ ਤੌਰ ਤੇ ਭੂਮਿਕਾ ਨਿਭਾਈ। ਉਹਨਾਂ ਦੀ ਕਾਵਿ ਰਚਨਾ ਵਿੱਚ ਜਿੱਥੇ ਚਿੰਤਨ ਚੇਤਨਾ ਤੇ ਪ੍ਰਗਤੀਵਾਦੀ ਵਿਚਾਰਾਂ ਦਾ ਪ੍ਰਗਟਾਵਾ ਹੈ ਉਥੇ ਉਹ ਕਹਿੰਦੇ ਹਨ ਕਿ ਨਾਬਰੀ ਦੇ ਖਿਲਾਫ ਜੁਰਮ ਤੇ ਜਬਰ ਦੇ ਖਿਲਾਫ ਮਨੁੱਖ ਨੂੰ ਆਪਣੀ ਬਣਦੀ ਆਵਾਜ਼ ਉਠਾਉਣੀ ਚਾਹੀਦੀ ਹੈ ਚਾਹੇ ਉਹ ਸਾਹਿਤ ਦੇ ਜ਼ਰੀਏ ਹੋਵੇ ਤੇ ਚਾਹੇ ਸਮਾਜ ਸੇਵਾ ਦੇ ਜ਼ਰੀਏ ਹੋਵੇ ।ਉਹ ਉਹਨਾਂ ਸਾਰੀਆਂ ਸਥਾਪਿਤ ਕਦਰਾਂ ਕੀਮਤਾਂ ਦਾ ਵਿਰੋਧ ਕਰਦੇ ਹਨ ਜਿਹੜੀਆਂ ਮਨੁੱਖ ਨੂੰ ਖਤਰੇ ਚ ਪਾਉਂਦੀਆਂ ਹਨ ਤੇ ਜਿਹੜੀਆਂ ਕੇਵਲ ਕੁਝ ਲੋਕਾਂ ਦੇ ਹਿੱਤਾਂ ਵਾਸਤੇ ਹੀ ਹੁੰਦੀਆਂ ਹਨ ।ਉਹਨਾਂ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਵਿੱਚ ਸਾਹਿਤ ਨਾਲ ਜੁੜੇ ਰਹਿਣਾ ਤੇ ਜਿੰਨਾ ਵੀ ਸਮਾਂ ਉਹਨਾਂ ਕੋਲ ਵਿਹਲ ਹੋਵੇ ਉਹ ਕਨੇਡੀਅਨ ਪੰਜਾਬੀ ਸਾਹਿਤ ਸਭਾ ਤੇ ਹੋਰ ਸਭਾਵਾਂ ਦੇ ਵਿੱਚ ਆਪਣੇ ਸ਼ਿਰਕਤ ਕਰਕੇ ਸਾਹਿਤ ਰਚਨਾ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਸਮਾਂ ਦੇਣ ਦੀ ਗੱਲ ਕੀਤੀ ।ਸ. ਮਲੂਕ ਸਿੰਘ ਕਾਹਲੋਂ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ ਜਿਨ੍ਹਾਂ ਦਾ ਸਭ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ।
ਸ੍ਰੀ ਤਲਵਿੰਦਰ ਮੰਡ, ਡਾ . ਹਰਕੰਵਲ ਕੋਰਪਾਲ ਜੀ , ਸ੍ਰੀ ਜੱਸੀ ਭੁੱਲਰ ਨੇ ਵੀ ਮਲੂਕ ਸਿੰਘ ਕਾਹਲੋਂ ਜੀ ਦੁਆਰਾ ਦਿੱਤੇ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਹਨਾਂ ਦੁਆਰਾ ਕੀਤੇ ਗਏ ਸਾਹਿਤਿਕ ਕਾਰਜਾਂ ਨੂੰ ਬਹੁਤ ਮੁੱਲਵਾਨ ਦੱਸਿਆ ਇੱਕ ਸੁਹਿਰਦ ਇਨਸਾਨ ਦੇ ਤੌਰ ਤੇ ਮਲੂਕ ਸਿੰਘ ਕਾਹਲੋਂ ਜੀ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਰੋਲ ਵੀ ਉਹਨਾਂ ਨੇ ਦੱਸਿਆ ।
ਉਪਰੰਤ ਡਾਕਟਰ ਬਲਜੀਤ ਕੌਰ ਰਿਆੜ ਨੇ ਜੋ ਕਨਵੀਨਰ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਨੇ ਮਲੂਕ ਸਿੰਘ ਕਾਹਲੋਂ ਜੀ ਦੀ ਸ਼ਖਸੀਅਤ ਤੋਂ ਪ੍ਰੇਰਨਾ ਲੈਣ ਲਈ ਗੱਲ ਕੀਤੀ ਗੱਲ ਆਖੀ ਤੇ ਨਾਲ ਹੀ ਉਹਨਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਵੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਵਾਲੀ ਸ਼ਖਸੀਅਤ ਦੇ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀਆਂ ਰਚਨਾਵਾਂ ਨੂੰ ਸਮਾਜ ਦੇ ਅਗਾਹ ਵਧੂ ਦੌਰ ਵਾਸਤੇ ਲਾਹੇਵੰਦ ਦੱਸਿਆ ।
ਅੰਤ ਵਿੱਚ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੇ ਪ੍ਰੋਗਰਾਮ ਦਾ ਸਮਾਪਨ ਕਰਦਿਆਂ ਸਮੁੱਚੇ ਪ੍ਰੋਗਰਾਮ ਪ੍ਰਤੀ ਆਪਣੇ ਪ੍ਰਭਾਵ ਦਿੱਤੇ ਤੇ ਉਹਨਾਂ ਨੇ ਮਲੂਕ ਸਿੰਘ ਕਾਹਲੋਂ ਜੀ ਦਾ ਇਸ ਪ੍ਰੋਗਰਾਮ ਵਿੱਚ ਆਉਣਾ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਲਈ ਇੱਕ ਬਹੁਤ ਹੀ ਸ਼ੁੱਭ ਕਦਮ ਦੱਸਿਆ ਤੇ ਇਹ ਵੀ ਕਿਹਾ ਕਿ ਕਾਹਲੋਂ ਜੀ ਹਰ ਗੱਲ ਨੂੰ ਬੇਬਾਕੀ ਨਾਲ ਕਰਨ ਦੀ ਹਿੰਮਤ ਰੱਖਦੇ ਹਨ ਤੇ ਇਹ ਬੇਬਾਕੀ ਉਹਨਾਂ ਦੀਆਂ ਕਵਿਤਾਵਾਂ ਵਿੱਚ ਵੀ ਝਲਕਦੀ ਦਿਖਾਈ ਦਿੰਦੀ ਹੈ । ਉਹਨਾਂ ਇਹ ਵੀ ਕਿਹਾ ਕਿ ਸ . ਮਲੂਕ ਸਿੰਘ ਕਾਹਲੋਂ ਜੀ ਡਸਿਪਲਨ ਦੇ ਬਹੁਤ ਪਾਬੰਧ ਹਨ । ਇਹ ਬਹੁਤ ਅੱਛੀ ਗੱਲ ਹੈ । ਕਾਹਲੋਂ ਸਾਹਿਬ ਹਮੇਸ਼ਾਂ ਲੋਕ ਪੱਖੀ ਗੱਲ ਕਰਦੇ ਹਨ । ਪ੍ਰਸਿੱਧ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਦੇ ਸਵਰਗਵਾਸ ਤੇ ਉਹਨਾਂ ਨੂੰ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੇ ਵੱਲੋਂ ਸ਼ਰਧਾਂਜਲੀ ਅਰਪਣ ਕੀਤੀ ਤੇ ਨਾਲ ਹੀ ਇਸ ਪ੍ਰੋਗਰਾਮ ਪ੍ਰਤੀ ਆਪਣੇ ਕੁਝ ਸਾਰਥਕ ਪ੍ਰਭਾਵ ਵੀ ਦੱਸੇ। ਸ . ਪਿਆਰਾ ਸਿੰਘ ਨੇ ਆਏ ਹੋਏ ਸੱਭ ਮਹਿਮਾਨਾਂ ਦਾ ਅੰਤ ਵਿੱਚ ਧੰਨਵਾਦ ਵੀ ਕੀਤਾ । ਰਮਿੰਦਰ ਰੰਮੀ ਜੀ ਨੇ ਅੰਤ ਵਿੱਚ ਇੱਕ ਵਾਰ ਫਿਰ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕਰਦਿਆਂ ਕਿਹਾ “ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਾ ਸਮਾਏ “। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਭਾਗ ਲਿਆ ਤੇ ਕੁਮੈਂਟ ਬਾਕਸ ਵਿੱਚ ਬਹੁਤ ਮੁਲਵਾਨ ਟਿੱਪਣੀਆਂ ਕੀਤੀਆਂ। ਮੀਟਿੰਗ ਦੀ ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਰਮਿੰਦਰ ਰੰਮੀ ਨੇ ਦੱਸਿਆ ਕਿ ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਤੇ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ । ਦਰਸ਼ਕਾਂ ਨੂੰ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ । ਧੰਨਵਾਦ ਸਹਿਤ ।