ਕੁਲਜੀਤ ਮਾਨ ਨਾਲ ਗੱਲਬਾਤ ਅਤੇ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਕਵੀ ਦਰਬਾਰ-
ਬਰੈਂਪਟਨ:- (ਰਛਪਾਲ ਕੌਰ ਗਿੱਲ) ਮਾਰਚ 29, ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਹੀਨੇਵਾਰ ਮੀਟਿੰਗ ਦੌਰਾਨ ਹਰਮਿੰਦਰ ਢਿੱਲੋਂ ਦਾ ਪਲੇਠਾ ਕਾਵਿ ਸੰਗ੍ਰਹਿ “ਚਾਹ ਵੇਲਾ” ਰਲੀਜ਼ ਕੀਤਾ ਗਿਆ, ਸਾਹਿਤਕ ਅਦਾਰਿਆਂ ਵਿੱਚ ਜਾਣੇ ਪਹਿਚਾਣੇ ਲੇਖਕ ਕੁਲਜੀਤ ਮਾਨ ਨਾਲ ਗੱਲ ਬਾਤ ਹੋਈ ਅਤੇ ਕ੍ਰਿਸ਼ਨ ਭਨੋਟ ਜੀ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ।
ਕਾਫ਼ਲੇ ਦੇ ਮੁੰਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਸਟੇਜ ਸੰਭਾਲਦਿਆਂ ਸਦੀਵੀ ਵਿੱਛੜ ਚੁੱਕੇ ਸਾਹਿਤਕਾਰ ਕ੍ਰਿਸ਼ਨ ਭਨੋਟ, ਹਰਜੀਤ ਦੌਧਰੀਆ ਅਤੇ ਕਲਾਕਾਰ ਜਰਨੈਲ ਸਿੰਘ ਆਰਟਿਸਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਾਫ਼ਲੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਉਸ ਤੋਂ ਬਾਅਦ ਹਰਮਿੰਦਰ ਢਿੱਲੋਂ ਦਾ ਪਲੇਠਾ ਕਾਵਿ ਸੰਗ੍ਰਹਿ “ਚਾਹ ਵੇਲਾ” ਰਲੀਜ਼ ਕੀਤਾ ਗਿਆ। ਹਰਮਿੰਦਰ ਢਿੱਲੋਂ ਬਾਰੇ ਜਾਣਕਾਰੀ ਦੇਂਦਿਆ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਹਰਮਿੰਦਰ ਢਿੱਲੋਂ ਕਿਤੇ ਵਜੋਂ ਵਕੀਲ ਹਨ ਪਰ ਮੂਲ ਰੂਪ ਵਿੱਚ ਇਹ ਸ਼ਾਇਰ ਹਨ। ‘ਪੰਜਪਾਣੀ’ ਅਖ਼ਬਾਰ ਸ਼ੁਰੂ ਕਰਨ ਵਿੱਚ ਵੀ ਹਰਮਿੰਦਰ ਢਿੱਲੋਂ ਦਾ ਕਾਫ਼ੀ ਯੋਗਦਾਨ ਸੀ। ਹਰਮਿੰਦਰ ਢਿੱਲੋਂ ਦੀ ਕਵਿਤਾ ਬਾਰੇ ਗੱਲ ਕਰਦਿਆਂ ਕੁਲਵਿੰਦਰ ਨੇ ਕੁਝ ਕੁ ਕਵਿਤਾਵਾਂ ਦਾ ਹਵਾਲਾ ਦੇਂਦਿਆ ਕਿਹਾ ਕਿ ਹਰਮਿੰਦਰ ਕੋਲ ਸਹਿਜ ਸੁਭਾ ਗੱਲ ਕਹਿਣ ਦੀ ਕਲਾ ਹੈ, ਉਸਦੀ ਕਵਿਤਾ ਜੋ ਕੁਦਰਤ ਨਾਲੋਂ ਟੁੱਟ ਚੁੱਕੇ ਆਦਮੀ ਨੂੰ ਆਵਾਜ਼ ਮਾਰਦੀ ਹੋਈ ਕਵਿਤਾ ਹੈ। ਉਨ੍ਹਾਂ ਕਿਹਾ ਕਿ ਹਰਮਿੰਦਰ ਕਵਿਤਾ ਵਿੱਚ ਯਥਾਰਥਵਾਦ, ਰੋਮਾਂਸਵਾਦ ਅਤੇ ਸਾਹਿਤ ਦੀਆਂ ਹੋਰ ਕਈ ਵੰਨਗੀਆਂ ਵੇਖਣ ਨੂੰ ਮਿਲ਼ਦੀਆਂ ਹਨ; ਖਾਸ ਤੌਰ `ਤੇ ਉਸ ਦੀਆਂ ਅਨੇਕਾਂ ਕਵਿਤਾਵਾਂ ਵਿੱਚ ਕੁਦਰਤ ਨਾਲ ਪਿਆਰ ਦੀ ਗੱਲ ਕੀਤੀ ਗਈ ਹੈ।
ਨੀਰੂ ਅਸੀਮ ਨੇ ਹਰਮਿੰਦਰ ਢਿੱਲੋਂ ਦੇ ਕਾਵਿ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰਮਿੰਦਰ ਢਿੱਲੋਂ ਦੀਆਂ ਕਵਿਤਾਵਾਂ ਕਿਤਾਬੀ ਰੂਪ ਵਿੱਚ ਭਾਵੇਂ ਹੁਣ ਆਈਆਂ ਹਨ ਪਰ ਇਹ ਮੁੱਦਤ ਪਹਿਲਾਂ ਲਿਖੀਆਂ ਗਈਆਂ ਹਨ ਅਤੇ ਕਲਾਤਮਿਕ ਤਰਾਂ ਦੀਆਂ ਕਵਿਤਾਵਾਂ ਹਨ। ਨੀਰੂ ਅਸੀਮ ਨੇ ਕਿਤਾਬ ਦੀਆਂ ਕੁਝ ਕੁ ਕਵਿਤਾਵਾਂ ਜਿਵੇਂ ਮਰਨ ਸੂਚੀ, ਬੌਣੇ ਬੌਣੇ ਆਦਿ ਸਾਂਝੀਆਂ ਕੀਤੀਆਂ।
ਜਸਵੀਰ ਸਿੰਘ ਸ਼ਮੀਲ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਅਸੀਂ ਕਿਤਾਬ ਦਾ ਵਿਸ਼ਲੇਸ਼ਨ ਨਹੀਂ ਕਰ ਰਹੇ, ਕਿਤਾਬ ਨੂੰ ਜੀ ਆਇਆਂ ਕਹਿ ਰਹੇ ਹਾਂ, ਉਸਨੇ ਦੱਸਿਆ ਕਿ ਹਰਮਿੰਦਰ ਢਿੱਲੋਂ ਨੇ ਇੰਜਨੀਰਿੰਗ ਕੀਤੀ ਹੋਈ ਹੈ ਅਤੇ ਹੁਣ ਵਕੀਲ ਹਨ। ਇਹ ਕਵਿਤਾ ਤੋਂ ਦੂਰ ਦੀਆਂ ਗੱਲਾਂ ਹਨ ਪਰ ਫਿਰ ਵੀ ਇਸਨੇ ਕਵਿਤਾ ਨੂੰ ਬਚਾ ਕੇ ਰੱਖਿਆ ਹੋਇਆ ਹੈ। ਸ਼ਮੀਲ ਨੇ ‘ਚਾਹ ਵੇਲਾ’ ਹਰਮਿੰਦਰ ਦੀ ਕਵਿਤਾ ਦੀ ਪ੍ਰੀਭਾਸ਼ਾ ਦੱਸਦਿਆਂ ਕਿਹਾ ਕਿ ‘ਚਾਹ ਵੇਲਾ’ ਸੇਵਾ ਮੁਕਤ ਬੰਦੇ ਦੀ ਮਨੋਬਿਰਤੀ ਬਾਰੇ ਕਵਿਤਾ ਹੈ। ਇਸੇ ਤਰ੍ਹਾਂ ਕੁਝ ਹੋਰ ਕਵਿਤਾਵਾਂ ਦਾ ਹਵਾਲਾ ਦੇਂਦਿਆ ਸ਼ਮੀਲ ਨੇ ਕਿਤਾਬ ਨੂੰ ਜੀ ਆਇਆਂ ਆਖਿਆ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਨਾਹਰ ਸਿੰਘ ਨੇ ਕਿਤਾਬ ਨੂੰ ਜੀ ਆਇਆਂ ਆਖਿਆ।
ਉਸਤੋਂ ਬਾਅਦ ਹਰਮਿੰਦਰ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਣੀ ਕਵਿਤਾ ਬਾਰੇ ਬੋਲਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਕਵਿਤਾ ਓਨਾ ਚਿਰ ਹੀ ਕਵੀ ਦੀ ਹੁੰਦੀ ਜਿੰਨਾ ਚਿਰ ਛਪ ਕੇ ਪਾਠਕਾਂ ਤੱਕ ਨਹੀਂ ਜਾਂਦੀ। ਮੇਰੀ ਕਵਿਤਾ ਕੋਈ ਵਿਚਾਰਧਾਰਾ ਨਹੀਂ, ਇਸਦਾ ਹਰ ਕੋਨਾ, ਹਰ ਸਮਝ ਮੇਰੀ ਆਪਣੀ ਹੈ। ਹਰਮਿੰਦਰ ਢਿਲੋਂ ਨੇ ਕਿਹਾ ਕਿ ਪੰਜਾਬੀ ਕਵੀ ਪਿਆਰ ਦੀ ਗੱਲ ਕਰਨ ਤੋਂ ਝਿਜਕਦਾ ਹੈ ਜਦ ਕਿ ਪਿਆਰ ਇਨਸਾਨ ਦੀ ਲੋੜ ਹੈ। ਜਿਸਦੇ ਜਵਾਬ ਵਿੱਚ ਜਸਵਿੰਦਰ ਸੰਧੂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਬਹੁਤੀ ਕਵਿਤਾ ਪਿਆਰ ਬਾਰੇ ਲਿਖੀ ਗਈ ਹੈ ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾ ਆਦਿ। ਹਰਮਿੰਦਰ ਢਿੱਲੋਂ ਨੇ ਆਪਣੀ ਕਿਤਾਬ ਵਿੱਚੋਂ ਕੁਝ ਕੁ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ।
ਮੀਟਿੰਗ ਦੇ ਦੂਸਰੇ ਹਿੱਸੇ ਵਿੱਚ ਪੰਜਾਬੀ ਦੇ ਜਾਣੇ-ਪਹਿਚਾਣੇ ਲੇਖਕ ਕੁਲਜੀਤ ਮਾਨ ਨੇ ਆਪਣੇ ਨਿੱਜੀ ਜੀਵਨ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਹਨ ਅਤੇ 25,26 ਸਾਲਾਂ ਤੋਂ ਲਿਖਦਾ ਆ ਰਿਹਾ ਹੈ। ਉਸਨੇ ਕਿਹਾ ਕਿ ਉਸਨੂੰ ਬਾਪ ਵੱਲੋਂ ਮਿਲੇ ਸੁਰੱਖਿਆ ਕਵਚ (over protection) ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚ ਉਨ੍ਹਾਂ ਦਾ ਆਪਣੀ ਮਰਜੀ ਨਾਲ਼ ਆਪਣੀ ਪੜ੍ਹਾਈ ਨਾ ਕਰ ਸਕਣਾ ਵੀ ਸਾਮਲ ਹੈ। ਆਪਣੇ ਬਾਪ ਦੀ ਮਰਜ਼ੀ ਅਧੀਨ ਦੇਹਰਾਦੂਨ ਤੋਂ ਵਕਾਲਤ ਕਰਨ ਤੋਂ ਬਾਅਦ ਉਸਨੇ ਐਮ.ਏ. ਫਿਲਾਸਫ਼ੀ ਕੀਤੀ। ਉਸਨੇ ਦੱਸਿਆ ਕਿ ਉਸਨੇ ਹਮੇਸ਼ਾ ਦਿਮਾਗ ਤੋਂ ਨਹੀਂ ਦਿਲ ਤੋਂ ਕੰਮ ਲਿਆ ਹੈ। ਉਸਨੇ ਦੱਸਿਆ, “ਮੈਂ ਪਹਿਲੀ ਕਹਾਣੀ ਨੌਵੀ, ਦਸਵੀਂ ਵਿੱਚ ਪੜ੍ਹਦਿਆਂ ਲਿਖੀ ਸੀ ਜੋ ‘ਹਾਣੀ’ ਰਸਾਲੇ ਵਿੱਚ ਛਪੀ ਸੀ। ਜਿਸ ਤੇ ਮੇਰੇ ਪਿਉ ਨੇ ਨਰਾਜ਼ਗੀ ਪ੍ਰਗਟ ਕੀਤੀ ਸੀ ਤੇ ਮੇਰੀ ਲੇਖਣੀ ਰੁਕ ਗਈ। ਕੇਨੈਡਾ ਪਹੁੰਚ ਕੇ ਮੈਂ ਆਪਣੇ ਖਾਲੀਪਨ ਨੂੰ ਭਰਨ ਲਈ ਲਿਖਦਾ ਰਿਹਾ। ਕੇਨੈਡਾ ਆ ਕੇ ਮੇਰੀ ਪਹਿਲੀ ਕਹਾਣੀ ‘ਪੰਜ ਪਾਣੀ’ ਵਿੱਚ ਛਪੀ ਸੀ। ਉਸ ਸਮੇਂ ਮੇਰਾ ਸੰਪਰਕ ‘ਕਲਮਾਂ ਦਾ ਕਾਫ਼ਲਾ’ ਨਾਲ ਹੋਇਆ ਜਿੱਥੇ ਮੈਨੂੰ ਅਤੇ ਮੇਰੀ ਲਿਖਤ ਨੂੰ ਬਹੁਤ ਇੱਜ਼ਤ ਮਿਲੀ।”
ਇਸ ਤੋਂ ਬਾਅਦ ਭੁਪਿੰਦਰ ਦੂਲੇ ਨੇ ਕ੍ਰਿਸ਼ਨ ਭਨੋਟ ਅਤੇ ਜਰਨੈਲ ਸਿੰਘ ਆਰਟਿਸਟ ਬਾਰੇ ਵਿਥਤਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਹੋਇਆ, ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਗੀਰ ਸਿੰਘ ਕਾਹਲੋਂ ਨੇ ਹਰਜੀਤ ਦੌਧਰੀਆ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆ, ਦੱਸਿਆ ਕਿ ਉਹ ਅਜਮੇਰ ਰੋਡੇ ਨੂੰ ਪ੍ਹੜਾਉਂਦੇ ਰਹੇ ਹਨ।
ਕ੍ਰਿਸ਼ਨ ਭਨੋਟ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸੁਜਾਨ ਸਿੰਘ ਸੁਜਾਨ, ਪੰਜਾਬ ਸਿੰਘ ਕਾਹਲੋਂ, ਡਾ.ਜਗਦੀਸ਼ ਚੌਪੜਾ, ਮੁਰੀਦ ਸੰਧੂ, ਪ੍ਰਤੀਕ, ਪਰਮਜੀਤ ਦਿਓਲ, ਕਿਰਪਾਲ ਕੰਵਲ ਅਤੇ ਰਿੰਟੂ ਭਾਟੀਆ ਨੇ ਭਾਗ ਲਿਆ। ਇਸ ਤੋਂ ਇਲਾਵਾ ਕ੍ਰਿਪਾਲ ਸਿੰਘ ਪੰਨੂ, ਡਾ. ਗੁਰਚਰਨ ਸਿੰਘ, ਹਰਪਿੰਦਰ, ਜਗਦੀਪ ਸਿੰਘ, ਹਰਦਿਆਲ ਸਿੰਘ ਝੀਤਾ, ਸੁਰਜੀਤ ਸਿੰਘ ਹਾਂਸ, ਅੰਮ੍ਰਿਤ ਪ੍ਰਕਾਸ਼ ਸਿੰਘ ਢਿੱਲੋਂ, ਸੁੱਚਾ ਸਿੰਘ ਮਾਂਗਟ, ਕੁਲਜਿੰਦਰ ਸਿੰਘ, ਸੁਧੀਰ ਘਈ, ਗੁਰਕੀਰਤ ਸਿੰਘ, ਸ਼ੁਸ਼ਮਾ ਰਾਣੀ, ਵਾਸਦੇਵ ਕੁਰੇਦਾਂ ਤੇ ਪ੍ਰਭਜੋਤ ਰਠੌਰ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲੁਵਾਈ।
ਅਖੀਰ ਵਿੱਚ ਕਾਫ਼ਲਾ ਸੰਚਾਲਕ ਰਛਪਾਲ ਕੌਰ ਗਿੱਲ ਨੇ ਮੀਟਿੰਗ ਵਿੱਚ ਆਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਜਰਨੈਲ ਸਿੰਘ ਆਰਟਿਸਟ ਨੂੰ ਯਾਦ ਕਰਦਿਆਂ, ਸ਼ਰਧਾ ਦੇ ਫੁੱਲ ਭੇਟ ਕੀਤੇ।