ਭਾਰੀ ਗਿਣਤੀ ਵਿਚ ਸਮਰਥਕਾਂ ਦੀ ਮੌਜੂਦਗੀ ਵਿਚ ਚੋਣ ਦਫਤਰ ਦਾ ਉਦਘਾਟਨ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਮੈਕਨਾਈਟ ਤੋਂ ਕੰਸਰਵੇਟਿਵ ਉਮੀਦਵਾਰ ਦਲਵਿੰਦਰ ਗਿੱਲ ਦੀ ਚੋਣ ਮੁਹਿੰਮ ਲਈ ਚੋਣ ਦਫਤਰ ਦਾ ਉਦਘਾਟਨ ਯੂਨਿਟ 4130-5850-88 ਐਵਨਿਊ ਸਵਾਨਾ ਬਾਜ਼ਾਰ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਉਹਨਾਂ ਦੇ ਸਮਰਥਕ, ਵੋਟਰ ਤੇ ਵਲੰਟੀਅਰ ਹਾਜਰ ਸਨ। ਚੋਣ ਮੁਹਿੰਮ ਦੇ ਉਦਘਾਟਨ ਮੌਕੇ ਕੰਸਰਵੇਟਿਵ ਪਾਰਟੀ ਦੇ ਸੀਨੀਅਰ ਆਗੂ ਤੇ ਕੈਲਗਰੀ ਫਾਰੈਸਟ ਲਾਅਨ ਤੋਂ ਦੁਬਾਰਾ ਚੋਣ ਲੜ ਰਹੇ ਜਸਰਾਜ ਸਿੰਘ ਹੱਲਣ ਤੇ ਕੈਲਗਰੀ ਸਕਾਈਵਿਊ ਤੋਂ ਕੰਸਰਵੇਟਿਵ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਬੋਲਦਿਆਂ ਜਸਰਾਜ ਹੱਲਣ ਨੇ ਪਿਛਲੀ ਲਿਬਰਲ ਸਰਕਾਰ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਯਾਦ ਕਰਵਾਉਂਦਿਆਂ ਪਾਰਟੀ ਵਲੋਂ ਚਿਹਰਾ ਬਦਲਕੇ ਲੋਕਾਂ ਨੂੰ ਮੁੜ ਧੋਖਾ ਦੇਣ ਦੀਆਂ ਕੋਸ਼ਿਸ਼ਾਂ ਤੋ ਸੁਚੇਤ ਕੀਤਾ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਲਿਬਰਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਮੁਲਕ ਵਿਚ ਹਰ ਪਾਸੇ ਹਫੜਾ ਦਫੜਾ ਮੱਚੀ ਰਹੀ ਤੇ ਲੋਕ ਇਹ ਕਹਿਣ ਲਈ ਮਜ਼ਬੂਰ ਹੋ ਗਏ ਸਨ ਕਿ ਕੈਨੇਡਾ ਹੁਣ ਕੈਨੇਡਾ ਨਹੀ ਰਿਹਾ। ਉਹਨਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਅਤੇ ਪਾਰਟੀ ਆਗੂ ਪੀਅਰ ਪੋਲੀਅਰ ਦੀ ਅਗਵਾਈ ਹੇਠ ਹੀ ਮੁਲਕ ਨੁੂੰ ਇਕ ਮਜ਼ਬੂਤ ਤੇ ਚੰਗੇਰੀ ਸਰਕਾਰ ਸਮੇਂ ਦੀ ਮੰਗ ਹੈ। ਉਹਨਾਂ ਫੈਡਰਲ ਚੋਣਾਂ ਵਿਚ ਕੰਸਰਵੇਟਿਵ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਉਮੀਦਵਾਰ ਦਲਵਿੰਦਰ ਗਿੱਲ ਨੇ ਹਲਕੇ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਤੇ ਵਾਅਦਾ ਕੀਤਾ ਕਿ ਉਹ ਹਰ ਸਮੇਂ ਆਪਣੇ ਲੋਕਾਂ ਨਾਲ ਖੜਨਗੇ। ਇਸ ਮੌਕੇ ਕੈਲਗਰੀ ਸਕਾਈਵਿਊ ਤੋਂ ਕੰਸਰਵੇਟਿਵ ਉਮੀਦਵਾਰ ਅਮਨਪ੍ਰੀਤ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਐਮ ਐਲ ਏ ਦਵਿੰਦਰ ਤੂਰ, ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ ਤੇ ਇਲਾਕੇ ਦੀਆਂ ਹੋਰ ਉਘੀਆਂ ਹਸਤੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ ਜਿਹਨਾਂ ਨੇ ਕੰਸਰਵੇਟਿਵ ਪਾਰਟੀ ਤੇ ਉਮੀਦਵਾਰਾਂ ਨੂੰ ਹਰ ਤਰਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੱਤਾ।