ਲੁਧਿਆਣਾ ( ਦੇ ਪ੍ਰ ਬਿ)-
ਸਭਿਅਚਾਰਕ ਸੱਥ ਪੰਜਾਬ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਕਨੇਡਾ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਢਾਡੀ ਅਤੇ ਪ੍ਰਚਾਰਕ ਸਤਿੰਤਰਪਾਲ ਸਿੰਘ ਸਿਧਵਾਂ ਨੇ ਕਿਹਾ ਕਿ ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਫਿਰ ਮੁੜਕੇ ਆਵੇਗਾ ਅਤੇ ਲੋਕ ਢਾਡੀ , ਕਵੀਸ਼ਰੀ, ਕਲੀਆਂ ਅਤੇ ਲੋਕ ਗਾਥਾਵਾਂ ਸੁਣਿਆ ਕਰਨਗੇ । ਇਸ ਮੌਕੇ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਅਤੇ ਸਕੱਤਰ ਜਨਰਲ ਨਿਰਮਲ ਜੌੜਾ ਵੱਲੋਂ ਸਿੱਧਵਾਂ ਦਾ ਸਨਮਾਨ ਕੀਤਾ ਗਿਆ ਜਿਸ ਉਪਰੰਤ ਸਿੱਧਵਾਂ ਨੇ ਪਰੰਪਰਕ ਗਾਇਕੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਿੱਧਵਾਂ ਨੇ ਕਿਹਾ ਕੋਈ ਵੇਲਾ ਜਦੋਂ ਲੋਕ ਸੱਥਾਂ, ਧਰਮਸ਼ਾਲਾਵਾਂ, ਵਿਆਹਾਂ ਸ਼ਾਦੀਆਂ ਅਤੇ ਹੋਰ ਸਾਂਝੇ ਸਮਾਗਮਾਂ ਵਿੱਚ ਗੱਵਈਆਂ ਨੂੰ ਸਾਹਮਣੇ ਬੈਠਕੇ ਅਰਾਮ ਨਾਲ ਸੁਣਦੇ ਹੁੰਦੇ ਸੀ ਅਤੇ ਕਈ ਕਈ ਘੰਟੇ ਗਾਥਾਵਾਂ ਦੇ ਰੂਪ ਵਿੱਚ ਲੋਕ ਗਾਇਕੀ ਦਾ ਪ੍ਰਵਾਹ ਵਹਿੰਦਾ ਸੀ । ਉਹਨਾ ਕਿਹਾ ਬੇਸ਼ੱਕ ਸਮੇਂ ਦੀ ਤੇਜ਼ ਰਫਤਾਰ ਅਤੇ ਵਿਸ਼ਵ ਮੰਡੀਕਰਨ ਕਰਕੇ ਗਾਇਕੀ ਦਾ ਰੰਗਰੂਪ ਬਦਲ ਗਿਆ ਹੈ ਜਿਸ ਵਿੱਚ ਬਹੁਤ ਕੁਝ ਚੰਗਾ ਵੀ ਹੈ ਪਰ ਸਹਿਜਤਾ ਗੁਆਚ ਗਈ ਹੈ । ਸਿੱਧਵਾਂ ਨੇ ਵਿਸ਼ਵਾਸ ਅਤੇ ਪੂਰੀ ਆਸ ਨਾਲ ਕਿਹਾ ਕਿ ਉਹ ਸਮਾਂ ਮੁੜਕੇ ਆਵੇਗਾ ਅਸੀਂ ਸਹਿਜ ਵਾਲੀ ਪਰੰਪਰਕ ਗਾਇਕੀ ਦਾ ਅਨੰਦ ਮਾਨਣ ਲੱਗਾਂਗੇ।ਉਹਨਾ ਕਿਹਾ ਕਿ ਸਭਿਆਚਾਰਕ ਸੱਥ ਪੰਜਾਬ ਨੂੰ ਇਸ ਗੱਲ ਦਾ ਸੇਹਰਾ ਜਾਂਦਾ ਹੈ ਇਸਨੇ ਆਪਣੇ ਪ੍ਰੋਗਰਾਮਾਂ ਰਾਹੀਂ ਪੰਜਾਬੀ ਮੁਟਿਆਰਾ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਹਨ ।
ਸਵਾਗਤ ਕਰਦਿਆਂ ਜਸਮੇਰ ਸਿੰਘ ਢੱਟ ਨੇ ਕਿਹਾ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਲਈ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਮਾਣ ਸਨਮਾਨ ਕਰਨਾ ਸਾਡਾ ਫਰਜ਼ ਹੈ ।ਨਿਰਮਲ ਜੌੜਾ ਨੇ ਦੱਸਿਆ ਕਿ ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਸੱਤ ਸਮੁੰਦਰ ਪਾਰ ਜਾਕੇ ਵੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਗਾਇਕੀ ਨੂੰ ਅਪਣਾਕੇ ਰੱਖਿਆ ਹੈ ਬਲਕਿ ਅਤੇ ਇੱਕ ਮੀਡੀਆ ਕਰਮੀ ਵੱਜੋਂ ਇਸਦਾ ਪ੍ਰਚਾਰ ਪਸਾਰ ਵੀ ਕੀਤਾ ਹੈ । ਵਰਨਣ ਯੋਗ ਹੈ ਕਿ ਸਤਿੰਦਰ ਪਾਲ ਸਿੰਘ ਸਿੱਧਵਾਂ ਦਾ ਕਨੇਡਾ ਵਿੱਚ ਜਨਮਿਆਂ ਅਤੇ ਪਲਿਆ ਬੇਟਾ ਨਵੀ ਸਿੱਧੂ ਵੀ ਪੰਜਾਬੀ ਦੇ ਪ੍ਰਚਾਰ ਲਈ ਯਤਨਸ਼ੀਲ ਹੈ ।
ਇਸ ਮੌਕੇ ਸਿੱਧਵਾਂ ਨੇ ਆਪਣੇ ਚੋਣਵੇਂ, ਪ੍ਰਸੰਗ ਜੱਗ ਜੰਕਸ਼ਨ ਰੇਲਾਂ ਦਾ , ਇਹ ਕੀਹਨੇ ਕੈਦ ਕਰੀ ਭੇਣੋਂ ਦੋ ਹੰਸਾਂ ਦੀ ਜੋੜੀ, ਕੁੰਢਲੀਆ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ ਅਤੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਪੇਸ਼ ਕਰਕੇ ਮਹੌਲ ਨੂੰ ਪੰਜਾਬੀ ਰੰਗਤ ਦਿੱਤੀ।
ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਮੁੜਕੇ ਜ਼ਰੂਰ ਆਵੇਗਾ – ਸਿੱਧਵਾਂ
