ਵੈਨਕੂਵਰ ( ਦੇ ਪ੍ਰ ਬਿ)– ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਨਿਊ ਡੈਮੋਕਰੇਟ ਸਰਕਾਰ ਆਉਣ ਤੇ ਘਰਾਂ ਦੇ ਵਿਦੇਸ਼ੀ ਖਰੀਦਦਾਰਾਂ ‘ਤੇ ਪੱਕੀ ਪਾਬੰਦੀ ਲਾਉਣ ਦਾ ਵਾਅਦਾ ਕੀਤਾ ਹੈ ਤਾਂ ਜੋ ਸੱਟੇਬਾਜ਼ਾਂ ਨੂੰ ਕੀਮਤਾਂ ਵਧਾਉਣ ਤੋਂ ਰੋਕਿਆ ਜਾ ਸਕੇ ਅਤੇ ਕੈਨੇਡਾ ਵਿੱਚ ਰਹਿੰਦੇ ਅਤੇ ਕੰਮ ਕਰਨ ਵਾਲੇ ਲੋਕ ਆਪਣੀ ਪਹੁੰਚ ਮੁਤਾਬਿਕ ਘਰ ਲੈ ਸਕਣ।
ਸਿੰਘ ਨੇ ਕਿਹਾ, “ਘਰ ਲੋਕਾਂ ਦੇ ਰਹਿਣ ਲਈ ਹੋਣੇ ਚਾਹੀਦੇ ਹਨ – ਨਾ ਕਿ ਨਿਵੇਸ਼ਕਾਂ ਦੇ ਫਲਿੱਪ ਕਰਨ ਲਈ। ਉਹਨਾਂ ਟਰੰਪ ਦੇ ਟੈਰਿਫ ਨਾਲ ਲਾਗਤਾਂ ਵਿਚ ਵਾਧੇ ਤੇ ਚਿੰਤਾ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਨੂੰ ਸਾਡੇ ਹਾਊਸਿੰਗ ਸਿਸਟਮ ਨੂੰ ਖਰਾਬ ਕਰਨ ਦੀ ਇਜਾਜਤ ਨਹੀ ਦੇਵਾਂਗੇ। ਉਹਨਾਂ ਹੋਰ ਕਿਹਾ ਕਿ ਘਰਾਂ ਲਈ ਵਿਦੇਸ਼ੀ ਖਰੀਦਦਾਰਾਂ ਤੇ ਪਾਬੰਦੀ ਮੌਜੂਦਾ ਖਾਮੀਆਂ ਨੂੰ ਬੰਦ ਕਰ ਦੇਵੇਗੀ । ਉਹਨਾਂ ਲੋਕਾਂ ਲਈ ਰਿਹਾਇਸ਼ੀ ਭਾਈਚਾਰਿਆਂ ਵਿੱਚ ਹਾਊਸਿੰਗ ਸਟਾਕ ਨੂੰ ਸੁਰੱਖਿਅਤ ਰੱਖਣ ‘ਤੇ ਧਿਆਨ ਕੇਂਦਰਿਤ ਕਰਨ ਨੂੰ ਸਭ ਤੋਂ ਵੱਡੀ ਲੋੜ ਦੱਸਿਆ। ਉਹਨਾਂ ਕਿਹਾ ਕਿ ਇਕ ਪਾਸੇ ਕੈਨੇਡੀਅਨਾਂ ਨੂੰ ਕਿਫਾਇਤੀ ਘਰ ਲੱਭਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਜਦੋਂਕਿ ਵੈਨਕੂਵਰ ਈਸਟ ਤੋਂ ਲਿਬਰਲ ਉਮੀਦਵਾਰ ਮਾਰਕ ਵਿਏਂਸ ਰੀਐਲਟਰਾਂ ਨੂੰ ਕੀਮਤਾਂ ਨੂੰ ਵਧਾਉਣ ਲਈ ਅਮੀਰ ਵਿਦੇਸ਼ੀ ਖਰੀਦਦਾਰਾਂ ਨੂੰ ਘਰਾਂ ਦੀ ਮਾਰਕੀਟਿੰਗ ਕਰਨ ਦੀ ਸ਼ੇਖੀ ਮਾਰ ਰਿਹਾ ਹੈ। ਹੁਣ ਮਾਰਕ ਕਾਰਨੀ ਦੀ ਟੀਮ ਕੈਨੇਡਾ ਦੇ ਹਾਊਸਿੰਗ ਮਾਰਕੀਟ ਵਿੱਚ ਹੋਰ ਵੀ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਲਈ, ਵੈਨਕੂਵਰ ਦੇ ਇੱਕ ਮਸ਼ਹੂਰ ਰੀਅਲ ਅਸਟੇਟ ਮਾਰਕਿਟ, ਰੀਅਲਟਰ ਬੌਬ ਰੇਨੀ ਨਾਲ ਕੰਮ ਕਰ ਰਹੀ ਹੈ।
ਸਿੰਘ ਨੇ ਕਿਹਾ, “ਡਿਵੈਲਪਰ ਅਤੇ ਨਿਵੇਸ਼ਕ ਚਾਹੁੰਦੇ ਹਨ ਕਿ ਉਹ ਘਰਾਂ ਚੋਂ ਪੈਸਾ ਕਮਾਉਣ ਤੇ ਉਹਨਾਂ ਨੂੰ ਇਥੇ ਰਹਿਣ ਵਾਲੇ ਲੋਕਾਂ ਦੀ ਕੋਈ ਚਿੰਤਾ ਨਹੀ।
ਇਸ ਦੌਰਾਨ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵੀ ਟੈਕਸ ਘਟਾਉਣ ਅਤੇ ਸੱਟੇਬਾਜ਼ਾਂ ਨੂੰ ਡੀ ਰੈਗੂਲੇਸ਼ਨ ਕਰਨ ਤੇ ਜੋ਼ਰ ਲਗਾ ਰਹੇ ਤੇ ਕਿਰਾਏਦਾਰਾਂ ਜਾਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਕੁਝ ਨਹੀ ਕਰ ਰਹੇ।