Headlines

ਸਰੀ ਨੂੰ ਛੇਵੀਂ ਵਾਰ ‘ਟਰੀ ਸਿਟੀ ਆਫ਼ ਦਾ ਵਰਲਡ’ ਦਾ ਖ਼ਿਤਾਬ ਮਿਲਿਆ

ਸਰੀ ( ਕਾਹਲੋਂ)-– ਸਿਟੀ ਆਫ਼ ਸਰੀ ਨੂੰ ਅਰਬਰ ਡੇ ਫਾਊਡੇਸ਼ਨ ਅਤੇ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ  ਸੰਸਥਾ ਵੱਲੋਂ ਲਗਾਤਾਰ ਛੇਵੀਂ ਵਾਰ ‘ਟਰੀ ਸਿਟੀ ਆਫ਼ ਦਾ ਵਰਲਡ’ (Tree City of the World )  ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਮਾਨਤਾ ਸਰੀ ਦੇ ਸ਼ਹਿਰੀ ਜੰਗਲ ਨੂੰ ਠੀਕ ਤਰੀਕੇ ਨਾਲ ਰੱਖਣ ਅਤੇ ਟਿਕਾਊ ਪ੍ਰਬੰਧ ਕਰਨ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਦੁਨੀਆ ਭਰ ਵਿੱਚ ਰੁੱਖਾਂ ਦੇ ਸ਼ਹਿਰ ਵਜੋਂ ਜਾਣਿਆਂ ਜਾਣਾ, ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਸ਼ਹਿਰੀ ਜੰਗਲਾਂ ਦੀ ਰੱਖਿਆ ਅਤੇ ਵਿਕਾਸ ਪ੍ਰਤੀ ਕਿੰਨੇ ਵਚਨਬੱਧ ਹਾਂ। ਸਰੀ ਆਪਣੇ ਸ਼ਹਿਰੀ ਛੱਤਰੀ (ਕੈਨੋਪੀ) ਨੂੰ ਸੰਭਾਲਣ ਅਤੇ ਆਪਣੇ ਪਾਰਕਾਂ ਦੀ ਗਿਣਤੀ ਵਧਾਉਣ ਤੇ ਮਾਣ ਕਰਦਾ ਹੈ। ਇਨ੍ਹਾਂ ਮਹੱਤਵਪੂਰਨ ਹਰੀਆਂ ਥਾਵਾਂ ਦੀ ਸੰਭਾਲ ਨਾ ਸਿਰਫ਼ ਵਾਤਾਵਰਨ ਨੂੰ ਲਾਭ ਪਹੁੰਚਾਉਂਦੀ ਹੈ, ਸਗੋਂ ਇਹ ਸਰੀ ਦੇ ਵਸਨੀਕਾਂ ਨੂੰ ਬਾਹਰੀ ਸੈਟਿੰਗ ਵਿੱਚ ਸਮਾਜੀਕਰਨ ਅਤੇ ਸਰਗਰਮ ਰਹਿਣ ਦਾ ਮੌਕਾ ਵੀ ਦਿੰਦੇ ਹਨ। ਸਰੀ ਦੇ ਹਰੇ-ਭਰੇ ਨੈੱਟਵਰਕ ਦੀ ਸਾਲ ਭਰ ਦੇਖਭਾਲ ਕਰਨ ਵਿੱਚ ਤੁਹਾਡੀ ਮੱਦਦ ਲਈ ਸ਼ਹਿਰ ਦੇ ਸਟਾਫ਼ ਅਤੇ ਨਿਵਾਸੀਆਂ ਦਾ ਧੰਨਵਾਦ।

ਟਰੀ ਸਿਟੀਜ਼ ਆਫ਼ ਦਾ ਵਰਲਡ (Tree Cities of the World) ਪ੍ਰੋਗਰਾਮ ਇੱਕ ਅੰਤਰਰਾਸ਼ਟਰੀ ਪਹਿਲ ਹੈ, ਜੋ ਉਨ੍ਹਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਮਾਨਤਾ ਦਿੰਦੀ ਹੈ, ਜੋ ਸ਼ਹਿਰੀ ਵਣਸਪਤੀ ਨੂੰ ਆਪਣੇ ਇਲਾਕਿਆਂ ਦੀ ਰਹਿਣ-ਸਹਿਣ ਅਤੇ ਟਿਕਾਊਪਣ ਨੂੰ ਵਧਾਉਣ ਲਈ ਵਰਤਦੇ ਹਨ। ਇਹ ਮਾਣ ਹਾਸਲ ਕਰਨ ਲਈ, ਕਿਸੇ ਸ਼ਹਿਰ ਨੂੰ ਪੰਜ ਮੁੱਢਲੇ ਮਿਆਰਾਂ ‘ਤੇ ਖਰਾ ਉੱਤਰਨਾ ਪੈਂਦਾ ਹੈ: 1) ਦਰੱਖਤਾਂ ਦੀ ਦੇਖਭਾਲ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨੀ; 2) ਦਰੱਖਤਾਂ ਅਤੇ ਜੰਗਲਾਂ ਦੇ ਪ੍ਰਬੰਧਨ ਲਈ ਨੀਤੀ ਜਾਂ ਕਾਨੂੰਨ ਬਣਾਉਣਾ; 3) ਸਥਾਨਕ ਦਰੱਖਤ ਸਰੋਤਾਂ ਦਾ ਨਵੀਨਤਮ ਮੁਲਾਂਕਣ ਬਣਾਈ ਰੱਖਣਾ; 4) ਦਰੱਖਤ ਪ੍ਰਬੰਧਨ ਯੋਜਨਾ ਲਈ ਸਰੋਤ ਨਿਰਧਾਰਿਤ ਕਰਨਾ; 5) ਸਥਾਨਕ ਵਾਸੀਆਂ ਨੂੰ ਸਿੱਖਿਆ ਦੇਣ ਲਈ ਸਾਲਾਨਾ ਟਰੀ ਫ਼ੈਸਟੀਵਲ ਕਰਾਉਣਾ।

ਪਿਛਲੇ ਕਈ ਸਾਲਾਂ ਤੋਂ, ਸ਼ਹਿਰ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ‘ਤੇ ਦਰੱਖਤਾਂ ਦੀ ਰੱਖਿਆ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸਰੀ ਦੇ ਟਰੀ ਪ੍ਰੋਟੈਕਸ਼ਨ ਬਾਈਲਾਅ ਦੇ ਤਹਿਤ ਸ਼ਹਿਰ ਵਿੱਚ ਦਰੱਖਤਾਂ ਦੇ ਕੱਟਣ, ਨੁਕਸਾਨ ਜਾਂ ਨਾਸ ਹੋਣ ਦੀ ਗਿਣਤੀ ਨੂੰ ਘਟਾਉਣ ਲਈ ਕਾਨੂੰਨੀ ਪਾਬੰਦੀਆਂ ਲਾਈਆਂ ਗਈਆਂ ਹਨ। ਸ਼ੈੱਡ ਟਰੀ ਮੈਨੇਜਮੈਂਟ ਪਲਾਨ ਅਤੇ ਅਰਬਨ ਫਾਰੈਸਟ ਮੈਨੇਜਮੈਂਟ ਰਣਨੀਤੀ ਰਾਹੀਂ, ਸ਼ਹਿਰ ਹਰ ਸਾਲ ਸਰਕਾਰੀ ਜ਼ਮੀਨ ‘ਤੇ ਹਜ਼ਾਰਾਂ ਨਵੇਂ ਦਰੱਖਤ ਲਗਾ ਰਿਹਾ ਹੈ। ਸਿਟੀ ਕੋਲ ਸ਼ਹਿਰ ਦੀ ਜਾਇਦਾਦ ‘ਤੇ ਹਰ ਰੁੱਖ ਦੀ ਇੱਕ ਵਿਆਪਕ ਸੂਚੀ ਵੀ ਹੈ, ਜੋ ਕਿ ਸਿਟੀ ਆਫ਼ ਸਰੀ ਮੈਪਿੰਗ ਆਨਲਾਈਨ ਸਿਸਟਮ ਕੋਸਮੋਸ (COSMOS ) ‘ਤੇ ਉਪਲਬਧ ਹੈ, ਜਿਸ ਵਿੱਚ 85,000 ਤੋਂ ਵੱਧ ਸਟਰੀਟ ਰੁੱਖਾਂ ਅਤੇ ਲਗਭੱਗ 28,000 ਪਾਰਕ ਰੁੱਖ ਲਗਾਏ ਗਏ, ਨਿਗਰਾਨੀ ਅਤੇ ਸਾਂਭ-ਸੰਭਾਲ ਕੀਤੀ ਗਈ ਹੈ।

ਸਰੀ ਦੇ ਸ਼ਹਿਰੀ ਜੰਗਲਾਤ ਮੈਨੇਜਰ ਰੌਬ ਲੈਂਡੁਚੀ ਨੇ ਕਿਹਾ, “ਸਾਡੇ ਕੋਲ ਸ਼ਹਿਰ ਵਿੱਚ ਇੱਕ ਵਿਆਪਕ ਰੁੱਖ ਪ੍ਰਬੰਧਨ ਪ੍ਰੋਗਰਾਮ ਹੈ, ਜਿਸ ਵਿੱਚ ਨਵੇਂ ਰੁੱਖ ਲਗਾਉਣਾ ਅਤੇ ਜਨਤਕ ਜਾਇਦਾਦ ‘ਤੇ ਰੁੱਖਾਂ ਨੂੰ ਪਾਣੀ ਦੇਣਾ, ਛਾਂਟੀ ਕਰਨਾ ਅਤੇ ਜਾਂਚ ਕਰਨਾ ਸ਼ਾਮਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਿਹਤਮੰਦ ਰਹਿਣ। ਅਸੀਂ ਵਸਨੀਕਾਂ ਦੇ ਧੰਨਵਾਦੀ ਹਾਂ ਜੋ ਸਾਡੇ ਕੁਦਰਤੀ ਵਾਤਾਵਰਨ ਦੀ ਦੇਖਭਾਲ ਅਤੇ ਸਹਾਇਤਾ ਕਰਦੇ ਹਨ”।

ਹਰ ਸਾਲ, ਸ਼ਹਿਰ ਵਾਸੀਆਂ ਲਈ ਵਾਤਾਵਰਨ ਬਾਰੇ ਜਾਗਰੂਕਤਾ ਵਧਾਉਣ ਅਤੇ ਸਰੀ ਦੇ ਸ਼ਹਿਰੀ ਜੰਗਲ ਦੀ ਰੱਖਿਆ ਅਤੇ ਵਿਸਥਾਰ ਕਰਨ ਲਈ ਵੱਖ-ਵੱਖ ਸਮਾਜਿਕ ਗਤੀਵਿਧੀਆਂ ਕਰਾਉਂਦਾ ਹੈ। ਉਦਾਹਰਨ ਵਜੋਂ, ਸ਼ਹਿਰ ਹਰੇਕ ਸਾਲ ਚਾਰ ਰਿਆਇਤ ਵਾਲੀਆਂ ਰੁੱਖ ਵਿੱਕਰੀ ਮੁਹਿੰਮਾਂ ਦਾ ਆਯੋਜਨ ਕਰਦਾ ਹੈ, ਤਾਂ ਜੋ ਨਿਵਾਸੀ ਨਿੱਜੀ ਜਾਇਦਾਦ ‘ਤੇ ਨਵੇਂ ਦਰੱਖਤ ਲਗਾ ਸਕਣ। ਇਹ ਦਰੱਖਤ ਗਰਮੀ ਦੀ ਤੀਬਰਤਾ ਨੂੰ ਘਟਾਉਣ, ਮੀਂਹ ਦੇ ਪਾਣੀ ਵਹਾਅ ਅਤੇ ਹੜ੍ਹਾਂ ਨੂੰ ਘਟਾਉਣ, ਹਵਾ ਦੀ ਗੁਣਵੱਤਾ ਸੁਧਾਰਨ,  ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਹਾਲ ਕਰਨ ਵਿੱਚ ਮੱਦਦ ਕਰਦੇ ਹਨ।

ਵਸਨੀਕਾਂ ਨੂੰ ਸਰੀ ਦੇ ਪਾਰਕਾਂ ਵਿੱਚ ਆਯੋਜਿਤ ਕਈ ਰੁੱਖ ਲਗਾਉਣ ਦੇ ਮੌਕਿਆਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ  ਹੈ। ਸ਼ਹਿਰ ‘ਪਾਰਟੀ ਫ਼ਾਰ ਦਾ ਪਲੈਨੇਟ’ ਦਾ ਆਯੋਜਨ ਵੀ ਕਰਾਉਂਦਾ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡਾ ਅਰਥ ਡੇ ਸਮਾਰੋਹ ਹੈ।

Leave a Reply

Your email address will not be published. Required fields are marked *