ਪ੍ਰਬੰਧਕੀ ਕਮੇਟੀ ਦੇ ਮੈਂਬਰ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਵਿਚ ਪੁੱਜੇ-
ਵਿਕਟੋਰੀਆ ( ਕਾਹਲੋਂ)- ਬੀਤੇ ਦਿਨ ਗੁਰਦੁਆਰਾ ਸੁਖ ਸਾਗਰ ਸਾਹਿਬ ਨਿਊ ਵੈਸਟਮਿੰਸਟਰ ਦੀ ਪ੍ਰਬੰਧਕੀ ਕਮੇਟੀ ਦੇ ਕੁਝ ਮੈਂਬਰਾਂ ਵਲੋਂ ਵਿਕਟੋਰੀਆ ਵਿੱਚ ਬੀ ਸੀ ਵਿਧਾਨ ਸਭਾ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੀ ਵਿਧਾਨ ਸਭਾ ਵਿਚ ਮੌਜੂਦਗੀ ਬਾਰੇ ਰਿਚਮੰਡ-ਕਵੀਨਜ਼ਬਰੋ ਦੇ ਵਿਧਾਇਕ ਸਟੀਵ ਕੂਨਰ ਨੇ ਸਾਥੀ ਵਿਧਾਇਕਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਐਮ ਐਲ ਏ ਸਟੀਵ ਕੂਨਰ ਨੇ ਸਦਨ ਨੂੰ ਦੱਸਿਆ ਕਿ ਗੁਰਦੁਆਰਾ ਸਿੱਖ ਸਾਗਰ ਵੈਸਟ ਮਨਿਸਟਰ ਵਲੋਂ ਕਮਿਊਨਿਟੀ ਦੀ ਸੇਵਾ ਲਈ ਲੰਗਰ ਤੋਂ ਇਲਾਵਾ ਕਈ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਗੁਰਦੁਆਰਾ ਸਾਹਿਬ ਦੀਆਂ ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਸੰਗਤ ਦੇ ਕੰਮਾਂ-ਖਾਸ ਕਰਕੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਪ੍ਰੋਗਰਾਮਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਲੋਂ ਸਿੱਖ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਮਾਰਗ ਤਹਿਤ ਜਿਵੇਂ ਕਮਿਊਨਿਟੀ ਦੀ ਸੇਵਾ ਲਈ ਕੀਤੀ ਜਾਂਦੀ ਹੈ, ਉਹ ਸਾਡੇ ਸਮਾਜ ਵਿਚ ਏਕਤਾ ਤੇ ਭਾਈਚਾਰਕ ਸਾਂਝ ਲਈ ਵੀ ਇਕ ਮਿਸਾਲ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਸੁਖ ਸਾਗਰ ਸੰਗਤ ਦੇ ਮੈਂਬਰਾਂ ਵਿਚ ਸੁਖਨਿੰਦਰ ਸਿੰਘ ਸੰਘਾ (ਖਜ਼ਾਨਚੀ ਅਤੇ ਕਾਰਜਕਾਰੀ ਪ੍ਰਧਾਨ), ਜਗਜੀਤ ਸਿੰਘ ਸੱਲ (ਸਕੱਤਰ), ਸੰਤੋਖ ਸਿੰਘ ਸੱਲ (ਸੀਨੀਅਰ ਵਾਲੰਟੀਅਰ ਗਰੁੱਪ ਮੈਂਬਰ) ਹਾਜ਼ਰ ਸਨ।