Headlines

ਸਰੀ ਕੌਂਸਲ ਸ਼ਹਿਰ ਵਲੋਂ ਕਮਰਸ਼ੀਅਲ ਟਰੱਕ ਪਾਰਕਿੰਗ ਵਾਧੇ ਦੇ ਪ੍ਰਸਤਾਵ ਤੇ ਵੋਟਿੰਗ ਸੋਮਵਾਰ

ਸਰੀ ( ਕਾਹਲੋਂ)- – ਆਉਂਦੇ ਸੋਮਵਾਰ ਨੂੰ ਹੋਣ ਵਾਲੀ ਰੈਗੂਲਰ ਕੌਂਸਲ ਮੀਟਿੰਗ ਵਿੱਚ , ਸਰੀ ਸਿਟੀ ਕੌਂਸਲ ਕਮਰਸ਼ੀਅਲ ਟਰੱਕਾਂ ਲਈ ਪਾਰਕਿੰਗ ਵਧਾਉਣ ਬਾਰੇ ਵੋਟ ਕਰੇਗੀ, ਜਿਸ ਨਾਲ ਲਗਭੱਗ  240 ਨਵੀਆਂ ਪਾਰਕਿੰਗ ਥਾਵਾਂ ਪੈਦਾ ਹੋਣਗੀਆਂ। ਇਹ ਮੌਜੂਦਾ ਸਿਟੀ ਕੌਂਸਲ  ਵੱਲੋਂ ਮੁਹੱਈਆ ਕਰਵਾਈਆਂ ਗਈਆਂ 150 ਪਾਰਕਿੰਗ ਤੋਂ ਇਲਾਵਾ ਹੋਣਗੀਆਂ। ਜੇ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ, ਤਾਂ ਇਹ 19230 – 20 ਐਵਿਨਿਊ ‘ਤੇ ਸਥਿਤ ਸ਼ਹਿਰੀ ਜਾਇਦਾਦ ‘ਤੇ ਬਣਾਈਆਂ ਜਾਣਗੀਆਂ। ਪ੍ਰਸਤਾਵਿਤ ਥਾਂ ਸ਼ਹਿਰ ਦੀ 15.5 ਹੈਕਟੇਅਰ ਜ਼ਮੀਨ ਵਿਚੋਂ 4.04 ਹੈਕਟੇਅਰ ਨੂੰ ਘੇਰੇਗਾ, ਜੋ ਕਿ ਇਸ ਸਮੇਂ ਖ਼ਾਲੀ ਪਈ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਿਟੀ ਕੌਂਸਲ ਨੇ ਵਪਾਰਕ ਟਰੱਕ ਪਾਰਕਿੰਗ ਨੂੰ ਨਾ ਸਿਰਫ਼ ਤਰਜੀਹ ਦਿੱਤੀ ਹੈ, ਬਲਕਿ ਅਸੀਂ ਇਸ ‘ਤੇ ਕਾਰਵਾਈ ਕਰ ਰਹੇ ਹਾਂ। ਪ੍ਰਸਤਾਵਿਤ ਸਾਈਟ ‘ਤੇ ਮੌਜੂਦਾ 150 ਥਾਵਾਂ ਦੇ ਇਲਾਵਾ 240 ਨਵੇਂ ਟਰੱਕ ਪਾਰਕਿੰਗ ਸਥਾਨ ਸ਼ਾਮਲ ਕੀਤੇ ਜਾਣਗੇ। ਟਰੱਕਿੰਗ ਇੰਡਸਟਰੀ ਸਾਡੀ ਆਰਥਿਕਤਾ ਦਾ ਧੁਰਾ ਹੈ ਅਤੇ ਡਰਾਈਵਰਾਂ ਨੂੰ ਆਪਣੀਆਂ ਵੱਡੀਆਂ ਗੱਡੀਆਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਪਾਰਕ ਕਰਨ ਲਈ ਥਾਂ ਮਿਲਣੀ ਚਾਹੀਦੀ ਹੈ। ਸਰੀ ਵਿਚ ਨਿਰਧਾਰਿਤ ਟਰੱਕ ਪਾਰਕਿੰਗ ਥਾਵਾਂ ਦੀ ਗਿਣਤੀ ਵਧਾਉਣਾ, ਬਿਲਕੁਲ ਵਾਜਬ ਤੇ ਚੰਗਾ ਕਦਮ ਹੈ”।

ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ,  ਤਾਂ ਇਹ ਪਿਛਲੇ 12 ਮਹੀਨਿਆਂ ਵਿੱਚ ਸਰੀ ਵਿੱਚ ਖੁੱਲ੍ਹਣ ਵਾਲੀ ਪੰਜਵੀਂ ਨਿਰਧਾਰਿਤ ਵਪਾਰਕ ਟਰੱਕ ਪਾਰਕਿੰਗ ਸਾਈਟ ਹੋਵੇਗੀ ।

ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ ਉਰਫ਼ ਜੋਏ ਬਰਾੜ ਨੇ ਕਿਹਾ, “ਨਿਰਧਾਰਿਤ ਟਰੱਕ ਪਾਰਕਿੰਗ ਦੀ ਘਾਟ ਲੰਬੇ ਸਮੇਂ ਤੋਂ ਸਰੀ ਦੇ ਕ੍ਰਮਸੀਅਲ ਟਰੱਕ ਡਰਾਈਵਰਾਂ ਲਈ ਨਿਰਾਸ਼ਾ ਦਾ ਕਾਰਨ ਬਣ ਰਹੀ ਹੈ, ਜਿਸ ਦੇ ਨਤੀਜੇ ਵਜੋਂ ਅਕਸਰ ਬਾਈਲਾਅ ਦੀ ਉਲੰਘਣਾ, ਸੁਰੱਖਿਆ ਸਮੱਸਿਆਵਾਂ ਪੈਦਾ ਹੁੰਦੀਆਂ ਹਨ  ਅਤੇ  ਇਸਦਾ ਕਾਰੋਬਾਰਾਂ ਤੇ ਵਸਨੀਕਾਂ ‘ਤੇ ਮਾੜਾ ਅਸਰ ਪੈਂਦਾ ਹੈ । ਪ੍ਰਸਤਾਵਿਤ ਨਵੀਂ ਲਾਟ ਵਪਾਰਕ ਟਰੱਕਾਂ ਲਈ ਜਾਇਜ਼ ਪਾਰਕਿੰਗ ਲੱਭਣ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਵਿੱਚ ਮੱਦਦ ਕਰੇਗੀ। ਸ਼ਹਿਰ ਦੀ ਉਕਤ ਜ਼ਮੀਨ ਇਸ ਸਮੇਂ ਖ਼ਾਲੀ ਪਈ ਹੋਣ ਕਾਰਨ ਕੋਈ ਆਮਦਨ ਵੀ ਨਹੀਂ ਦੇ  ਰਹੀ, ਜਿਸ ਕਰਕੇ ਇਹ ਸਮਰਪਿਤ ਵਪਾਰਕ ਟਰੱਕ ਪਾਰਕਿੰਗ ਵਿੱਚ ਬਦਲਣ ਲਈ ਇੱਕ ਆਦਰਸ਼ ਸਾਈਟ ਬਣਦੀ ਹੈ”। ਸਰੀ ਸਿਟੀ ਕੌਂਸਲ ਨੇ ਬੀਤੇ ਸਾਲ 11 ਮਾਰਚ, 2024 ਨੂੰ ਇਸ ਚੱਲ ਰਹੇ ਮੁੱਦੇ ਨਾਲ ਨਜਿੱਠਣ ਲਈ ਚਾਰ ਅਸਥਾਈ ਟਰੱਕ ਪਾਰਕਿੰਗ ਸਾਈਟਾਂ ਨੂੰ ਮਨਜ਼ੂਰੀ ਦਿੱਤੀ ਸੀ। ਟਰੱਕਿੰਗ ਭਾਈਚਾਰੇ ਤੋਂ ਵਧੀਆ ਫੀਡਬੈਕ ਅਤੇ ਅਣਅਧਿਕਾਰਤ ਪਾਰਕਿੰਗ ਵਿੱਚ ਆਈ ਵੱਡੀ ਕਮੀ ਦੇ ਨਾਲ, ਸ਼ਹਿਰ ਹੁਣ ਪੰਜਵੀਂ ਸਾਈਟ ਨਾਲ ਪਹਿਲ ਕਦਮੀ ਦਾ ਵਿਸਥਾਰ ਕਰਨ ਲਈ ਅੱਗੇ ਵਧ ਰਿਹਾ ਹੈ, ਜਿਸ ਨਾਲ ਕੁੱਲ ਕਮਰਸ਼ੀਅਲ ਟਰੱਕ ਪਾਰਕਿੰਗ ਥਾਵਾਂ ਦੀ ਗਿਣਤੀ 390 ਹੋ ਜਾਵੇਗੀ।

Leave a Reply

Your email address will not be published. Required fields are marked *