ਡੈਲੀਗੇਟਸ ਵੱਲੋਂ ਨਵੀਂ ਵਰਕਿੰਗ ਕਮੇਟੀ ਦੇ ਗਠਨ ਲਈ ਪ੍ਰਧਾਨ ਨੂੰ ਸੌਂਪੇ ਅਧਿਕਾਰ
ਪੰਥ ਤੇ ਪੰਜਾਬ ਦੀ ਅਣਖ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ: ਸੁਖਬੀਰ ਬਾਦਲ
ਅੰਮ੍ਰਿਤਸਰ, 12 ਅਪਰੈਲ ( ਭੰਗੂ)- ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਡੈਲੀਗੇਟ ਸੈਸ਼ਨ ਵਿਚ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ ਜਿਸਦੀ ਤਾਈਦ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕੀਤੀ ਤੇ ਤਾਈਦ ਦੀ ਮਜੀਦ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੀਤੀ। ਡੈਲੀਗੇਟਸ ਨੇ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਨਹੀਂ ਕੀਤਾ ਜਿਸ ਮਗਰੋਂ ਪਾਰਟੀ ਦੇ ਮੁੱਖ ਚੋਣ ਅਫਸਰ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ’ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੀ ਗੂੰਜ ਵਿਚ ਐਲਾਨ ਕੀਤਾ ਕਿ ਸਰਦਾਰ ਬਾਦਲ ਪਾਰਟੀ ਪ੍ਰਧਾਨ ਚੁਣੇ ਗਏ ਹਨ। ਡੈਲੀਗੇਟਸ ਨੇ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦੇ ਗਠਨ ਲਈ ਵੀ ਪ੍ਰਧਾਨ ਨੂੰ ਅਧਿਕਾਰ ਸੌਂਪੇ।
ਪ੍ਰਧਾਨ ਵਜੋਂ ਚੋਣ ਉਪਰੰਤ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਪੱਕਾ ਵਾਅਦਾ ਕਰਦਾ ਹਾਂ ਕਿ ਖਾਲਸਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਣ ਸਨਮਾਨ ਤੇ ਅਣਖ ਦੇ ਮਾਮਲੇ ’ਚ ਉਹ ਕਦੇ ਕੋਈ ਸਮਝੌਤਾ ਨਹੀਂ ਕਰਨਗੇ। ਵਡੇਰੀ ਪੰਥਕ ਏਕਤਾ ਦਾ ਸੱਦਾ ਦਿੰਦਿਆਂ ਉਹਨਾਂ ਨੇ ਅਕਾਲੀ ਦਲ ਤੋਂ ਦੂਰ ਗਏ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਅਕਾਲੀ ਦਲ ਦੇ ਬੈਨਰ ਹੇਠ ਪੰਥਕ ਮੁੱਖ ਧਾਰਾ ਵਿਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਤੇ ਪੰਜਾਬ ਪ੍ਰਤੀ ਸਮਰਪਿਤ ਹਾਂ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਿਵੇਂ ਅਕਾਲੀ ਦਲ ਅਤੇ ਇਸਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ। ਉਹਨਾਂ ਕਿਹਾ ਕਿ ਪਹਿਲਾਂ ਇਹ ਸਾਜ਼ਿਸ਼ ਉਦੋਂ ਸ਼ੁਰੂ ਹੋਈ ਜਦੋਂ ਪਾਰਟੀ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਅਕਾਲੀ ਦਲ ਐਨ ਡੀ ਏ ਨਾਲੋਂ ਵੱਖ ਹੋਈ। ਉਹਨਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਇਹ ਸਾਜ਼ਿਸ਼ ਹੋਰ ਤੇਜ਼ ਹੋਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਅਸੀਂ ਐਨ ਡੀ ਏ ਨਾਲੋਂ ਵੱਖ ਹੋਏ ਤਾਂ ਕੇਂਦਰ ਸਰਕਾਰ ਨੇ ਆਪਣੀਆਂ ਕਠਪੁਤਲੀਆਂ ਅੱਗੇ ਕੰਮ ’ਤੇ ਲਗਾ ਦਿੱਤੀਆਂ। ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਬੋਰਡਾਂ ਦਾ ਵਿਸਥਾਰ ਕਰਦਿਆਂ ਇਹਨਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਗਿਆ। ਕੇਂਦਰ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਵਾ ਕੇ ਇਸਦਾ ਕੰਟਰੋਲ ਆਪਣੇ ਹੇਠ ਲੈ ਲਿਆ ਤੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ। ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ’ਕੌਮ’ ਦੇ ਫੈਸਲੇ ਅਜਿਹੀਆਂ ਤਾਕਤਾਂ ਵੱਲੋਂ ਆਪਣੀ ਮਰਜ਼ੀ ਨਾਲ ਕਰਵਾਏ ਜਾਣ ਲੱਗੇ। ਉਹਨਾਂ ਕਿਹਾ ਕਿ ਸਾਡੇ ਸਤਿਕਾਰਯੋਗ ਜਥੇਦਾਰ ਜਿਹਨਾਂ ਨੂੰ ਪੰਥਕ ਹਿੱਤਾਂ ਦੇ ਰਾਖੇ ਵਜੋਂ ਕੰਮ ਕਰਨਾ ਚਾਹੀਦਾ ਸੀ, ਉਹ ਵੀ ਇਹਨਾਂ ਤਾਕਤਾਂ ਦੇ ਹੱਥਾਂ ਵਿਚ ਖੇਡਣ ਲੱਗ ਪਏ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਸਨੇ ਸਾਡੇ ਤਖ਼ਤਾਂ ਤੋਂ ਇਹਨਾਂ ਸਿੱਖ ਵਿਰੋਧੀ ਤਾਕਤਾਂ ਦਾ ’ਕਬਜ਼ਾ’ ਖ਼ਤਮ ਕਰਵਾਇਆ। ਉਹਨਾਂ ਨੇ ਡੈਲੀਗੇਟਸ ਨੂੰ ਸੱਦਾ ਦਿੱਤਾ ਕਿ ਉਹ 2027 ਵਿਚ ਅਕਾਲੀ ਦਲ ਨੂੰ ਮੁੜ ਸੱਦਾ ਵਿਚ ਲਿਆਉਣ ਦੀ ਤਿਆਰੀ ਖਿੱਚਣ ਅਤੇ ਕਿਹਾ ਕਿ ਇਕ ਵਾਰ ਵਰਕਰਾਂ ਨੇ ਫੈਸਲਾ ਲੈ ਲਿਆ ਤਾਂ ਅਕਾਲੀ ਦਲ ਸੱਤਾ ਵਿਚ ਜ਼ਰੂਰ ਆਵੇਗਾ। ਉਹਨਾਂ ਕਿਹਾ ਕਿ ਆਪਣੇ ਵੱਲੋਂ ਮੈਂ ਭਰੋਸਾ ਦੁਆਉਂਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਸ ਗੈਂਗਸਟਰ ਸਭਿਆਚਾਰ ਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਕੀਤੀ ਹੋਈ ਹੈ, ਅਕਾਲੀ ਸਰਕਾਰ ਉਸਨੂੰ ਖ਼ਤਮ ਕਰੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸਰਵ ਪੱਖੀ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਉਦਯੋਗ ਵਾਪਸ ਲਿਆਵਾਂਗੇ। ਅਸੀਂ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਤੇ ਕਮਜ਼ੋਰ ਵਰਗਾਂ ਸਹਿਤ ਸਮਾਜ ਦੇ ਸਾਰੇ ਵਰਗਾਂ ਨੂੰ ਬਣਦਾ ਹੱਕ ਮਿਲੇ। ਉਹਨਾਂ ਕਿਹਾ ਕਿ ਮੈਂ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪ ਹਾਂ।
ਨਵੇਂ ਪ੍ਰਧਾਨ ਨੇ ਅਹੁਦਾ ਛੱਡ ਰਹੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਔਖੇ ਵੇਲੇ ਪਾਰਟੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ 25 ਅਪ੍ਰੈਲ ਨੂੰ ਲੰਬੀ ਵਿਚ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਅਜਿਹੇ ਹੀ ਪ੍ਰੋਗਰਾਮ ਹਰਿਆਣਾ ਤੇ ਦਿੱਲੀ ਵਿਚ ਹੋਣਗੇ।
ਇਸ ਮੌਕੇ ਡੈਲੀਗੇਟ ਸੈਸ਼ਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਸੀਨੀਅਰ ਆਗੂਆਂ ਵੱਲੋਂ 18 ਮਤੇ ਪੇਸ਼ ਕੀਤੇ ਗਏ ਜੋ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।
ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਸੰਵਿਧਾਨਕ ਤਾਕਤਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਨੂੰ ਸੌਂਪਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਜ਼ਮਾਨਤ ’ਤੇ ਬਾਹਰ ਆਏ ਇਹ ਲੋਕ ਸਰਕਾਰੀ ਫਾਈਲਾਂ ਵੇਖ ਰਹੇ ਹਨ। ਪਾਰਟੀ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਵੀ ਨਿਖੇਧੀ ਕੀਤੀ ਅਤੇ ਪੁਲਿਸ ਸਟੇਸ਼ਨਾਂ ’ਤੇ ਗ੍ਰਨੇਡ ਹਮਲਿਆਂ ਅਤੇ ਬਾਬਾ ਸਾਹਿਬ ਬੀ ਆਰ ਅੰਬੇਡਕਰ ਦੇ ਬੁੱਤਾਂ ਤੇ ਮੰਦਿਰਾਂ ਦੀ ਬੇਅਦਬੀ ਕੀਤੇ ਜਾਣ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਇਕਰਾਰ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗੀ ਅਤੇ ਇਹ ਵੀ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੁਰੰਤ ਉਮਰ ਕੈਦ ਵਿਚ ਬਦਲੀ ਜਾਵੇ। ਪਾਰਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣ ਵਾਸਤੇ ਹੱਥ ਸਾਂਝੇ ਕਰਨ ਤੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨਿਯਮਿਤ ਤੌਰ ’ਤੇ ਰਾਜਾਂ ਦੀਆਂ ਤਾਕਤਾਂ ਹੜੱਪ ਕਰ ਰਹੀ ਹੈ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਹਰਿਆਣਾ ਦੇ ਪੰਜਾਬੀ ਬ!ਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ,ਅਤੇ ਪਾਰਟੀ ਨੇ ਚੰਡੀਗੜ੍ਹ ਨੂੰ ਸਥਾਈ ਤੌਰ ’ਤੇ ਯੂ ਟੀ ਬਣਾਉਣ ਦੇ ਯਤਨਾਂ ਦੀ ਨਿਖੇਧੀ ਕੀਤੀ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਹੋਰ ਇਲਾਕੇ ਜਿਥੇ ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਹਨ, ਉਥੇ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।
ਪਾਰਟੀ ਨੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਦੀ ਨਿਖੇਧੀ ਕੀਤੀ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਦੇ ਗਠਨ ਵਾਸਤੇ ਭਾਜਪਾ, ਕਾਂਗਰਸ ਤੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ। ਅਕਾਲੀ ਦਲ ਨੇ ਵਕਘ ਬੋਰਡ ਐਕਟ ਵਿਚ ਕੀਤੀਆਂ ਸੋਧਾਂ ਦੀ ਵੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਇਹ ਸੋਧਾਂ ਤੁਰੰਤ ਖਾਰਜ ਕੀਤੀਆਂ ਜਾਣ।