Headlines

ਸੰਪਾਦਕੀ-ਟਰੰਪ ਟੈਰਿਫ ਨੇ ਕੈਨੇਡੀਅਨ ਚੋਣ ਮੁਹਿੰਮ ਉਲਝਾਈ…

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੈਰਿਫ ਜੰਗ ਨੇ ਪੂਰੀ ਦੁਨੀਆਂ ਦਾ ਵਪਾਰਕ ਢਾਂਚਾ ਵਿਗਾੜਨ ਦਾ ਜਿੰਮਾ ਲੈ ਲਿਆ ਲੱਗਦਾ ਹੈ। ਪਰ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਪਰਸਪਰ ਟੈਰਿਫਾਂ ਨੂੰ ਅਗਲੇ ਤਿੰਨ ਮਹੀਨੇ ਲਈ ਰੋਕਣ ਦੇ ਐਲਾਨ ਨੇ ਕੁਝ ਰਾਹਤ ਦੇ ਨਾਲ ਉਸਦੀ ਕੁਝ ਸਿਆਸੀ ਸੂਝ ਦਾ ਵੀ ਝਲਕਾਰਾ ਪਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਅਚਾਨਕ ਲਏ ਇਸ ਫ਼ੈਸਲੇ ਨਾਲ ਗੋਤੇ ਖਾ ਰਹੀ ਵਿਸ਼ਵ ਸ਼ੇਅਰ ਮਾਰਕੀਟ ਨੂੰ ਰਾਹਤ ਮਿਲੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਲਮੀ ਪੱਧਰ ’ਤੇ ਆਪਣੇ ਬਾਰੇ ਬਣ ਰਹੀ ਮਾੜੀ ਰਾਇ ਅਤੇ ਘਰ ਵਿੱਚ ਉੱਠ ਰਹੀ ਬਗ਼ਾਵਤ ਤੋਂ ਪੂਰੀ ਤਰ੍ਹਾਂ ਅਣਜਾਣ ਨਹੀਂ ਹੈ। ਹਾਲਾਂਕਿ, ਉਨ੍ਹਾਂ ਚੀਨ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਤੇ ਚੀਨੀ ਦਰਾਮਦਾਂ ’ਤੇ ਟੈਕਸ ਦੀ ਦਰ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤੀ ਹੈ। ਜਾਪਦਾ ਹੈ ਕਿ ਟਰੰਪ ਨੂੰ ਅਹਿਸਾਸ ਹੋ ਗਿਆ ਹੈ ਕਿ ਦੁਨੀਆ ਭਰ ਵਿੱਚ ਸੈਂਕੜੇ ਦੇਸ਼ਾਂ ਨੂੰ ਨਾਰਾਜ਼ ਕਰਨ ਦੀ ਬਜਾਏ ਇੱਕ ਵਿਰੋਧੀ ’ਤੇ ਨਿਸ਼ਾਨਾ ਸੇਧਣਾ ਸੁਰੱਖਿਅਤ ਤੇ ਸਿਆਣਪ ਵਾਲਾ ਕੰਮ ਹੋ ਸਕਦਾ ਹੈ। ਇਸ ਤੋਂ ਇਲਾਵਾ ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ’ਤੇ ਵੀ ਮੁੜ ਵਿਚਾਰ ਕਰਨਾ ਚਾਹੁੰਦਾ ਹੈ ਕਿ ਕਿਤੇ ਇਸ ਨਾਲ ਉਸਦੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਨਾਅਰੇ ਨੂੰ ਤਾਂ ਕੋਈ ਖਤਰਾ ਨਹੀ ਤਾਂ ਬਣ ਰਿਹਾ। ਭਾਵੇਂ ਇਸ ਬਾਰੇ ਕੁਝ ਕਿਹਾ ਨਹੀ ਜਾ ਸਕਦਾ ਹੈ ਪਰ ਇਹ ਜਰੂਰ ਹੈ ਕਿ ਟਰੰਪ ਟੈਰਿਫ ਨੇ ਕੈਨਡੀਅਨ ਸਿਆਸਤ ਉਪਰ ਵੱਡਾ ਅਸਰ ਪਾਇਆ ਹੈ।

ਰਾਸ਼ਟਰਪਤੀ ਟਰੰਪ ਨੇ ਭਾਵੇਂਕਿ ਇਸ ਰੋਕ ਤੋਂ ਪਹਿਲਾਂ ਦੁਨੀਆਂ ਦੇ ਸਾਰੇ ਵੱਡੇ ਵਪਾਰਕ ਮੁਲਕਾਂ ਖਿਲਾਫ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਪਰ ਕੈਨੇਡਾ ਨੂੰ ਇਸ ਸੂਚੀ ਵਿਚ ਸ਼ਾਮਿਲ ਨਹੀ ਕੀਤਾ ਗਿਆ ਸੀ। ਹੁਣ ਉਹਨਾਂ ਦੇ ਨਵੇਂ ਐਲਾਨ ਨਾਲ ਕੈਨੇਡਾ ਦੀਆਂ ਆਟੋ ਕੰਪਨੀਆਂ ਖਿਲਾਫ ਜੋ 25 ਫੀਸਦੀ ਟੈਰਿਫ ਲਗਾਇਆ ਗਿਆ ਸੀ, ਉਸ ਉਪਰ ਵੀ ਰੋਕ ਲਗਾਈ ਹੈ ਜਦੋਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਜਵਾਬ ਵਿਚ ਅਮਰੀਕੀ ਆਟੋ ਕੰਪਨੀਆਂ ਵੀ ਇਤਨਾ ਹੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।

ਇਸ ਟੈਰਿਫ ਜੰਗ ਨੇ ਕੈਨੇਡਾ ਦੀ ਸਿਆਸਤ ਉਪਰ ਜੋ ਰੰਗ ਵਿਖਾਇਆ ਹੈ ਉਹ ਸ਼ਾਇਦ ਕਿਸੇ ਹੋਰ ਮੁਲਕ ਉਪਰ ਨਹੀ। ਕੈਨੇਡਾ ਜੋ ਕਿ ਇਸ 28 ਅਪ੍ਰੈਲ ਨੂੰ ਫੈਡਰਲ ਚੋਣਾਂ ਦੌਰਾਨ ਮੁਲਕ ਦੀ ਅਗਵਾਈ ਕਰਨ ਵਾਲੇ ਨਵੇਂ ਆਗੂ ਤੇ ਪਾਰਟੀ ਦੀ ਚੋਣ ਕਰਨ ਜਾ ਰਿਹਾ ਹੈ, ਇਹਨਾਂ ਚੋਣਾਂ ਵਿਚ ਵੱਡਾ ਮੁੱਦਾ ਪਿਛਲੀ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਿਜਾਏ ਟਰੰਪ ਟੈਰਿਫ ਖਿਲਾਫ ਮੁਲਕ ਨੂੰ ਅਗਵਾਈ ਕੌਣ ਦੇ ਸਕਣ ਦੇ ਸਮਰੱਥ ਹੋਵੇਗਾ, ਬਣ ਗਿਆ ਹੈ। ਟਰੰਪ ਟੈਰਿਫ ਦੇ ਡਰ ਨੇ ਕੈਨੇਡੀਅਨਾਂ ਦੇ ਮਨਾਂ ਉਪਰ ਇਤਨਾ ਅਸਰ ਪਾਇਆ ਹੈ ਕਿ ਉਹਨਾਂ ਦੇ ਸਾਹਮਣੇ ਟਰੰਪ ਟੈਰਿਫ ਦਾ ਮੁਕਾਬਲਾ ਕਰਨ ਅਤੇ ਮੁਲਕ ਦੀ ਪ੍ਰਭੂਸਤਾ ਨੂੰ ਸਲਾਮਤ ਰੱਖਣਾ ਹੀ ਅਹਿਮ ਹੋ ਗਿਆ ਹੈ। ਇਹੀ ਕਾਰਣ ਹੈ ਕਿ ਹੁਣ ਤੱਕ ਆਏ ਸਾਰੇ ਸਰਵੇਖਣਾਂ ਵਿਚ ਲਿਬਰਲ ਆਗੂ ਮਿਸਟਰ ਕਾਰਨੀ ਨੂੰ ਇਸ ਮੁਹਿੰਮ ਵਿਚ ਵਧੇਰੇ ਯੋਗ ਸਮਝਦਿਆਂ ਉਹਨਾਂ ਦੀ ਰੇਟਿੰਗ ਉਪਰ ਜਾ ਰਹੀ ਹੈ। ਕੰਸਰਵੇਟਿਵ ਆਗੂ ਜਿਹਨਾਂ ਦੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੋਕਪ੍ਰਿਯਤਾ ਲਗਪਗ 25 ਪ੍ਰਤੀਸ਼ਤ ਉਪਰ ਸੀ, ਉਹਨਾਂ ਦੀ ਉਹ ਬੜਤ ਹੁਣ ਉਡ ਪੁੱਡ ਗਈ ਹੈ। ਬੀਤੇ ਦਿਨੀਂ ਐਡਮਿੰਟਨ ਵਿਚ ਕੰਸਰਵੇਟਿਵ ਦੀ ਭਾਰੀ ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਾਰਨੀ ਦੇ ਮੁਕਾਬਲੇ ਪੋਲੀਵਰ ਨੂੰ ਯੋਗ ਆਗੂ ਦਸਦਿਆਂ ਆਪਣੀ ਪਸੰਦ ਵਜੋਂ ਉਹਨਾਂ ਨੂੰ ਭਵਿਖ ਦਾ ਪ੍ਰਧਾਨ ਮੰਤਰੀ ਕਿਹਾ। ਕੰਸਰਵੇਟਿਵ ਆਗੂ ਤੇ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਦੀ ਹਮਾਇਤ ਤੋਂ ਖੁਸ਼ ਹੋ ਸਕਦੇ ਹਨ ਪਰ ਕੀ ਪ੍ਰੇਰੀ ਸੂਬਿਆਂ ਦੇ ਮੁਕਾਬਲੇ ਓਨਟਾਰੀਓ ਤੇ ਕਿਊਬੈਕ ਵਿਚ ਉਹਨਾਂ ਨੂੰ ਅਜਿਹੀ ਹਮਾਇਤ ਮਿਲਣੀ ਸੰਭਵ ਹੈ-ਇਕ ਇਕ ਵੱਡਾ ਸਵਾਲ ਹੈ। ਓਨਟਾਰੀਓ ਵਿਚ ਜਿਥੇ ਕਿ ਵੱਡੀ ਆਟੋ ਇੰਡਸਟਰੀ ਸਥਾਪਿਤ ਹੈ। ਟਰੰਪ ਟੈਰਿਫ ਕਾਰਣ ਆਟੋ ਇੰਡਸਟਰੀ ਦੇ 10-12 ਹਜਾਰ ਕਾਮਿਆਂ ਉਪਰ ਇਸਦਾ ਸਿੱਧਾ ਅਸਰ ਪੈ ਰਿਹਾ ਹੈ। ਮਿਸਟਰ ਕਾਰਨੀ ਨੇ ਅਮਰੀਕਾ ਦੀ ਆਟੋ ਇੰਡਸਟਰੀ ਤੇ ਜਵਾਬੀ 25 ਪ੍ਰਤੀਸ਼ਤ ਟੈਰਿਫ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਸ ਟੈਰਿਫ ਤੋਂ ਇਕੱਠੇ ਹੋਏ ਪੈਸੇ ਨੂੰ ਪ੍ਰਭਾਵਿਤ ਆਟੋ ਕੰਪਨੀਆਂ ਤੇ ਕਾਮਿਆਂ ਦੀ ਭਲਾਈ ਲਈ ਵਰਤਣਗੇ। ਉਹਨਾਂ ਦੇ ਅਜਿਹੇ ਐਲਾਨ ਨੇ ਉਹਨਾਂ ਦੀ ਅਮਰੀਕੀ ਟੈਰਿਫ ਮੁੱਦੇ ਨਾਲ ਨਿਪਟਣ ਦੀ ਸੂਝ ਨੇ ਉਹਨਾਂ ਦੀਆਂ ਚੋਣ ਰੈਲੀਆਂ ਵਿਚ ਹੋਰ ਉਤਸ਼ਾਹ ਭਰਿਆ ਹੈ। ਉਹ ਕੁਝ ਹੱਦ ਤੱਕ ਕਿਊਬੈਕ ਦੀ ਅਮਰੀਕਾ ਤੇ ਅੰਗਰੇਜੀ ਵਿਰੋਧੀ ਜਨਤਾ ਦੀ ਮਾਨਸਿਕਤਾ ਵਿਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਵਿਚ ਸਫਲ ਹੋਏ ਹਨ। ਇਸ ਦੌਰਾਨ ਵਰਕਰਾਂ ਤੇ ਕਾਮਿਆਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੀ ਐਨ ਡੀ ਪੀ ਦੇ ਆਗੂ ਦਾ ਗਰਾਫ ਥੱਲੇ ਆਉਣਾ ਵੀ ਇਹ ਸਪੱਸ਼ਟ ਕਰਦਾ ਹੈ ਕਿ ਐਨ ਡੀ ਪੀ ਵੋਟਰ ਦਾ ਲਿਬਰਲ ਵੱਧ ਝੁਕਾਅ ਵਧਿਆ ਹੈ। ਐਨ ਡੀ ਪੀ ਦੇ ਸਾਬਕਾ ਆਗੂ ਮਲਕੇਅਰ ਵਲੋਂ ਲੋਕਾਂ ਨੂੰ ਦੁਬਿਧਾ ਛੱਡਕੇ ਮੁਲਕ ਦੀ ਮਜ਼ਬੂਤੀ ਤੇ ਬੇਹਤਰੀ ਲਈ ਕੰਮ ਕਰਨ ਵਾਲੇ ਆਗੂ ਦੀ ਚੋਣ ਕਰਨ ਦੇ ਸੱਦੇ ਨੇ ਐਨ ਡੀ ਪੀ ਨੂੰ ਜ਼ਮੀਨੀ ਪੱਧਰ ਤੇ ਖੋਰਾ ਲਗਾਇਆ ਹੈ। ਟਰੰਪ ਟੈਰਿਫ ਤੇ ਉਸ ਵਲੋਂ ਕੈਨੇਡਾ ਨੂੰ ਅਮਰੀਕਾ ਵਿਚ ਸ਼ਾਮਿਲ ਕੀਤੇ ਜਾਣ ਦੀਆਂ ਧਮਕੀਆਂ ਨੇ ਕੈਨੇਡੀਅਨ ਰਾਜਨੀਤੀ ਵਿਚ ਵੱਡਾ ਬਦਲਾ ਲੈ ਆਂਦਾ ਹੈ। ਉਹ ਲਿਬਰਲ ਪਾਰਟੀ ਜਿਸਦੀਆਂ ਲਗਪਗ ਪਿਛਲੇ 10 ਸਾਲ ਦੀਆਂ ਨੀਤੀਆਂ ਖਿਲਾਫ ਲੋਕ ਹਤਾਸ਼ ਤੇ ਨਿਰਾਸ਼ ਸਨ, ਉਸ ਪਾਰਟੀ ਵਲੋਂ ਇਕ ਚਿਹਰਾ ਬਦਲਣ ਨਾਲ ਇਵੇਂ ਦਾ ਪ੍ਰਭਾਵ ਹੈ ਕਿ ਉਸਦੀਆਂ ਸਾਰੀਆਂ ਗਲਤੀਆਂ ਮੁਆਫ ਹੋ ਗਈਆਂ ਹਨ। ਇਸ ਦੌਰਾਨ ਕੰਸਰਵੇਟਿਵ ਪਾਰਟੀ ਦੀ ਮੀਡੀਆ ਟੀਮ ਵਲੋਂ ਪੱਤਰਕਾਰਾਂ ਨਾਲ ਬੇਰੁਖੀ ਵਾਲੇ ਵਿਵਹਾਰ ਦੀਆਂ ਘਟਨਾਵਾਂ ਨੇ ਇਕ ਅਲਗ ਚਰਚਾ ਛੇੜ ਰੱਖੀ ਹੈ।  ਭਾਵੇਂਕਿ  ਕੰਸਰਵੇਟਿਵ ਪਾਰਟੀ ਨੂੰ ਪ੍ਰੇਰੀ ਰਾਜਾਂ ਤੋਂ ਵੱਡੀਆਂ ਉਮੀਦਾਂ ਹਨ ਪਰ ਇਸਤੋਂ ਮੁਨਕਰ ਹੋਣਾਂ ਮੁਸ਼ਕਲ ਹੈ ਕਿ ਅਸਲ ਫੈਸਲਾ ਓਨਟਾਰੀਓ ਤੇ ਕਿਊਬੈਕ ਨੇ ਹੀ ਕਰਨਾ ਹੈ।

ਦੋਵਾਂ ਆਗੂਆਂ ਦੀ ਚੋਣ ਮੁਹਿੰਮ ਜੋਰਾਂ ਤੇ ਹੈ। ਇਸ ਚੋਣ ਮੁਹਿੰਮ ਦਾ ਅੰਤਿਮ ਟੈਸਟ ਅਗਲੇ ਹਫਤੇ ਹੋਣ ਵਾਲੀ ਲੀਡਰਸ਼ਿਪ ਬਹਿਸ ਉਪਰ ਟਿਕਿਆ ਹੋਇਆ ਹੈ। ਚੋਣ ਸਰਵੇਖਣਾਂ ਦੀ ਅਸਲੀਅਤ ਕੀ ਹੈ, ਇਸਦੀ ਤਿਆਰੀ ਵਜੋਂ ਮਿਸਟਰ ਪੋਲੀਵਰ ਇਕ ਸਿਆਸਤਦਾਨ ਵਜੋਂ ਇਕ ਸਾਬਕਾ ਬੈਂਕਰ ਨੂੰ ਕਿਵੇਂ ਟਕਰਦੇ ਹਨ-ਅਹਿਮ ਰਹੇਗਾ।

Leave a Reply

Your email address will not be published. Required fields are marked *