ਸਰੀ ( ਦੇ ਪ੍ਰ ਬਿ)-ਸਰੀ ਡੈਲਟਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਅੰਦਰ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਭਾਈ ਮਨਜਿੰਦਰ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਤੇ ਜ਼ਖਮੀ ਕੀਤੇ ਜਾਣ ਦੀ ਖਬਰ ਹੈ। ਇਸ ਘਟਨਾ ਉਪਰੰਤ ਇਕ ਵੀਡੀਓ ਵਿਚ ਭਾਈ ਮਨਜਿੰਦਰ ਸਿੰਘ ਨੂੰ ਹਸਪਤਾਲ ਦੇ ਬੈਡ ਉਪਰ ਬੁਰੀ ਤਰਾਂ ਜ਼ਖਮੀ ਹਾਲਤ ਵਿਚ ਵਿਖਾਉਂਦਿਆਂ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਉਪਰ ਭਾਰਤੀ ਏਜੰਸੀਆਂ ਦੇ ਏਜੰਟਾਂ ਵਲੋਂ ਹਮਲਾ ਕੀਤਾ ਗਿਆ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਭਾਈ ਮਨਜਿੰਦਰ ਸਿੰਘ ਉਪਰ ਹਮਲਾ ਇਸ ਲਈ ਕੀਤਾ ਗਿਆ ਕਿ ਉਹ ਖਾਲਿਸਤਾਨ ਦੀ ਲੜਾਈ ਮੋਹਰੀ ਹੋ ਕੇ ਲੜਦਾ ਹੈ। ਉਸ ਉਪਰ ਭਾਰਤ ਸਰਕਾਰ ਦੇ ਕਰਿੰਦਿਆਂ ਨੇ ਹਮਲਾ ਕੀਤਾ ਹੈ ਪਰ ਅਸੀਂ ਡਰਨ ਵਾਲੇ ਨਹੀਂ। ਉਹ ਸਿੱਖ ਫਾਰ ਜਸਟਿਸ ਦੇ ਸੀਨੀਅਰ ਕਾਰਕੁੰਨ ਹਨ ਤੇ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਰੋਸ ਪ੍ਰਦਰਸ਼ਨਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ।
ਸਰੀ ਡੈਲਟਾ ਗੁਰੂ ਘਰ ਵਿਚ 12 ਅਪ੍ਰੈਲ 2025 ਨੂੰ ਵਾਪਰੀ ਇਸ ਘਟਨਾ ਬਾਰੇ ਜ਼ਖਮੀ ਹੋਏ ਭਾਈ ਮਨਜਿੰਦਰ ਸਿੰਘ ਦੇ ਸਾਥੀਆਂ ਦਾ ਦੋਸ਼ ਹੈ ਕਿ ਉਹਨਾਂ ਉਪਰ ਇਹ ਹਮਲਾ ਭਾਈ ਮਲਕੀਤ ਸਿੰਘ ਅਜਨਾਲਾ ਤੇ ਉਸਦੇ ਸਾਥੀਆਂ ਵਲੋਂ ਕੀਤਾ ਗਿਆ ਹੈ। ਉਹ ਆਪਣੀ ਵੀਡੀਓ ਵਿਚ ਮਲਕੀਤ ਸਿੰਘ ਅਜਨਾਲਾ ਤੇ ਉਸਦੇ ਸਾਥੀਆਂ ਨੂੰ ਭਾਰਤੀ ਏਜੰਟ ਦੱਸ ਰਹੇ ਹਨ।
ਇਸੇ ਦੌਰਾਨ ਵਾਇਰਲ ਇਕ ਹੋਰ ਵੀਡੀਓ ਵਿਚ ਗੁਰਦੁਆਰਾ ਸਾਹਿਬ ਅੰਦਰ ਦੋ ਧਿਰਾਂ ਵਿਚਾਲੇ ਤਕਰਾਰਬਾਜ਼ੀ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਭਾਈ ਮਨਜਿੰਦਰ ਸਿੰਘ ਆਪਣੇ ਕੁਝ ਹੋਰ ਸਾਥੀਆਂ ਨਾਲ ਗੁਰਦੁਆਰਾ ਪ੍ਰਬੰਧਕਾਂ ਤੋਂ ਗੋਲਕ ਦਾ ਹਿਸਾਬ ਲੈਣ ਦੀ ਗੱਲ ਕਰ ਰਹੇ ਹਨ। ਉਹ ਤਲਖ ਹੁੰਦੇ ਕਹਿ ਰਹੇ ਹਨ ਕਿ ਤੁਸੀਂ ਗੋਲਕ ਚੋਰ ਹੋ, ਡੇਢ ਸਾਲ ਤੋਂ ਗੋਲਕ ਦਾ ਕੋਈ ਹਿਸਾਬ ਨਹੀੰ ਦਿੱਤਾ। ਜਦੋਂ ਗੋਲਕ ਦਾ ਹਿਸਾਬ ਮੰਗਿਆ ਜਾਂਦਾ ਹੈ ਤਾਂ ਅੱਗੋਂ ਗੋਲੀਆਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਵੀਡੀਓ ਵਿਚ ਭਾਈ ਮਨਜਿੰਦਰ ਸਿੰਘ ਗੋਲਕ ਗਿਣੇ ਜਾਣ ਦੀ ਉਡੀਕ ਕਰਨ ਤੇ ਗੋਲਕ ਦਾ ਹਿਸਾਬ ਲੈਣ ਦੀ ਗੱਲ ਕਿਸ ਕਾਰਣ ਕਰ ਰਹੇ, ਇਸ ਬਾਰੇ ਪਤਾ ਨਹੀ ਚੱਲ ਸਕਿਆ। ਪਰ ਇਹ ਪੁਖਤਾ ਜਾਣਕਾਰੀ ਹੈ ਕਿ ਗੋਲਕ ਦੇ ਹਿਸਾਬ ਅਤੇ ਲੈਣ ਦੇਣ ਕਾਰਣ ਹੋਈ ਤਲਖੀ ਲੜਾਈ ਵਿਚ ਬਦਲ ਗਈ ਤੇ ਜਿਸ ਉਪਰੰਤ ਮਨਜਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਸਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਹਮਲੇ ਲਈ ਜਿਸ ਮਲਕੀਤ ਸਿੰਘ ਉਪਰ ਦੋਸ਼ ਲਗਾਏ ਜਾ ਰਹੇ ਹਨ, ਉਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿਚ ਗਵਾਹ ਹਨ।