Headlines

ਚੜਦੇ ਤੇ ਲਹਿੰਦੇ ਪੰਜਾਬ ਨੂੰ ਇਕ ਕਰਨ ਲਈ ਮੁਹਿੰਮ ਦਾ ਸੱਦਾ

ਯੁਨਾਈਟਡ ਪੰਜਾਬ ਫੈਡਰੇਸ਼ਨ ਦਾ ਗਠਨ –

ਜਲੰਧਰ-ਕਦੇ ਪੰਜਾਬ “ਸਪਤ ਸਿੰਧੂ” ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਹੁੰਦੀ  ਸੀ।ਸਪਤ ਦਾ ਮਤਲਬ ਸੱਤ ਤੇ ਸਿੰਧੂ ਦਾ ਮਤਲਬ ਦਰਿਆ ਹੈ।ਸਿੰਧ,ਰਾਵੀ, ਚਨਾਬ, ਜੇਹਲਮ, ਸਤਲੁਜ,  ਬਿਆਸ , ਗੰਡਕ । ਫਿਰ ਇਹ ਪੰਜ ਦਰਿਆਵਾਂ ਦੀ ਧਰਤੀ ਰਹਿ  ਗਿਆ, ਰਾਵੀ, ਚਨਾਬ, ਜੇਹਲਮ, ਸਤਲੁਜ, ਬਿਆਸ। 1947 ਵਿੱਚ ਅੰਗਰੇਜ਼ਾਂ ਨੇ ਹਿੰਦੁਸਤਾਨ ਛੱਡਣ ਤੋਂ ਪਹਿਲਾਂ ਪੰਜਾਬ ਦੀ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਵੰਡ ਕੀਤੀ ਜਿਸ ਤੋਂ  ਬਾਅਦ ਇਹ ਸਿਰਫ ਢਾਈ ਦਰਿਆਵਾਂ ਦਾ ਪੰਜਾਬ ਰਹਿ ਗਿਆ l
ਅਜ਼ਾਦ ਹੋਏ ਨੂੰ ਪੌਣੀ ਸਦੀ ਤੋਂ ਵੱਧ ਸਮਾਂ ਹੋ ਚੱਲਿਆ ਹੈ, ਪਰ ਆਜ਼ਾਦੀ ਮੌਕੇ ਹੰਢਾਇਆ ਦਰਦ ਪੰਜਾਬੀ ਆਪਣੀ ਹਿੱਕ ਵਿੱਚ ਜਿਉਂ ਦਾ ਤਿਉਂ ਦੱਬੀ ਬੈਠੇ ਹਨ। ਕਹਿਣ ਨੂੰ ਤਾਂ ਇਹ ਭਾਰਤ ਦੇਸ਼ ਦੀ ਵੰਡ ਸੀ ਪਰ ਅਸਲ ’ਚ ਜੋ ਨੁਕਸਾਨ ਪੰਜਾਬ ਨੇ ਉਠਾਇਆ ਉਸ ਦਾ ਦੁੱਖ ਅਜੇ ਤੱਕ ਕੋਈ ਨਹੀਂ ਭੁਲਾ ਸਕਿਆ। ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ।
ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਇਸ ਦੇ ਦੋ ਘੁੱਗ ਵੱਸਦੇ ਸ਼ਹਿਰ ਅੰਮ੍ਰਿਤਸਰ ਅਤੇ ਲਾਹੌਰ ਸਦਾ ਸਦਾ ਲਈ ਵੱਖ ਕਰ ਦਿੱਤੇ ਗਏ। ਕਿਸੇ ਸਮੇਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਹੋਇਆ ਕਰਦੀ ਸੀ। ਅੰਮ੍ਰਿਤਸਰ ਅਤੇ ਲਾਹੌਰ ਸ਼ਹਿਰਾਂ ਵਿਚਾਲੇ ਪੰਜਾਹ ਕਿਲੋਮੀਟਰ ਦਾ ਪੈਂਡਾ 75 ਸਾਲ ਬੀਤ ਜਾਣ ’ਤੇ ਵੀ ਤੈਅ ਨਹੀਂ ਹੋ ਸਕਿਆ। ਸਿੱਖਾਂ ਦਾ ਜਾਨ ਤੋਂ ਪਿਆਰਾ ਗੁਰਧਾਮ ਨਨਕਾਣਾ ਸਾਹਿਬ ਅਤੇ ਹੋਰ ਬਹੁਤ ਸਾਰੇ ਗੁਰਦੁਆਰੇ ਸਿੱਖਾਂ ਤੋਂ ਦੂਰ ਪਾਕਿਸਤਾਨ ਵਾਲੇ ਪਾਸੇ ਰਹਿ ਗਏ , ਅੱਜ ਹਰ ਪੰਜਾਬੀ ਉਸ ਸਰਜ਼ਮੀਨ ਦੀ ਦੀ ਧੂੜ ਨੂੰ ਆਪਣੇ ਮੱਥੇ ਨਾਲ ਲਾਉਣ ਲਈ ਤਰਸਦਾ ਹੈ।  ਇਹ ਵੰਡ ਜਮੀਨ ਦੀ ਨਹੀਂ ਬਲਕਿ ਪੰਜਾਬ ਦੀ ਰੂਹ ਦੀ ਵੰਡ ਸੀ ।
ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਇਸ ਵੰਡ ਦੌਰਾਨ ਬਹੁਤ ਸਾਰੀ ਹਿੰਸਾ ਅਤੇ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ। ਇਸ ਵਿੱਚ ਤਕਰੀਬਨ 12 ਲੱਖ ਲੋਕ ਮਾਰੇ ਗਏ ਅਤੇ ਤਕਰੀਬਨ 1.45 ਕਰੋੜ ਸ਼ਰਨਾਰਥੀਆਂ ਨੇ ਆਪਣੇ ਘਰ-ਬਾਰ ਛੱਡ ਕੇ ਬਹੁਗਿਣਤੀ ਫ਼ਿਰਕੇ ਵਾਲੇ ਦੇਸ਼ ਵਿੱਚ ਸ਼ਰਨ ਲਈ।
ਸੰਤਾਲੀ ’ਚ ਹੋਈ ਵੰਡ ਦੀ ਰੂਪ ਰੇਖਾ ਤਿਆਰ ਕਰਨ ਵਾਲਾ ਵਿਅਕਤੀ ਬਰਤਾਨੀਆ ਦਾ ਸਾਬਕਾ ਜੱਜ ਸੀ ਜਿਸ ਦਾ ਨਾਮ ਸਾਇਰਿਲ ਜੋਨ ਰੈਡਕਲਿਫ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਖੁਸ਼ਹਾਲ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਉਹ ਬੰਦਾ ਇਸ ਤੋਂ ਪਹਿਲਾਂ ਕਦੇ ਹਿੰਦੋਸਤਾਨ ਨਹੀਂ ਸੀ ਆਇਆ ਅਤੇ ਨਾ ਹੀ ਉਸ ਨੂੰ ਹਿੰਦੋਸਤਾਨ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਵਾਤਾਵਰਨ ਬਾਰੇ ਕੋਈ ਜਾਣਕਾਰੀ ਸੀ। ਬੱਸ ਉਸ ਨੇ ਆਪਣੇ ਸਾਥੀਆਂ ਨਾਲ ਬੈਠਿਆਂ ਨਕਸ਼ੇ ’ਤੇ ਲਕੀਰ ਖਿੱਚ ਦਿੱਤੀ ਜਿਸ ਨੂੰ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਨਾਮ ਦੇ ਦਿੱਤਾ ਗਿਆ। ਇਸ ਬਾਰੇ ਅਮਰੀਕੀ ਕਵੀ ਡਬਲਿਊ.ਐਚ. ਆਡਿਨ ਨੇ 1966 ’ਚ ਲਿਖੀ ਆਪਣੀ ਕਵਿਤਾ ‘ਵੰਡ’ ’ਚ ਰੈਡਕਲਿਫ ਨੂੰ ਨਿਰਦਈ ਤੱਕ ਕਹਿ ਦਿੱਤਾ।
ਅੱਠ ਜੁਲਾਈ 1947 ਨੂੰ ਭਾਰਤ ਪਹੁੰਚਣ ਮਗਰੋਂ ਰੈਡਕਲਿਫ ਨੂੰ ਸਰਹੱਦ ਬਾਰੇ ਫ਼ੈਸਲਾ ਕਰਨ ਲਈ ਸਿਰਫ਼ ਪੰਜ ਹਫ਼ਤੇ ਦਾ ਸਮਾਂ ਦਿੱਤਾ ਗਿਆ। ਵੰਡ ਲਈ ਸਥਾਪਤ ਕੀਤੀ ਗਈ ਕਮੇਟੀ ਦਾ ਚੇਅਰਮੈਨ ਰੈਡਕਲਿਫ ਨੂੰ ਲਗਾਇਆ ਗਿਆ। ਪੰਜਾਬ ਦੀ ਵੰਡ ਨੂੰ ਮੁੱਖ ਰੱਖਦਿਆਂ ਪੰਜਾਬ ਹੱਦਬੰਦੀ ਕਮਿਸ਼ਨ ਦੇ ਮੈਂਬਰ ਜਸਟਿਸ ਮੇਹਰ ਚੰਦ ਮਹਾਜਨ , ਜਸਟਿਸ ਤੇਜਾ ਸਿੰਘ, ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਨੂੰ ਸ਼ਾਮਿਲ ਕੀਤਾ ਗਿਆ।
ਇਸ ਕਮਿਸ਼ਨ ਲਈ ਸਭ ਤੋਂ ਔਖਾ ਕੰਮ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਰੈਡਕਲਿਫ ਲਿਖਦਾ ਹੈ: ‘‘ਮੈਂ ਨਕਸ਼ਾ ਤਿਆਰ ਕਰਨ ਵੇਲੇ ਮੁਸ਼ਕਿਲ ਵਿੱਚ ਸੀ ਕਿਉਂਕਿ ਭਾਰਤ ਨੂੰ ਇੱਕ ਵੱਡਾ ਸ਼ਹਿਰ ਕਲਕੱਤਾ ਦੇ ਦਿੱਤਾ ਸੀ ਅਤੇ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਾ ਹੋਣ ਕਰਕੇ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।’’ ਉਸ ਨੇ ਆਪਣੇ ਭਤੀਜੇ ਨੂੰ ਲਿਖੀ ਚਿੱਠੀ ਵਿੱਚ ਜ਼ਿਕਰ ਕਰਦਿਆਂ ਕਿਹਾ ਸੀ ਕਿ ‘‘ਮੈਨੂੰ ਭਾਰਤੀ ਕਦੀ ਮਾਫ਼ ਨਹੀਂ ਕਰਨਗੇ ਖ਼ਾਸ ਕਰਕੇ ਸਿੱਖ ਪੰਜਾਬੀ ਜਿਨ੍ਹਾਂ ਕੋਲੋਂ ਉਨ੍ਹਾਂ ਦਾ ਸ਼ਹਿਰ ਲਾਹੌਰ ਖੋਹ ਕੇ ਮੈਂ ਪਾਕਿਸਤਾਨ ਨੂੰ ਦੇ ਦਿੱਤਾ।’’
ਲਾਹੌਰ ਵਿੱਚ ਮੁਸਲਮਾਨ ਬਹੁਗਿਣਤੀ ਵਿੱਚ ਲਗਭਗ 64 ਫ਼ੀਸਦੀ ਸਨ, ਪਰ ਹਿੰਦੂਆਂ ਅਤੇ ਸਿੱਖਾਂ ਦੀਆਂ ਸ਼ਹਿਰ ਲਾਹੌਰ ਵਿੱਚ ਲਗਭਗ 80 ਫ਼ੀਸਦੀ ਸੰਪਤੀਆਂ ਅਤੇ ਕਾਰੋਬਾਰ ਸਨ। ਰੈਡਕਲਿਫ ਨੇ ਅਸਲ ਵਿੱਚ ਲਾਹੌਰ, ਭਾਰਤ ਨੂੰ  ਦੇਣ ਦੀ ਯੋਜਨਾ ਬਣਾਈ ਸੀ। ਪੱਤਰਕਾਰ ਕੁਲਦੀਪ ਨਈਅਰ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ, ‘‘ਮੈਂ ਤੁਹਾਨੂੰ ਲਗਭਗ ਲਾਹੌਰ ਦੇ ਰਿਹਾ ਸਾਂ। ਪਰ ਮੈਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਹੀਂ ਹੋਵੇਗਾ। ਮੈਂ ਕਲਕੱਤਾ ਪਹਿਲਾਂ ਹੀ ਭਾਰਤ ਲਈ ਰੱਖ ਲਿਆ ਸੀ।’’ ਜਦੋਂ ਰੈਡਕਲਿਫ ਨੂੰ ਦੱਸਿਆ ਗਿਆ ਕਿ “ਪਾਕਿਸਤਾਨ ਵਿੱਚ ਮੁਸਲਮਾਨਾਂ ਨੂੰ ਸ਼ਿਕਾਇਤ ਹੈ ਕਿ [ਉਸ ਨੇ] ਭਾਰਤ ਦਾ ਪੱਖ ਪੂਰਿਆ ਹੈ” ਤਾਂ ਉਸ ਨੇ ਜਵਾਬ ਦਿੱਤਾ, “ਉਨ੍ਹਾਂ ਪਾਕਿਸਤਾਨੀਆਂ ਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਲਾਹੌਰ ਸ਼ਹਿਰ ਦਿੱਤਾ ਹੈ। ਜਿਸ ’ਤੇ ਅਸਲ ’ਚ ਭਾਰਤ ਦਾ ਹੱਕ ਬਣਦਾ ਸੀ।’’
ਉਸ ਨੇ ਕੁਲਦੀਪ ਨਈਅਰ ਨੂੰ ਕਿਹਾ ਸੀ, ‘‘ਮੈਨੂੰ ਸਿਰਫ਼ ਪੰਜ ਹਫ਼ਤੇ ਮਿਲੇ ਸਨ ਵੰਡ ਲਈ ਜੇਕਰ ਦੋ ਤਿੰਨ ਸਾਲ ਮਿਲ ਜਾਂਦੇ ਤਾਂ ਮੈਂ ਕਿਸੇ ਨਾਲ ਵਿਤਕਰਾ ਨਾ ਕਰਦਾ।’’
ਐਂਡਰਿਊ ਰਾਬਰਟਸ ਦਾ ਮੰਨਣਾ ਹੈ ਕਿ ਲਾਰਡ ਮਾਊਂਟਬੈਟਨ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਂ ’ਤੇ ਪੰਜਾਬੀਆਂ ਨਾਲ ਧੋਖਾ ਕੀਤਾ। ਉਹ ਲਿਖਦਾ ਹੈ ਕਿ ਜੇ ਗੁਰਦਾਸਪੁਰ ਕਸ਼ਮੀਰ ਦੇ ਬਹਾਨੇ ਭਾਰਤ ਵਿੱਚ ਰਹਿ ਸਕਦਾ ਹੈ ਤਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਕਿਉਂ ਭਾਰਤ ’ਚ ਨਹੀਂ ਸੀ ਰਹਿ ਸਕਦੀ।
ਪੈਰੀ ਐਂਡਰਸਨ ਲਿਖਦਾ ਹੈ ਕਿ ਮਾਊਂਟਬੈਟਨ, ਜਿਸ ਨੂੰ ਅਧਿਕਾਰਤ ਤੌਰ ’ਤੇ ਰੈਡਕਲਿਫ ’ਤੇ ਕੋਈ ਪ੍ਰਭਾਵ ਨਹੀਂ ਵਰਤਣਾ ਚਾਹੀਦਾ ਸੀ, ਉਸ ਨੇ ਇੱਕ ਵੱਡੇ ਆਗੂ ਦੇ ਕਹਿਣ ’ਤੇ ਨਕਸ਼ੇ ਦੀ ਲਕੀਰ ਨੂੰ ਬਦਲਣ ਲਈ ਪਰਦੇ ਪਿੱਛੇ ਦਖਲ ਦਿੱਤਾ ਸੀ।
ਰੈਡਕਲਿਫ ਨੇ ਵੇਖਿਆ ਕਿ ਲਗਭਗ 1.40 ਕਰੋੜ ਲੋਕ ਸਰਹੱਦ ਪਾਰ ਕਰ ਗਏ ਹਨ ਤਾਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋੋਇਆ ਕਿ ਉਸ ਕੋਲੋਂ ਪੰਜਾਬ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਉਹ ਦੇਸ਼ ਦੀ ਆਜ਼ਾਦੀ ਤੋਂ ਦੋ ਦਿਨ ਪਹਿਲਾਂ ਵਤਨ ਪਰਤ ਗਿਆ। ਦੇਸ਼ ਪਰਤ ਕੇ ਉਸ ਨੇ ਇੱਕ ਪ੍ਰੋਗਰਾਮ ’ਚ ਕਿਹਾ ਸੀ, ‘‘ਮੈਨੂੰ ਭਾਰਤ ’ਚ ਕੀਤੀ ਵੰਡ ਦਾ ਦੁੱਖ ਹੈ।
ਅੱਜ 75 ਸਾਲ ਬਾਅਦ ਵੀ ਪੰਜਾਬ ਇਸ ਦਰਦ ਨੂੰ ਆਪਣੇ ਪਿੰਡੇ ਤੇ ਹੰਡਾ ਰਿਹਾ ਹੈ ਅੱਜ ਲੋੜ ਹੈ ਫਿਰ ਤੋਂ ਪੰਜ ਦਰਿਆਵਾਂ ਦੀ ਧਰਤੀ ਨੂੰ ਇੱਕ ਕਰਨ ਦੀ।
ਦਸਮੇਸ਼ ਪਿਤਾ ਜੀ ਦੇ ਬਖਸ਼ਿਸ਼ ਕੀਤੇ ਪਵਿੱਤਰ ਬਚਨ ਜੋ ਸ੍ਰੀ ਅਕਾਲ ਪੁਰਖ ਜੀ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਜੀ ਦੇ ਸਨਮੁੱਖ ਅਰਦਾਸ ਰੂਪ ਵਿੱਚ ਦਸਮ ਗ੍ਰੰਥ ਜੀ ਵਿੱਚ ਅੰਕਿਤ ਹਨ, ਸਿੱਖ ਅਰਦਾਸ ਦਾ ਮੁਢਲਾ ਸਵਰੂਪ ਹੈ। ਦਸਮ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਖਾਲਸਾ ਪੰਥ ਨੇ ਗੁਰਮਤੇ ਰਾਹੀਂ ਇਸ ਅਰਦਾਸ ਬੇਨਤੀ ਵਿੱਚ ਕਲਗੀਧਰ ਪਾਤਿਸ਼ਾਹ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਮ ਸ਼ਾਮਿਲ ਕੀਤੇ। ਇਸ ਉਪਰੰਤ ਸਮੇਂ ਸਮੇਂ ਤੇ ਵਾਪਰੇ ਸਾਕਿਆਂ, ਵਾਕਿਆਂ, ਮੋਰਚਿਆਂ, ਸ਼ਹੀਦਾਂ ਅਤੇ ਤਖ਼ਤ ਸਾਹਿਬਾਨ ਦੇ ਨਾਂ ਸ਼ਾਮਿਲ ਕੀਤੇ ਗਏ। 1947 ਦੀ ਦੇਸ਼ ਵੰਡ ਕਾਰਨ ਪਾਕਿਸਤਾਨ ਵਿੱਚ ਰਹਿ ਗਏ ਵਿਛੜੇ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਕਰਨ ਲਈ ਬੇਨਤੀ ਵੀ ਸਾਡੇ ਪੁਰਖਿਆਂ ਨੇ ਸ਼ਾਮਿਲ ਕਰ ਦਿੱਤੀ ਗਈ ਜੋ ਇਸ ਸਮੇਂ ਅਰਦਾਸ ਦਾ ਮਹੱਤਵਪੂਰਨ ਅੰਗ ਹੈ ਅਤੇ ਹਰ ਅਰਦਾਸ ਵਿੱਚ ਇਸ ਨੂੰ ਬੇਨਤੀ ਰੂਪ ਵਿੱਚ ਹਾਜ਼ਰ ਨਾਜ਼ਰ ਗੁਰੂ ਦੇ ਸਨਮੁਖ ਪੇਸ਼ ਕੀਤਾ ਜਾਂਦਾ ਹੈ ।
ਪਰ ਅਫਸੋਸ ਕਿ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਲਈ ਯਤਨ ਬਿਲਕੁਲ ਨਹੀਂ ਕੀਤੇ ਗਏ ਜਿਸ ਕਾਰਨ ਅੱਜ ਦੇ ਦਿਨ ਵਿੱਚ ਇਹ ਹੋਰ ਵੀ ਮੁਸ਼ਕਲ ਹੋ ਚੁੱਕੇ ਹਨ। ਸ਼ਾਇਦ ਅਸੀਂ ਗੁਰੂ ਸਾਹਿਬ ਦੇ ਨਿਸ਼ਚੇ ਕਰ ਆਪਣੀ ਜੀਤ ਕਰੋਂ ਦੇ ਮੁਖਵਾਕ ਵਿੱਚ ਦਿੱਤੇ ਉਪਦੇਸ਼ ਅਨੁਸਾਰ ਕੰਮ ਕਰਨ ਦੀ ਬਜਾਏ ਸਿਰਫ ਤੇ ਸਿਰਫ ਇਸ ਨੂੰ ਬੇਨਤੀ ਰੂਪ ਵਿੱਚ ਪੜ ਕੇ ਮਾਮਲਾ ਆਪਣੇ ਪੱਖ ਤੋਂ ਖਤਮ ਕਰ ਕੇ ਸੁਰਖ਼ਰੂ ਹੋ ਜਾਂਦੇ ਹਾਂ।
ਆਓ ਸਾਰੇ ਰਲ ਕੇ ਵਿਛੜੇ ਹੋਏ ਚੜਦੇ ਤੇ ਲਹਿੰਦੇ ਪੰਜਾਬ ਨੂੰ ਫਿਰ ਤੋਂ ਇੱਕ ਕਰੀਏ। ਇਸ ਨੂੰ ਫਿਰ ਪੰਜ ਦਰਿਆਵਾਂ ਦੀ ਧਰਤੀ ਬਣਾਈਏ।  ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰੀਏ। ਸਮੂਹ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

-ਯੁਨਾਈਟਡ ਪੰਜਾਬ ਫੈਡਰੇਸ਼ਨ ਦਾ ਗਠਨ-

ਇਸੇ ਦੌਰਾਨ ਸਾਂਝੇ ਪੰਜਾਬ ਤੇ ਸਾਂਝੀ ਵਿਰਾਸਤ ਲਈ ਮੁਹਿੰਮ ਨੂੰ ਛੇੜਦਿਆਂ ਯੁਨਾਈਟਡ ਪੰਜਾਬ ਫੈਡਰੇਸ਼ਨ ਦਾ ਗਠਨ ਕੀਤਾ ਗਿਆ ਹੈ। ਇਸ ਫੈਡਰੇਸ਼ਨ ਦੇ ਸਰਪ੍ਰਸਤ ਸ ਜਸਪਾਲ ਸਿੰਘ ਅਟਵਾਲ ਅਤੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੂੰ ਬਣਾਇਆ ਗਿਆ ਹੈ। ਉਹਨਾਂ ਇਕ ਬਿਆਨ ਰਾਹੀ ਕਿਹਾ ਕਿ ਹੈ ਸਾਂਝੇ ਪੰਜਾਬ ਦੀ ਮੁਹਿੰਮ ਲਈ ਫੈਡਰੇਸ਼ਨ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਉਪਰੰਤ ਪੰਜਾਬ ਨੂੰ ਸਚਮੁੱਚ ਪੰਜ ਦਰਿਆਵਾਂ ਦਾ ਧਰਤੀ ਬਣਾਉਣ ਅਤੇ ਸਾਂਝੀ ਵਿਰਾਸਤ ਨੂੰ ਜੋੜਨ ਲਈ ਵੱਡੀ ਮੁਹਿੰਮ ਛੇੜੀ ਜਾਵੇਗੀ।

ਜਸਪਾਲ ਸਿੰਘ ਅਟਵਾਲ ਤੇ ਲਖਵਿੰਦਰ ਸਿੰਘ ਮੋਮੀ

 

 

Leave a Reply

Your email address will not be published. Required fields are marked *