ਸਰੀ— ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਨੇ ਆਪਣੇ ਵਿਰੋਧੀ ਕੰਸਰਵੇਟਿਵ ਉਮੀਦਵਾਰ ਉਪਰ ਬਹਿਸ ਤੋਂ ਭੱਜਣ ਤੇ ਸਵਾਲ ਉਠਾਏ ਹਨ। ਉਹਨਾਂ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਫਿਰ, ਸਰੀ ਨਿਊਟਨ ਵਿਚ ਕੰਸਰਵੇਟਿਵ ਉਮੀਦਵਾਰ ਨੇ ਬਹਿਸ ਵਿਚ ਹਿੱਸਾ ਲੈਣਾ ਮੁਨਾਸਿਬ ਨਹੀ ਸਮਝਿਆ ਜਦੋਂ ਕਿ ਸਾਡੇ ਭਾਈਚਾਰੇ ਦੇ ਸਾਹਮਣੇ ਕਈ ਸਵਾਲ ਹਨ ਜਿਹਨਾਂ ਦੀ ਜਵਾਬਦੇਹੀ ਜ਼ਰੂਰੀ ਹੈ। ਇਹ ਨਵਾਂ ਨਹੀਂ ਹੈ – ਇਹ ਸਾਰੀ ਮੁਹਿੰਮ ਦੌਰਾਨ ਇੱਕੋ ਕਹਾਣੀ ਰਹੀ ਹੈ। ਉਹਨਾਂ ਹੋਰ ਕਿਹਾ ਇਹ ਪਰਖੀ ਹੋਈ ਸਚਾਈ ਹੈ ਕਿ ਜਦੋਂ ਕੋਈ ਨੌਕਰੀ ਲਈ ਅਪਲਾਈ ਕਰਦਾ ਹੈ ਤਾਂ ਜੇਕਰ ਉਮੀਦਵਾਰ ਇੰਟਰਵਿਊ ਵਿੱਚ ਨਹੀਂ ਆਉਂਦਾ, ਤਾਂ ਤੁਹਾਨੂੰ ਨੌਕਰੀ ‘ਤੇ ਨਹੀਂ ਰੱਖਿਆ ਜਾਵੇਗਾ। ਰਾਜਨੀਤੀ ਵੀ ਇਸਤੋਂ ਵੱਖਰੀ ਨਹੀਂ।
ਮੈਂ ਕਈ ਨੇਤਾਵਾਂ ਦੇ ਅਧੀਨ ਕੰਮ ਕੀਤਾ ਹੈ, ਸਾਨੂੰ ਕਿਸੇ ਨੇ ਕਦੇ ਨਹੀਂ ਕਿਹਾ ਹੈ ਕਿ ਸਾਨੂੰ ਬਹਿਸਾਂ ਵਿੱਚ ਨਹੀਂ ਆਉਣਾ ਚਾਹੀਦਾ। ਕੰਸਰਵੇਟਿਵ ਉਮੀਦਵਾਰ ਦਾ ਵਿਹਾਰ ਇਹ ਦਰਸਾਉਂਦਾ ਹੈ ਕਿ ਉਹ ਵੋਟਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਨੂੰ ਤਿਆਰ ਨਹੀ। ਇਹ ਸਿਰਫ਼ ਨਿਰਾਸ਼ਾਜਨਕ ਨਹੀਂ ਸਗੋਂ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਦੀ ਲੀਡਰਸ਼ਿਪ ਉਪਰ ਵੀ ਵੱਡਾ ਸਵਾਲ ਹੈ। ਉਹਨਾਂ ਹੋਰ ਕਿਹਾ ਕਿ ਮੈਂ ਸਾਲਾਂ ਤੋਂ ਇੱਕੋ ਫ਼ੋਨ ਨੰਬਰ ਰੱਖਿਆ ਹੈ — ਕਿਉਂਕਿ ਮੈਂ ਪਾਰਦਰਸ਼ਤਾ, ਪਹੁੰਚਯੋਗਤਾ ਅਤੇ ਜਵਾਬਦੇਹੀ ਵਿੱਚ ਵਿਸ਼ਵਾਸ ਰੱਖਦਾ ਹਾਂ। ਮੇਰਾ ਦਰਵਾਜ਼ਾ ਲੋਕਾਂ ਲਈ ਹਮੇਸ਼ਾ ਖੁੱਲ੍ਹਾ ਰਿਹਾ ਹੈ ਅਤੇ ਹਮੇਸ਼ਾ ਖੁੱਲਾ ਰਹੇਗਾ।
ਜੇਕਰ ਕੋਈ ਉਮੀਦਵਾਰ ਅਜਿਹਾ ਵੀ ਨਹੀਂ ਕਰ ਸਕਦਾ, ਤਾਂ ਉਸ’ਤੇ ਕਿਸ ਤਰ੍ਹਾਂ ਭਰੋਸਾ ਕੀਤਾ ਜਾ ਸਕਦਾ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ ?
ਸੁਖ ਧਾਲੀਵਾਲ ਵਲੋਂ ਵਿਰੋਧੀ ਉਮੀਦਵਾਰ ਉਪਰ ਬਹਿਸ ਤੋਂ ਭੱਜਣ ਤੇ ਸਵਾਲ
