* ਗੋਬਿੰਦ ਸਰਵਰ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਰਸ ਭਿੰਨਾ ਕੀਰਤਨ –
ਐਡਮਿੰਟਨ (ਗੁਰਪ੍ਰੀਤ ਸਿੰਘ)-ਬੀਤੇ ਦਿਨ ਐਡਮਿੰਟਨ ਸਥਿਤ ਅਲਬਰਟਾ ਵਿਧਾਨ ਸਭਾ ਚ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਵਿਸਾਖੀ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਸਪੀਕਰ ਨੈਤਨ ਕੂਪਰ ਦੀ ਅਗਵਾਈ ਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੋਬਿੰਦ ਸਰਵਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਰਾਸ਼ਟਰੀ ਗਾਨ ਨਾਲ ਕੀਤੀ। ਉਪਰੰਤ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਇਸ ਤੋਂ ਬਾਅਦ ਸਿੱਖ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਬੰਗਾਲੀ ਭਾਈਚਾਰੇ ਵੱਲੋਂ ਵੀ ਸਭਿਆਚਾਰਕ ਨ੍ਰਿਤ ਪੇਸ਼ ਕੀਤਾ ਗਿਆ।
ਉਨ੍ਹਾਂ ਤੋਂ ਬਾਅਦ ਸੂਬੇ ਦੀ ਐਡਵਾਂਸ ਐਜੂਕੇਸ਼ਨ ਮੰਤਰੀ ਰਾਜਨ ਸਾਹਨੀ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ ਤੇ ਹੋਰਾਂ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਵਿਸਾਖੀ ਦੀ ਵਧਾਈ ਦਿੱਤੀ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਦੌਰਾਨ ਸੱਤਾਧਾਰੀ ਯੂ ਸੀ ਪੀ ਦੇ ਨਾਲ-ਨਾਲ ਵਿਰੋਧੀ ਧਿਰ ਐਨ ਡੀ ਪੀ ਦੇ ਆਗੂ ਨਾਹੀਦ ਨੈਂਨਸੀ, ਐਮ ਐਲ ਏ ਜਸਬੀਰ ਦਿਓਲ, ਐਮ ਐਲ ਏ ਗੁਰਿੰਦਰ ਸਿੰਘ ਬਰਾੜ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਸ਼ੈਨ ਗਟਸੈਨ, ਪੀਟਰ ਸਿੰਘ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।
* ਗੁਰਦੁਆਰਾ ਦਰਬਾਰ ਸ਼੍ਰੀ ਗੂਰੁ ਗ੍ਰੰਥ ਸਾਹਿਬ ਵਿਖੇ ਸਜੇ ਵਿਸ਼ੇਸ਼ ਦੀਵਾਨ-
ਖਾਲਸਾ ਸਾਜਨਾ ਦਿਵਸ ਮੌਕੇ ਐਡਮਿੰਟਨ ਦੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਹਰਚਰਨ ਸਿੰਘ ਖਾਲਸਾ ਨੇ ਬੀਤੀ 8 ਅਪ੍ਰੈਲ ਤੋਂ 13 ਅਪ੍ਰੈਲ ਤੱਕ ਹਾਜ਼ਰੀ ਭਰੀ।