ਵਿਕਟੋਰੀਆ ( ਕਾਹਲੋਂ)–: ਇੰਫਰਾਸਟਰਕਚਰ ਅਤੇ ਨਿਰਮਾਣ ਦੀ ਵਿਰੋਧੀ ਧਿਰ ਦੀ ਆਲੋਚਕ ਮਿਸਟੀ ਵੈਨ ਪੋਪਟਾ ਨੇ ਬੀਸੀ ਐਨਡੀਪੀ ਸਰਕਾਰ ਨੂੰ ਨਾਨਾਈਮੋ ਪੇਸ਼ੈਂਟ ਟਾਵਰ ਪ੍ਰੋਜੈਕਟ ਨੂੰ ਧੀਮਾ ਕਰਨ ਤੇ ਝਾੜ ਪਾਈ ਹੈ।
ਨਾਨਾਈਮੋ ਖੇਤਰੀ ਹਸਪਤਾਲ ਡਿਸਟ੍ਰਿਕਟ(NRHD) ਨੇ ਬਿਨਾਂ ਕਿਸੇ ਮਿਸਾਲ ਦੇ ਕਦਮ ਚੁੱਕਦਿਆਂ, ਨਵੇਂ ਪੇਸ਼ੈਂਟ ਟਾਵਰ ਅਤੇ ਦਿਲ ਦੀ ਕੈਥੀਟਰਾਈਜ਼ੇਸ਼ਨ ਲੈਬ ਲਈ ਵਪਾਰਕ ਯੋਜਨਾ ਨੂੰ ਪੂਰਾ ਫੰਡ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਪ੍ਰੀਮੀਅਰ ਡੇਵਿਡ ਈਬੀ ਅਤੇ ਮੰਤਰੀ ਬੋਵਿਨ ਮਾ ਨੂੰ ਫਰਵਰੀ ਵਿੱਚ ਭੇਜੀ ਗਈ ਸੀ, ਜੋ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਆਖਰੀ ਰੁਕਾਵਟ (ਪੈਸੇ ਦੀ) ਦੂਰ ਕਰਦੀ ਹੈ। ਪਰ ਸਰਕਾਰ ਨੇ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ।
ਵੈਨ ਪੋਪਟਾ ਨੇ ਕਿਹਾ, “ਇਹ ਨਾਮਨਜ਼ੂਰ ਹੈ ਕਿ ਸਥਾਨਕ ਸਰਕਾਰਾਂ ਅਤੇ ਨਿੱਜੀ ਸਾਥੀਆਂ ਨੂੰ ਸਿਹਤ ਸੰਭਾਲ ਦੀ ਇਮਾਰਤ ਬਣਾਉਣ ਲਈ ਪੈਸੇ ਪਹਿਲਾਂ ਦੇਣੇ ਪੈ ਰਹੇ ਹਨ, ਜਦੋਂ ਕਿ ਐਨਡੀਪੀ ਸਰਕਾਰ ਕੁਝ ਨਹੀਂ ਕਰ ਰਹੀ। ਇਹ ਪ੍ਰੋਜੈਕਟ ਤਿਆਰ ਅਤੇ ਜ਼ਰੂਰੀ ਹੈ। ਸਰਕਾਰ ਕਿਸ ਚੀਜ਼ ਦੀ ਉਡੀਕ ਕਰ ਰਹੀ ਹੈ?”
ਇਹ ਪੇਸ਼ੈਂਟ ਟਾਵਰ, ਜਿਸ ਦਾ ਐਲਾਨ 2024 ਦੀਆਂ ਚੋਣਾਂ ਤੋਂ ਪਹਿਲਾਂ ਪ੍ਰੀਮੀਅਰ ਈਬੀ ਨੇ ਕੀਤਾ ਸੀ, ਅਜੇ ਵੀ ਯੋਜਨਾ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਫਸਿਆ ਹੋਇਆ ਹੈ। ਇਸ ਦੌਰਾਨ, ਨਾਨਾਈਮੋ ਦੇ ਲੋਕ ਬਿਹਤਰ ਹਸਪਤਾਲ ਸੇਵਾਵਾਂ, ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਲਈ ਇਲਾਜ ਦੀ ਉਡੀਕ ਵਿੱਚ ਹਨ। ਵੈਨ ਪੋਪਟਾ ਨੇ ਜੋੜਿਆ ਕਿ “ਸਰਕਾਰ ਵਿੱਚ ਵਿਸ਼ਵਾਸ ਇਸੇ ਲਈ ਘਟ ਰਿਹਾ ਹੈ। ਸਮੁਦਾਏ ਅਗਵਾਈ ਦਿਖਾ ਰਹੇ ਹਨ, ਪਰ ਐਨਡੀਪੀ ਆਪਣੇ ਵਾਅਦੇ ਤੋੜਨ ਵਿੱਚ ਲੱਗੀ ਹੋਈ ਹੈ।” ਬਿਜਨਸ ਕੇਸ (ਵਪਾਰਕ ਯੋਜਨਾ) ਬੀਸੀ ਦੇ ਇੰਫਰਾਸਟਰਕਚਰ ਪ੍ਰਕਿਰਿਆ ਦਾ ਅਗਲਾ ਕਦਮ ਹੈ, ਪਰ ਇਸ ਨੂੰ ਅੱਗੇ ਵਧਾਉਣ ਲਈ ਸੂਬੇ ਦੀ ਮਨਜ਼ੂਰੀ ਚਾਹੀਦੀ ਹੈ। NRHD ਦਾ ਖ਼ਤ ਹਫ਼ਤੇ ਪਹਿਲਾਂ ਮਿਲਣ ਦੇ ਬਾਵਜੂਦ, ਮੰਤਰੀ ਨੇ ਸਿਰਫ਼ ਇਹੀ ਕਿਹਾ ਹੈ ਕਿ ਸੂਬਾ “ਜਵਾਬ ਤਿਆਰ ਕਰ ਰਿਹਾ ਹੈ।” ਵੈਨ ਪੋਪਟਾ ਨੇ ਅੰਤ ਵਿੱਚ ਕਿਹਾ, “ਜੇ ਇਹ ਸਰਕਾਰ ਬਿਜਨਸ ਪਲਾਨ ਨੂੰ ਮਨਜ਼ੂਰੀ ਨਹੀਂ ਦੇ ਸਕਦੀ, ਜਦੋਂ ਕੋਈ ਹੋਰ ਪੈਸੇ ਦੇ ਰਿਹਾ ਹੈ, ਤਾਂ ਬੀਸੀ ਵਿੱਚ ਹੋਰ ਵੱਡੇ ਪ੍ਰੋਜੈਕਟਾਂ ‘ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਹੁਣ ਕਾਰਵਾਈ ਦਾ ਵਕਤ ਹੈ, ਖਾਲੀ ਬਿਆਨਾਂ ਦਾ ਨਹੀਂ।”