ਕੈਲਗਰੀ ( ਜਗਦੇਵ ਸਿੰਘ ਸਿੱਧੂ)–ਅਮਰੀਕਾ ਦੀਆਂ ਤਿੰਨ ਯੂਨੀਵਰਸਿਟੀਆਂ – ਫਰੈਂਕਫੋਰਡ ਇੰਟਰਨੈਸ਼ਨਲ ਯੂਨੀਵਰਸਿਟੀ, ਵਾਸ਼ਿੰਗਟਨ ਯੂਨੀਵਰਸਿਟੀ ਅਤੇ ਕੈਨੇਡੀ ਯੂਨੀਵਰਸਿਟੀ- ਦੁਆਰਾ ਸੂਰਜਕੁੰਡ, ਦਿੱਲੀ ਦੇ ਹੋਟਲ ਸਰੋਵਰ ਪੋਰਟੀਕੋ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਖੋ-ਵੱਖ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਡਿਗਰੀਆਂ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਫਰੈਂਕਫੋਰਡ ਇੰਟਰਨੈਸ਼ਨਲ ਯੂਨੀਵਰਸਿਟੀ ਨੇ ਕੈਲਗਰੀ ਦੀ ਮੰਨੀ-ਪ੍ਰਮੰਨੀ ਹਸਤੀ, ਸੇਵਾ ਸਿੰਘ ਪ੍ਰੇਮੀ ਨੂੰ “ਆਨਰੇਰੀ ਡਾਕਟ੍ਰੇਟ ਆਫ ਸੋਸ਼ਲ ਸਰਵਿਸ“ ਦੀ ਡਿਗਰੀ ਪ੍ਰਦਾਨ ਕੀਤੀ। ਉਨ੍ਹਾਂ ਨੂੰ ਡਿਗਰੀ ਸਮੇਤ ਇੱਕ ਸ਼ਾਨਦਾਰ ਪਲੇਕ, ਮੈਡਲ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਦੱਸਣਾ ਉਚਿਤ ਹੈ ਕਿ ਡਾ. ਸੇਵਾ ਸਿੰਘ ਪ੍ਰੇਮੀ ਭਾਰਤੀ ਨੇਵੀ, ਰੱਖਿਆ ਵਿਭਾਗ ਅਤੇ ਮਰਚੈਂਟ ਨੇਵੀ ਤੋਂ ਸੇਵਾ-ਮੁਕਤ ਹੋਣ ਮਗਰੋਂ ਕੈਲਗਰੀ ਵਿਚ ਰਹਿ ਕੇ ਸਮਾਜ-ਸੇਵਾ ਦੇ ਕੰਮਾਂ ਵਿਚ ਪੂਰਨ ਸਮਰਪਣ ਨਾਲ਼ ਜੁਟੇ ਹੋਏ ਹਨ। ਉਹ `ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ` ਦੇ ਪ੍ਰਧਾਨ ਵਜੋਂ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਕਈ ਇਨਾਮ ਤੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ਹੀ ਅਮਰੀਕਾ ਦੀ ਇਸ ਯੂਨੀਵਰਸਿਟੀ ਨੇ ਇਹ ਸਨਮਾਨ ਬਖ਼ਸ਼ਿਆ ਹੈ। ਇਤਫ਼ਾਕਨ ਉਹ ਇਨ੍ਹੀਂ ਦਿਨੀਂ ਭਾਰਤ ਗਏ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਧਰਮਿੰਦਰ ਸਿੰਘ ਪ੍ਰੇਮੀ ਵੀ ਹਾਜ਼ਰ ਸਨ। ਡਿਗਰੀ ਮਿਲਣ ਉਪ੍ਰੰਤ ਪ੍ਰੇਮੀ ਜੀ ਨੂੰ ਉਸੇ ਸਮੇਂ, ਉੱਥੇ ਹੀ ਡਾ. ਬਲਵਿੰਦਰਪਾਲ ਸਿੰਘ ਬਲ ਦੇ ਵੱਕਾਰੀ ਪ੍ਰਾਜੈਕਟ ਦਾ ਉਦਘਾਟਨ ਕਰਨ ਦਾ ਵੀ ਮਾਣ ਹਾਸਲ ਹੋਇਆ। ਇਹ ਡਾ. ਬਲ ਦੁਆਰਾ ਅੰਤਰਰਾਸ਼ਟਰੀ ਸਾਫਟਵੇਅਰ ਦੇ ਭਾਈਵਾਲਾਂ ਨਾਲ਼ ਮਿਲ ਕੇ ਤਿਆਰ ਕੀਤਾ `ਸਮਾਰਟ ਡਿਜੀਟਲ ਬੋਰਡ` ਹੈ ਜਿਸ ਨਾਲ ਕਲਾਸ ਰੂਮ ਦੀ ਪੜ੍ਹਾਈ ਸਮੇਂ ਅਧਿਆਪਕ-ਵਿਦਿਆਰਥੀ ਸੰਵਾਦ ਜ਼ਰੀਏ ਵਿੱਦਿਆ ਦੇ ਖੇਤਰ ਵਿਚ ਇਨਕਲਾਬ-ਨੁਮਾ ਤਬਦੀਲੀ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਬਾਲੀਵੁੱਡ ਐਕਟਰ ਰਾਹੁਲ ਰਾਏ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। ਸੇਵਾ ਸਿੰਘ ਪ੍ਰੇਮੀ ਨੇ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ ਅਤੇ ਕੈਲਗਰੀ ਦੇ ਪੰਜਾਬੀ ਭਾਈਚਾਰੇ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਦਾ ਉਚੇਚਾ ਜ਼ਿਕਰ ਕੀਤਾ।