Headlines

ਅੰਮ੍ਰਿਤਸਰ ਹਵਾਈ ਅੱਡੇ ’ਤੇ ਟਰਾਲੀਆਂ ਅਤੇ ਵ੍ਹੀਲਚੇਅਰ ਸਹਾਇਤਾ ਦੀ ਘਾਟ ਕਾਰਨ ਯਾਤਰੀ ਹੋ ਰਹੇ ਪਰੇਸ਼ਾਨ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸੁਵਿਧਾਵਾਂ ਵਿੱਚ ਸੁਧਾਰ ਦੀ ਮੰਗ ਦੁਹਰਾਈ-

ਅੰਮ੍ਰਿਤਸਰ: – ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ’ਤੇ ਬੁਨਿਆਦੀ ਯਾਤਰੀ ਸੁਵਿਧਾਵਾਂ ਦੀ ਘਾਟ — ਖਾਸ ਕਰਕੇ ਰਵਾਨਗੀ (ਡਿਪਾਰਚਰ) ਟਰਮੀਨਲ ’ਤੇ ਟਰਾਲੀਆਂ ਅਤੇ ਵ੍ਹੀਲਚੇਅਰ ਸਹਾਇਤਾ ਦੀ ਉਪਲਬਧਤਾ ਨਾ ਹੋਣ ’ਤੇ ਗੰਭੀਰ ਚਿੰਤਾ ਜਤਾਈ ਹੈ।

ਇਹ ਮਾਮਲਾ ਮੁੜ ਉਭਰ ਕੇ ਸਾਹਮਣੇ ਉਦੋਂ ਆਇਆ ਜਦੋਂ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ, ਜੋ ਕਿ ਅਮਰੀਕਾ ਦੇ ਵਸਨੀਕ ਹਨ, ਬੀਤੇ ਦਿਨੀਂ ਅੰਮ੍ਰਿਤਸਰ ਤੋਂ ਦੁਬਈ ਦੀ ਉਡਾਣ ਲੈਣ ਲਈ ਸਵੇਰੇ 6:45 ਵਜੇ ਹਵਾਈ ਅੱਡੇ ਪਹੁੰਚੇ। ਉਹ ਆਪਣੇ ਇੱਕ ਪਰਿਵਾਰਕ ਮੈਂਬਰ ਨਾਲ ਤਿੰਨ ਵੱਡੇ, ਦੋ ਛੋਟੇ ਅਤੇ ਲੈਪਟਾਪ ਬੈਗ ਆਦਿ ਲੈ ਕੇ ਆਏ ਸੀ, ਪਰ ਡਿਪਾਰਚਰ ਟਰਮੀਨਲ ਦੇ ਬਾਹਰ ਕੋਈ ਵੀ ਟਰਾਲੀ ਉਪਲਬਧ ਨਾ ਹੋਣ ਕਰਕੇ, ਉਹਨਾਂ ਨੂੰ ਸਾਰਾ ਸਮਾਨ ਖੁਦ ਹੀ ਵਾਰੋ ਵਾਰੀ ਖਿੱਚ ਕੇ ਅੰਦਰ ਲਿਜਾਣੇ ਪਏ।

ਗੁਮਟਾਲਾ ਨੇ ਕਿਹਾ, “ਇਹ ਦੇਖ ਕੇ ਹੈਰਾਨੀ ਹੋਈ ਕਿ ਕਈ ਯਾਤਰੀ ਆਗਮਨ (ਅਰਾਈਵਲ) ਟਰਮੀਨਲ ਵੱਲ ਟਰਾਲੀਆਂ ਲੱਭਣ ਜਾਂਦੇ ਦੇਖੇ ਗਏ। ਉੱਥੇ ਕੋਈ ਸਾਈਨਬੋਰਡ ਨਹੀਂ ਸੀ ਜਿੱਥੇ ਇਹ ਦਰਸਾਇਆ ਗਿਆ ਹੋਵੇ ਕਿ ਟਰਾਲੀ ਜਾਂ ਵ੍ਹੀਲਚੇਅਰ ਦੀ ਕਿਹੜੀ ਥਾਂ ਹੈ ਤੇ ਉਹ ਕਿੱਥੇ ਮਿਲ ਸਕਦੀ ਹੈ। ਹਵਾਈ ਅੱਡੇ ਨਵੇਂ ਬਨਾਉਣ, ਉਹਨਾਂ ਦੇ ਵਿਕਾਸ ’ਤੇ ਕ੍ਰੋੜਾਂ ਰੁਪਏ ਖਰਚੇ ਜਾਂਦੇ ਹਨ ਅਤੇ ਯਾਤਰੀਆਂ ਤੋਂ ਟਿਕਟ ਦੇ ਕਿਰਾਏ ਵਿੱਚ ਉਪਭੋਗਤਾ ਫੀਸ ਦੀ ਵੀ ਵਸੂਲੀ ਕੀਤੀ ਜਾਂਦੀ ਹੈ, ਫਿਰ ਵੀ ਇਹ ਬੁਨਿਆਦੀ ਸੁਵਿਧਾਵਾਂ ਉਪਲੱਬਧ ਨਹੀਂ ਹੋ ਰਹੀਆਂ।”

ਉਹਨਾਂ ਨੇ ਰਵਾਨਗੀ ਟਰਮੀਨਲ ਵਾਲੇ ਪਾਸੇ ਇੱਕ ਵੱਖਰਾ, ਸਪਸ਼ਟ ਤੌਰ ’ਤੇ ਨਿਸ਼ਾਨਬੱਧ ਟਰਾਲੀ ਪਿਕਅੱਪ ਜ਼ੋਨ ਬਣਾਉਣ ਅਤੇ ਸਟਾਫ਼ ਨਿਯੁਕਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। “ਜੇ ਲੋੜ ਹੋਵੇ ਤਾਂ ਟਰਾਲੀਆਂ ਦੇ ਕਿਰਾਏ ਲਈ ਆਟੋਮੇਟਿਕ ਭੁਗਤਾਨ ਮਸ਼ੀਨਾਂ ਲਗਾ ਦਿੱਤੀਆਂ ਜਾਣ — ਤਾਂ ਜੋ ਟਰਾਲੀਆਂ ਦਾ ਦੁਰਉਪਯੋਗ ਰੋਕਿਆ ਜਾ ਸਕੇ ਅਤੇ ਜਿਨ੍ਹਾਂ ਨੂੰ ਲੋੜ ਹੈ, ਸਿਰਫ ਉਹੀ ਹੀ ਪੈਸੇ ਪਾ ਕੇ ਇਹਨਾਂ ਨੂੰ ਲੈ ਸਕਣ।”

ਗੁਮਟਾਲਾ ਨੇ ਇੱਕ ਹੋਰ ਗੰਭੀਰ ਸਮੱਸਿਆ ਵੱਲ ਵੀ ਧਿਆਨ ਦਿਵਾਇਆ — ਰਵਾਨਗੀ ਵਾਲੇ ਪਾਸੇ ’ਤੇ ਵ੍ਹੀਲਚੇਅਰ ਸਹਾਇਤਾ ਲਈ ਕੋਈ ਵਿਸ਼ੇਸ਼ ਬੂਥ ਜਾਂ ਨਿਯਤ ਸਹਾਇਕ ਨਹੀਂ ਹੁੰਦੀ, ਜਿਸ ਨਾਲ ਵੱਡੇ ਉਮਰ ਵਾਲੇ ਅਤੇ ਅੰਗਹੀਣ ਯਾਤਰੀਆਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਕਈ ਵਾਰ, ਜੋ ਸਹਾਇਤਾ ਕਰਮਚਾਰੀ ਮਿਲਦੇ ਹਨ, ਉਹ ਅਕਸਰ ਹੱਦ ਤੋਂ ਵੱਧ ਪੈਸੇ ਮੰਗਦੇ ਹਨ, ਅਤੇ ਲੋੜਵੰਦਾਂ ਦੀ ਲਾਚਾਰੀ ਦਾ ਫਾਇਦਾ ਚੁੱਕਦੇ ਹਨ।

ਇਸੇ ਸਮੱਸਿਆ ਸੰਬੰਧੀ ਜੱਸ ਸਿੰਘ, ਜੋ ਕਿ ਅਮਰੀਕਾ ਵਿਖੇ ਗੁਮਟਾਲਾ ਦੇ ਹੀ ਸ਼ਹਿਰ ਦੇ ਵਾਸੀ ਹਨ ਅਤੇ ਅੰਮ੍ਰਿਤਸਰ ਤੋਂ ਨਿਯਮਤ ਤੌਰ ’ਤੇ ਯਾਤਰਾ ਕਰਦੇ ਹਨ, ਨੇ ਵੀ ਹਾਲ ਹੀ ’ਚ ਗੁਮਟਾਲਾ ਨਾਲ ਸੰਪਰਕ ਕਰਕੇ ਟਰਾਲੀ ਦੀ ਉਪਲਬਧਤਾ ਨਾ ਹੋਣ ’ਤੇ ਨਾਰਾਜ਼ਗੀ ਜਤਾਈ। ਉਹਨਾਂ ਕਿਹਾ ਕਿ “ਇਹ ਅਫ਼ਸੋਸਜਨਕ ਹੈ ਕਿ ਆਪਣੇ ਹੀ ਸ਼ਹਿਰ ਦੇ ਹਵਾਈ ਅੱਡੇ ਤੋਂ ਯਾਤਰਾ ਕਰਦੇ ਹੋਏ ਲੋਕ ਇਨ੍ਹਾਂ ਮੁਢਲੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।”

ਗੁਮਟਾਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਏਅਰਪੋਰਟ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਇਹ ਮਸਲਾ ਕਈ ਵਾਰੀ ਚੁੱਕਿਆ ਗਿਆ ਸੀ। “ਸਾਨੂੰ ਕਿਹਾ ਗਿਆ ਕਿ ਨਵੀਆਂ ਟਰਾਲੀਆਂ ਖਰੀਦੀਆਂ ਜਾ ਰਹੀਆਂ ਹਨ, ਪਰ ਜੇ ਉਹਨਾਂ ਦਾ ਠੀਕ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਕੁਝ ਸੌ ਟਰਾਲੀਆਂ ਕਿਸੇ ਕੰਮ ਦੀਆਂ ਨਹੀਂ।”

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਲਗਾਤਾਰ ਮੀਡੀਆ, ਚਿੱਠੀਆਂ ਆਦਿ ਰਾਹੀਂ ਹਵਾਈ ਅੱਡੇ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਦੀ ਮੰਗ ਕਰਦੇ ਆਏ ਹਨ। ਗੁਮਟਾਲਾ ਨੇ ਡਿਪਾਰਚਰ ਟਰਮੀਨਲ ’ਤੇ ਹੁਣ ਵਧੇਰੇ ਨਵੇਂ ਐੰਟਰੀ ਗੇਟ ਖੋਲ੍ਹਣ ਦੀ ਮੰਗ ਨੂੰ ਪੂਰਾ ਕਰਨ ਦੀ ਸ਼ਲਾਘਾ ਕੀਤੀ, ਜਿਸ ਨਾਲ ਯਾਤਰੀਆਂ ਦੇ ਅੰਦਰ ਜਾਣ ਦੀ ਪ੍ਰਕਿਰਿਆ ਸੁਖਾਲੀ ਹੋਈ ਹੈ।

ਉਹਨਾਂ ਆਖ਼ਰ ਵਿੱਚ ਕਿਹਾ ਕਿ “ਟਰਾਲੀਆਂ, ਵ੍ਹੀਲਚੇਅਰ ਸਹਾਇਤਾ ਅਤੇ ਵਾਈ-ਫਾਈ ਵਰਗੀਆਂ ਛੋਟੀਆਂ ਪਰ ਮਹੱਤਵਪੂਰਣ ਸੁਵਿਧਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।” ਮੰਚ ਵੱਲੋਂ ਏਅਰਪੋਰਟ ਡਾਇਰੈਕਟਰ ਸ਼੍ਰੀ ਐਸ. ਕੇ. ਕਪਾਹੀ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ ਇਸ ਮਾਮਲੇ ਬਾਰੇ ਲਿਖਤੀ ਤੌਰ ’ਤੇ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

Leave a Reply

Your email address will not be published. Required fields are marked *