Headlines

ਸਰੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ‘ਤੇ ਕਿਰਾਏ ਦੇ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ

ਸਰੀ ( ਕਾਹਲੋਂ)- ਕੌਂਸਲ ਦੀ ਇਕ ਮੀਟਿੰਗ ਦੌਰਾਨ ਸਰੀ  ਕੌਂਸਲ ਨੇ ਸ਼ਹਿਰ ਦੀ ਜ਼ਮੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਦਾ ਮਕਸਦ-ਨਿਰਧਾਰਿਤ ਕਿਰਾਏ ਦੇ ਘਰਾਂ ਦਾ ਵਿਕਾਸ ਕਰਨਾ ਹੈ, ਇਸ ਨਾਲ ਸਰੀ ਵਿੱਚ 350 ਕਿਰਾਏ ਦੇ ਨਵੇਂ ਮਕਾਨ ਸ਼ਾਮਲ ਹੋਣਗੇ। ਇਨ੍ਹਾਂ ਵਿੱਚੋਂ ਘੱਟੋ-ਘੱਟ 20% ਨਵੇਂ ਯੂਨਿਟ ਬਾਜ਼ਾਰ ਦਰਾਂ ਤੋਂ ਘੱਟ ਕਿਰਾਏ ‘ਤੇ ਦਿੱਤੇ ਜਾਣਗੇ। 2.9 ਏਕੜ ਦੀ ਇਹ ਸਾਈਟ 10975 – 126A ਸਟਰੀਟ ‘ਤੇ ਸਥਿਤ ਹੈ, ਜੋ ਕਿ ਸਾਊਥ ਵੈਸਟਮਿੰਸਟਰ ਨੇਬਰਹੁੱਡ ਅਤੇ ਸਕਾਟ ਰੋਡ ਸਕਾਈ ਟਰੇਨ ਸਟੇਸ਼ਨ ਦੇ ਨਜ਼ਦੀਕ ਹੈ। ਮੇਅਰ ਬਰੈਂਡਾ ਲੌਕ ਨੇ ਕਿਹਾ, “ਕੌਂਸਲ ਸਰੀ ਵਿੱਚ ਸਸਤੀ ਰਿਹਾਇਸ਼ ਦੀ ਘਾਟ ਨੂੰ ਦੂਰ ਕਰਨ ਲਈ ਸ਼ਹਿਰੀ ਜ਼ਮੀਨ ਦੀ ਵਰਤੋਂ ਦੀ ਮਨਜ਼ੂਰੀ ਦੇ ਕੇ ਸਹਾਇਤਾ ਕਰ ਰਹੀ ਹੈ”। “ਇਸ ਸਾਈਟ ਨੂੰ ਚੁਣਨ ਦਾ ਇੱਕ ਮੁੱਖ ਕਾਰਨ, ਇਹ ਰੈਪਿਡ ਟਰਾਂਜ਼ਿਟ ਅਤੇ ਨਾਰਥ ਸਰੀ ਸਪੋਰਟ ਅਤੇ ਆਈਸ ਕੰਪਲੈਕਸ ਦੇ ਨੇੜੇ ਹੈ।  ਜਦੋਂ ਇਹ ਵਿਕਾਸ ਪੂਰਾ ਹੋਵੇਗਾ, ਤਾਂ ਇਨ੍ਹਾਂ ਨਵੀਆਂ ਯੂਨਿਟਾਂ ਨਾਲ ਸਰੀ ਦੀ ਰਿਹਾਇਸ਼ੀ ਚੋਣ ਵਿੱਚ ਵੱਡਾ ਬਦਲਾਅ ਆਵੇਗਾ।”

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਛੇ ਮੰਜ਼ਿਲਾਂ ਵਿਕਾਸ ਵਿੱਚ ਲੱਕੜ ਦੇ ਢਾਂਚੇ ਸ਼ਾਮਲ ਹੋਣਗੇ, ਜੋ ਕਿ ਇਸ ਖੇਤਰ ਦੀਆਂ ਹੋਰ ਰਿਹਾਇਸ਼ੀ ਇਮਾਰਤਾਂ ਦੀ ਤਰ੍ਹਾਂ ਹੀ ਹੋਣਗੇ। ਇਹ ਪ੍ਰੋਜੈਕਟ, ਸਰੀ ਦੀ ਅਫੋਰਡੇਬਲ ਰੈਂਟਲ ਹਾਊਸਿੰਗ ਰਣਨੀਤੀ (Surrey Affordable Rental Housing Strategy) ਦਾ ਹਿੱਸਾ ਹੈ, ਜਿਸਦਾ ਮਕਸਦ ਕਿਰਾਏ ਵਾਲੀਆਂ ਰਹਾਇਸ਼ੀ ਥਾਵਾਂ ਨੂੰ ਸੁਰੱਖਿਅਤ ਅਤੇ ਬਰਕਰਾਰ ਰੱਖਣ ਦੇ ਨਾਲ -ਨਾਲ ਇਨ੍ਹਾਂ ‘ਚ ਵਾਧਾ ਕਰਨਾ ਹੈ, ਤਾਂ ਜੋ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਕਿਰਾਏਦਾਰਾਂ ਲਈ ਵਧੇਰੇ ਸਸਤੀ ਰਿਹਾਇਸ਼ ਉਪਲਬੱਧ ਕਰਵਾਈ ਜਾ ਸਕੇ।    ਸਿਟੀ ਮੈਨੇਜਰ ਰੌਬ ਕੋਸਟੈਨਜ਼ੋ ਨੇ ਕਿਹਾ, “ਇਹ ਸਰੀ ਲਈ ਇੱਕ ਰਣਨੀਤਿਕ ਮੌਕਾ ਹੈ ਕਿ ਅਸੀਂ ਆਪਣੇ ਸ਼ਹਿਰ ਦੀਆਂ ਤੁਰੰਤ ਘਰਾਂ ਦੀਆਂ ਲੋੜਾਂ ਨੂੰ ਸ਼ਹਿਰੀ ਜ਼ਮੀਨ ਉੱਤੇ, ਸੋਚ-ਵਿਚਾਰ ਨਾਲ ਉਸਾਰ ਕੇ ਕਿਰਾਏ ਦੇ ਵਿਕਾਸ ਰਾਹੀਂ ਹੱਲ ਕਰੀਏ। ਕੌਂਸਲ ਦੀ ਪ੍ਰਵਾਨਗੀ ਦੇ ਨਾਲ, ਸਟਾਫ਼ ਹੁਣ ਇੱਕ ਵਿਕਾਸ ਭਾਈਵਾਲ ਨੂੰ ਸੁਰੱਖਿਅਤ ਕਰਨ ਲਈ ਖ਼ਰੀਦ ਪ੍ਰਕਿਰਿਆ ਸ਼ੁਰੂ ਕਰੇਗਾ ਜੋ ਇਨ੍ਹਾਂ ਘਰਾਂ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਕਰੇਗਾ। ਸਾਡਾ ਇਰਾਦਾ 2027 ਵਿੱਚ ਨਿਰਮਾਣ ਦੀ ਸ਼ੁਰੂਆਤ ਕਰ, 2029 ਤੱਕ ਇਸਨੂੰ ਪੂਰਾ ਕਰਨ ਦਾ ਟੀਚਾ ਹੈ। ਇਸ ਪ੍ਰੋਜੈਕਟ ਨਾਲ ਅਸੀਂ ਭਾਈਚਾਰੇ ਦੀਆਂ ਜ਼ਰੂਰਤਾਂ ਅਤੇ ਤੇਜ਼ ਆਵਾਜਾਈ ਪਹੁੰਚ ਦੋਵਾਂ ਨਾਲ ਜੋੜ ਕੇ, ਸਰੀ ਦੇ ਵਸਨੀਕਾਂ ਲਈ ਵਧੇਰੇ ਕਿਫ਼ਾਇਤੀ, ਆਧੁਨਿਕ ਵਿਕਲਪ ਪ੍ਰਦਾਨ ਕਰ ਸਕਦੇ ਹਾਂ।”

ਜਦੋਂ ਕਿ ਸ਼ਹਿਰ ਨੇ ਪ੍ਰਾਈਵੇਟ ਪ੍ਰੋਪਰਟੀ ‘ਤੇ ਕਿਰਾਏ ਦੇ ਘਰਾਂ ਦੀ ਵਿਕਾਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ, ਸ਼ਹਿਰ ਨੇ ਆਪਣੀ ਮਾਲਕੀ ਵਾਲੀਆਂ  ਹੋਰ ਜ਼ਮੀਨਾਂ ‘ਤੇ ਵੀ ਕਿਰਾਏ ਦੇ ਘਰਾਂ ਨੂੰ ਲਿਆਉਣ ਵਿੱਚ ਸਹਾਇਤਾ ਕਰ ਰਿਹਾ ਹੈ। ਇਸ ਸਮੇਂ, ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ, ਨੇ ਸ਼ਹਿਰੀ ਜ਼ਮੀਨਾਂ ‘ਤੇ 1,800 ਰਿਹਾਇਸ਼ੀ ਯੂਨਿਟਾਂ ਦੇ ਮਲਟੀ-ਫੈਜ਼ ਪ੍ਰੋਜੈਕਟ ਦੇ ਵਿਕਾਸ ਲਈ ਅਰਜ਼ੀ ਦਿੱਤੀ ਹੋਈ ਹੈ।

Leave a Reply

Your email address will not be published. Required fields are marked *