ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਨੇ 14 ਅਪ੍ਰੈਲ ਨੂੰ ਵੀਵੋ ਦੇ ਹਾਲ ਵਿਚ ਭਰਵੀਂ ਮੀਟਿੰਗ ਕਰ ਕੇ ਵਿਸਾਖੀ ਮਨਾਈ-
ਕੈਲਗਰੀ-ਬੀਤੇ ਦਿਨੀਂ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਦੀ ਮੀਟਿੰਗ ਦੀ ਸ਼ੁਰੂਆਤ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਕਰਦਿਆਂ ਵਿਸਾਖੀ ਦਿਵਸ ਦੇ ਕਈ ਪਹਿਲੂਆਂ ਤੇ ਸੰਖੇਪ ਝਾਤ ਪੁਆਈ ਜਿਵੇਂ ਹਾੜ੍ਹੀ ਦੀ ਫਸਲ ਵੱਢਣ ਦਾ ਸਮਾਂ ਅਤੇ ਖਾਲਸੇ ਦੀ ਸਾਜਨਾ। ਇਸ ਦੇ ਨਾਲ਼ ਹੀ 14 ਅਪ੍ਰੈਲ ਨੂੰ ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਸੰਵਿਧਾਨ ਦੇ ਰੂਪ ਵਿਚ ਵਡਮੁੱਲੀ ਦੇਣ ਨੂੰ ਯਾਦ ਕੀਤਾ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਪੰਜਾਬੀ ਸਾਹਿਤਕਾਰ ਕੇਸਰ ਸਿੰਘ ਨੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਇਸ ਸਮੇਂ ਦੁਨੀਆਂ ਅੰਦਰ ਸਭ ਤੋਂ ਵੱਧ ਭਖਦੇ ਮਸਲੇ `ਟਰੰਪ-ਟੈਰਿਫ` `ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਮੀਰਾਂ ਦੇ ਅਖੌਤੀ ਸਰਦਾਰ ਅਮਰੀਕਾ ਉਪਰ ਸਾਰੇ ਮੁਲਕਾਂ ਤੋਂ ਵੱਧ ਕਰਜ਼ਾ ਹੈ। ਉਨ੍ਹਾਂ ਨੇ ਲੋਕਤੰਤਰ ਦੇ ਅਖੌਤੀ ਪਹਿਰੇਦਾਰ ਅਮਰੀਕਾ ਦੇ ਲੋਕਾਂ ਦੁਆਰਾ ਡੋਨਾਲਡ ਟਰੰਪ ਜਿਹੇ ਅਵੈੜੇ ਵਿਅੱਕਤੀ ਨੂੰ ਰਾਸ਼ਟਰਪਤੀ ਚੁਨਣ ਲਈ ਉਨ੍ਹਾਂ ਦੀ ਸਿਆਣਪ ਉਪਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਅਮਰੀਕਾ ਦਾ ਪਿੱਠੂ ਬਨਣ ਦੀ ਬਜਾਏ ਭਾਰਤ ਵਰਗੇ ਦੇਸ਼ਾਂ ਨਾਲ਼ ਸੰਬੰਧ ਸੁਧਾਰਨੇ ਚਾਹੀਦੇ ਹਨ। ਉਨ੍ਹਾਂ ਨੇ ਆ ਰਹੀਆਂ ਫੈਡਰਲ ਚੋਣਾਂ ਸਮੇਂ ਬਗੈਰ ਕਿਸੇ ਬਾਹਰੀ ਅਸਰ ਤੋਂ ਸੋਚ-ਸਮਝ ਕੇ ਕਾਬਲ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਹਰਿੰਦਰ ਕੌਰ ਮੁੰਡੀ ਦਾ ਵਿਚਾਰ ਸੀ ਕਿ ਖਾਲਸਾ ਸਾਜਨਾ ਸਮੇਂ ਜਾਤ-ਪਾਤ ਅਤੇ ਊਚ-ਨੀਚ ਦਾ ਭੇਦ ਮਿਟਾਇਆ ਗਿਆ। ਨਾਲ਼ ਹੀ ਉਸ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ-ਸੁਮਨ ਭੇਟ ਕਰਦਿਆਂ ਕਿਹਾ ਕਿ ਉਸ ਨੇ ਦੱਬੇ- ਕੁਚਲੇ ਅਤੇ ਅਣਗੌਲ਼ੇ ਲੋਕਾਂ ਨੂੰ ਵੋਟ ਦਾ ਬਰਾਬਰ ਅਧਿਕਾਰ ਦੇ ਕੇ ਮਹਾਨ ਕੰਮ ਕੀਤਾ। ਸੁਰਿੰਦਰ ਢਿੱਲੋਂ ਨੇ ਦਰਸ਼ਕਾਂ ਨੂੰ ਹਸਾ ਕੇ ਹਾਜ਼ਰੀ ਲਵਾਈ। ਜੋਗਾ ਸਿੰਘ ਲੈਹਲ ਨੇ ਗੋਡਾ ਬਦਲਣ ਦੇ ਰੁਝਾਨ ਨਾਲ਼ ਸੰਬੰਧਤ ਚੁਟਕਲੇ ਸੁਣਾ ਕੇ ਹਾਸ-ਰਸ ਦਾ ਮਾਹੌਲ ਕਾਇਮ ਰੱਖਿਆ ਜਦੋਂ ਕਿ ਤਰਲੋਕ ਚੁੱਘ ਨੇ ਚੋਣਾਂ ਬਾਰੇ ਵਿਅੰਗ ਕਸਦਿਆਂ ਚੁਟਕਲਿਆਂ ਦੀ ਝੜੀ ਲਾ ਦਿੱਤੀ। ਹੈਰੀ ਸੇਖੋਂ ਨੇ ਗੁੱਸੇ `ਤੇ ਕਾਬੂ ਪਾਉਣ ਲਈ ਅਹਿਮ ਨੁਸਖੇ ਸੁਝਾਏ ਜਿਵੇਂ ਮਾੜੀ ਭਾਸ਼ਾ ਨਾ ਵਰਤਣਾ, ਆਪਣੇ ਵਿਚਾਰ ਨਾ ਠੋਸਣਾ, ਜ਼ਬਰਦਸਤੀ ਨਾ ਕਰਨਾ ਆਦਿ।
ਸ਼ਮਿੰਦਰ ਸਿੰਘ ਅਤੇ ਸੁਰਜੀਤ ਕੌਰ ਕੰਮੋਹ ਦੀ ਜੋੜੀ ਨੇ ` ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚੱਲ ਮੇਰੇ ਨਾਲ਼ ਕੁੜੇ` ਪੂਰੀ ਮਸਤੀ ਨਾਲ਼ ਗਾ ਕੇ ਮੇਲੇ ਦਾ ਮਾਹੌਲ ਸਿਰਜਿਆ। ਸੁਖਮੰਦਰ ਗਿੱਲ ਨੇ ਹਾਰਮੋਨੀਅਮ ਦੀਆਂ ਸੁਰਾਂ `ਤੇ ਇਹ ਗੀਤ ਪੇਸ਼ ਕਰ ਕੇ ਦਰਸ਼ਕਾਂ ਨੂੰ ਵਿਚਾਰ-ਮਗਨ ਕਰ ਦਿੱਤਾ – ਸੱਚੇ ਆਸ਼ਕ ਮੁਨਾਫ਼ਾ ਕਦੇ ਖਟਦੇ ਨੀਂ ਹੁੰਦੇ / ਪੋਟਾ-ਪੋਟਾ ਕੱਟੇ ਜਾਣ ਪਿੱਛੇ ਹਟਦੇ ਨੀਂ ਹੁੰਦੇ। ਗੁਰਜੀਤ ਕੌਰ ਬਾਵੇਜਾ ਨੇ ਕੰਨਾਂ ਦੀ ਆਤਮ-ਕਥਾ ਮਿਹਣੇ ਭਰੇ ਮਖੌਲੀਆ ਅੰਦਾਜ਼ ਵਿਚ ਪੇਸ਼ ਕੀਤੀ। ਵਿਚਾਰੇ ਕੰਨਾਂ ਨੂੰ ਮੰਦਾ-ਚੰਗਾ ਸਭ ਸੁਨਣਾ ਪੈਂਦਾ ਹੈ, ਅੱਖਾਂ ਦੀਆਂ ਐਨਕਾਂ ਦਾ ਭਾਰ ਸਹਿਣਾ ਪੈਂਦਾ ਹੈ, ਅਧਿਆਪਕ ਦੀਆਂ ਚਪੇੜਾਂ ਵੀ ਇੱਥੇ ਹੀ ਵਜਦੀਆਂ ਨੇ, ਆਦਿ। ਨਾਲ਼ ਹੀ ਗੁਰਦਿਆਲ ਸਿੰਘ ਖਹਿਰਾ ਨੇ ਪੇਟ ਦੇ ਵਿਰੁੱਧ ਅੰਗਾਂ ਦੀ ਬਗ਼ਾਵਤ ਵਾਲ਼ੀ ਕਹਾਣੀ ਸੁਣਾ ਦਿੱਤੀ। ਪ੍ਰਮਿੰਦਰ ਗਰੇਵਾਲ਼ ਨੇ ਮਲੇਸ਼ੀਆ ਦੌਰੇ ਸਮੇਂ ਹੋਏ ਅਨੁਭਵ ਸਾਂਝੇ ਕਰਦਿਆਂ ਉੱਥੋਂ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ।
ਫੈਡਰਲ ਚੋਣਾਂ ਦੇ ਉਮੀਦਵਾਰ -ਅਮਨਦੀਪ ਸਿੰਘ ਗਿੱਲ, ਰਾਜੇਸ਼ ਅੰਗਰਾਲ਼, ਡਾ. ਜੈਗ ਅਨੰਦ ਅਤੇ ਹਫ਼ੀਜ਼ ਮਲਿਕ ਨੇ ਆਪਣੇ ਚੋਣ-ਮਨੋਰਥਾਂ ਬਾਰੇ ਜਾਣਕਾਰੀ ਦੇ ਕੇ ਵੋਟਾਂ ਮੰਗੀਆਂ। ਮੀਟਿੰਗ ਦੇ ਸ਼ੁਰੂ ਵਿਚ ਸੁਖਵਿੰਦਰ ਕੌਰ (ਸੁੱਖੀ ਕੁੰਡੂ) ਦੇ ਪਰੋਸੇ ਪਕੌੜੇ, ਜਸਵੀਰ ਕੌਰ ਧਾਲ਼ੀਵਾਲ਼ ਦੀਆਂ ਜਲੇਬੀਆਂ ਅਤੇ ਅਖੀਰ ਵਿਚ ਵਰਤਾਏ ਪੌਸ਼ਟਿਕ ਭੋਜਨ ਦਾ ਸਵਾਦ ਵਿਸਾਖੀ ਦਿਵਸ ਦਾ ਸਿਖਰ ਹੋ ਨਿਬੜਿਆ।