Headlines

ਕੈਨੇਡੀਅਨ ਨੇਤਾਵਾਂ ਦੀ ਦੂਸਰੀ ਬਹਿਸ ਦੌਰਾਨ ਵੀ ਲਿਬਰਲ ਨੇਤਾ ਕਾਰਨੀ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ

ਓਟਵਾ ( ਦੇ ਪ੍ਰ ਬਿ)–ਫੈਡਰਲ ਚੋਣਾਂ ਲਈ ਪਾਰਟੀ ਨੇਤਾਵਾਂ ਦੀ ਅੰਗਰੇਜ਼ੀ ਭਾਸ਼ਾ ਵਿਚ ਬਹਿਸ ਦੌਰਾਨ ਲਿਬਰਲ ਨੇਤਾ ਮਾਰਕ ਕਾਰਨੀ ਵਿਰੋਧੀਆਂ ਦਾ  ਮੁੱਖ ਨਿਸ਼ਾਨਾ ਰਹੇ। ਚੋਣਾਂ  ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧੀਆਂ ਕੋਲ ਲਿਬਰਲ ਨੇਤਾ ਦੀ  ਕੈਨੇਡੀਅਨ ਲੋਕਾਂ ਦੇ ਰਹਿਣ ਸਹਿਣ ਦੀ ਲਾਗਤ ਨੂੰ ਕੰਟਰੋਲ ਕਰਨ ਅਤੇ ਡੋਨਾਲਡ ਟਰੰਪ ਦੇ ਵਪਾਰ ਯੁੱਧ ਬਾਰੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਨ ਦਾ ਆਖਰੀ ਮੌਕਾ ਸੀ। ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਕਾਰਨੀ ਨੂੰ ਜਸਟਿਨ ਟਰੂਡੋ ਦਾ ਦੂਸਰਾ ਰੂਪ ਦਸਦਿਆਂ  ਦੋਸ਼ ਲਗਾਇਆ ਕਿ ਉਹ ਪਾਇਪਲਾਈਨਾਂ ਨੂੰ ਰੋਕਣਾ ਚਾਹੁੰਦਾ ਹੈ । ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕੈਨੇਡਾ ਨੂੰ ਅਮਰੀਕਾ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਧ ਰਹੇ ਅਪਰਾਧਾਂ ਪ੍ਰਤੀ ਨਰਮ ਰਹਿਣ ਅਤੇ ਨਾਕਾਮ ਹਾਊਸਿੰਗ ਨੀਤੀਆਂ ਅਪਨਾਉਣ ਦਾ ਵੀ ਦੋਸ਼ ਲਗਾਇਆ। ਪੋਲੀਵਰ ਨੇ ਕਿਹਾ ਕਿ ਮਾਰਕ ਕਾਰਨੀ ਚੌਥੀ ਲਿਬਰਲ ਸਰਕਾਰ ਲਈ ਫਤਵਾ ਮੰਗ ਕਰ ਰਿਹਾ ਹੈ ਅਤੇ ਉਨ੍ਹਾਂ ਵਾਅਦਿਆਂ ਨੂੰ ਦੁਹਰਾ ਰਿਹਾ ਹੈ ਜਿਨ੍ਹਾਂ ਨੇ ਤੁਹਾਨੂੰ ਘਰੋਂ ਬੇਘਰ ਕੀਤਾ। ਸਾਨੂੰ ਤਬਦੀਲੀ ਦੀ ਲੋੜ ਹੈ।

ਨੇਤਾਵਾਂ ਦੀ ਬਹਿਸ ਦੌਰਾਨ ਅਮਰੀਕਾ ਵਲੋਂ ਕੈਨੇਡਾ ਨੂੰ ਟੈਰਿਫ ਧਮਕੀਆਂ ਦੇ ਮੁੱਦੇ ਤੇ ਕਾਰਨੀ ਨੂੰ ਤਿੰਨਾਂ ਨੇਤਾਵਾਂ ਨੇ ਘੇਰਦਿਆਂ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਉਸਦੀ ਪਹੁੰਚ ਦੀ ਆਲੋਚਨਾ ਕੀਤੀ।
ਪੌਲੀਵਰ ਨੇ ਅਲਬਰਟਾ ਨੂੰ ਪੂਰਬੀ ਤੱਟ ਨਾਲ ਜੋੜਨ ਵਾਲੀ ਤੇਲ ਪਾਈਪਲਾਈਨ ਦਾ ਸਮਰਥਨ ਨਾ ਕਰਨ ਲਈ ਕਾਰਨੀ ਦੀ ਆਲੋਚਨਾ ਕੀਤੀ, ਜਦੋਂ ਕਿ ਸਿੰਘ ਨੇ ਕਿਹਾ ਕਿ ਕਾਰਨੀ ਨੇ ਕਾਮਿਆਂ ਲਈ ਰੁਜ਼ਗਾਰ ਬੀਮਾ ਲਾਭਾਂ ਨੂੰ ਵਧਾਉਣ ਲਈ ਕੋਈ ਕੰਮ ਨਹੀਂ ਕੀਤਾ ਹੈ। ਬਲਾਂਸ਼ੇ  ਨੇ ਕਾਰਨੀ ‘ਤੇ ਫਰੈਂਚ ਵਿਚ ਕੁਝ ਹੋਰ ਤੇ ਅੰਗਰੇਜੀ ਵਿਚ ਕੁਝ ਹੋਰ ਕਹਿਣ ਦਾ ਦੋਸ਼ ਲਗਾਇਆ।
ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਅਮਰੀਕਾ ਨਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ। ਉਸ ਨੇ ਕਿਹਾ ਕਿ ਕਾਊਂਟਰ ਟੈਰਿਫਾਂ ਨੂੰ ਕੈਨੇਡੀਅਨਾਂ ‘ਤੇ ਪ੍ਰਭਾਵ ਨੂੰ ਘੱਟ ਕਰਨ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਅੰਤਰਰਾਜੀ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਕਰੇਗੀ।
ਕੈਨੇਡੀਅਨ ਲੋਕਾਂ ਦੇ ਰਹਿਣ ਸਹਿਣ ਦੀਆਂ ਲਾਗਤਾਂ ਵਿਚ ਵਾਧਾ ਅਤੇ  ਹਾਊਸਿੰਗ ਸੰਕਟ ਉਪਰ ਚਰਚਾ ਦੌਰਾਨ ਕਾਰਨੀ ਅਤੇ ਪੋਲੀਵਰ ਦੋਵਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਜੀਐਸਟੀ ਰਾਹਤ ਦੇਣਗੇ। ਪੋਲੀਵਰ ਨੇ ਕਾਰਨੀ ਨੂੰ ਸਵਾਲ ਕੀਤਾ ਕਿ ਮਿਸਟਰ  ਕਾਰਨੀ ਕੀ ਤੁਸੀਂ ਟਰੂਡੋ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਅੱਗੇ ਵਧਾਓਗੇ। ਕਾਰਨੀ ਨੇ ਇਹ ਕਹਿ ਕੇ ਜਵਾਬ ਦਿੱਤਾ, ਕਿ  ਤੁਸੀਂ ਜਸਟਿਨ ਟਰੂਡੋ ਅਤੇ ਕਾਰਬਨ ਟੈਕਸ ਦੇ ਵਿਰੁੱਧ ਚੱਲਦੇ ਹੋਏ ਕਈ ਸਾਲ ਬਿਤਾਏ ਅਤੇ ਹੁਣ ਉਹ ਦੋਵੇਂ ਖਤਮ ਹੋ ਗਏ ਹਨ।
ਸਿੰਘ ਨੇ ਗਰੋਸਰੀ ਦੀਆਂ ਕੀਮਤਾਂ ਅਤੇ ਮਹਿੰਗਾਈ ਨਾਲ ਨਜਿੱਠਣ ਦੀ ਮਹੱਤਤਾ ਬਾਰੇ ਗੱਲ ਕੀਤੀ। ਉਸਨੇ ਕਿਹਾ ਕਿ ਐਨਡੀਪੀ ਗਰੋਸਰੀ ‘ਤੇ ਜੀਐਸਟੀ ਬਰੇਕ ਲਈ ਜ਼ੋਰ ਦੇਵੇਗੀ।
ਕਾਰਨੀ ਨੇ ਬਰੁਕਫੀਲਡ ਇਨਵੈਸਟਮੈਂਟਸ ਕੰਪਨੀ ਨਾਲ ਆਪਣੇ ਸਬੰਧਾਂ ਅਤੇ ਹਿੱਤਾਂ ਦੇ ਸੰਭਾਵੀ ਟਕਰਾਅ ਬਾਰੇ ਸਿੰਘ ਅਤੇ ਬਲਾਂਸ਼ੇ ਦੋਵਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ।
ਜਨਤਕ ਸੁਰੱਖਿਆ ਦੇ ਮੁੱਦੇ ਤੇ ਕਾਰਨੀ ਨੂੰ ਲਿਬਰਲ ਬੰਦੂਕ ਬਾਇਬੈਕ ਯੋਜਨਾ ਨੂੰ ਮੁੜ ਸੁਰਜੀਤ ਕਰਨ ਦੀ ਉਸਦੀ ਯੋਜਨਾ ਬਾਰੇ ਪੁੱਛਿਆ ਗਿਆ ।”
ਪੋਲੀਵਰ ਨੇ ਕਿਹਾ ਕਿ ਜੇਕਰ ਉਸਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਗੰਭੀਰ ਅਪਰਾਧਾਂ ਲਈ ਸਖਤ ਕਾਨੂੰਨ ਲਿਆਉਣਗੇ।
ਸਿੰਘ ਨੇ ਕਿਹਾ ਕਿ ਹਾਲਾਂਕਿ ਸਾਰੀਆਂ ਪਾਰਟੀਆਂ ਇਸ ਗੱਲ ‘ਤੇ ਸਹਿਮਤ ਹਨ ਕਿ ਗੰਭੀਰ ਅਪਰਾਧ ਕਰਨ ਵਾਲੇ  ਸਖ਼ਤ ਸਜ਼ਾ ਦੇ ਹੱਕਦਾਰ ਹਨ ਪਰ ਅਪਰਾਧਾਂ ਨੂੰ ਵਾਪਰਨ ਤੋਂ ਪਹਿਲਾਂ ਰੋਕਣ ਲਈ ਪੁਨਰਵਾਸ ਅਤੇ ਮਾਨਸਿਕ ਸਿਹਤ ਸੇਵਾਵਾਂ ਵਿੱਚ ਨਿਵੇਸ਼ ਕਰਨਾ ਵੀ ਮਹੱਤਵਪੂਰਨ ਹੈ। ਬਲਾਂਸ਼ੇ  ਨੇ ਕਿਹਾ ਕਿ ਕੈਨੇਡਾ ਨੂੰ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ, ਜਿਸ ਵਿੱਚ ਕੁਝ ਗੈਂਗਾਂ ਨੂੰ ਅੱਤਵਾਦੀ ਸਮੂਹਾਂ ਵਜੋਂ ਸੂਚੀਬੱਧ ਕਰਨਾ ਸ਼ਾਮਲ ਹੈ।
ਕੈਨੇਡਾ ਲਈ ਸਭ ਤੋਂ ਵੱਡਾ ਖ਼ਤਰਾ ਕੀ ਹੈ?
ਇਹ ਪੁੱਛੇ ਜਾਣ ‘ਤੇ ਕਿ ਕੈਨੇਡਾ ਲਈ ਸਭ ਤੋਂ ਵੱਡਾ ਖ਼ਤਰਾ ਕੀ ਹੈ, ਕਾਰਨੀ ਨੇ ਕਿਹਾ, “ਮੇਰੇ ਖ਼ਿਆਲ ਵਿਚ ਕੈਨੇਡਾ ਲਈ ਸਭ ਤੋਂ ਵੱਡਾ ਸੁਰੱਖਿਆ ਖਤਰਾ ਚੀਨ ਹੈ।
ਪੋਲੀਵਰ ਨੇ ਸਭ ਤੋਂ ਵੱਡੇ ਖ਼ਤਰੇ ਵਜੋਂ “ਜਬਰਦਸਤ ਅਪਰਾਧ ਦਰ ਵਿਚ ਵਧਾ ਜੋ ਕਿ ਕਾਬੂ ਤੋਂ ਬਾਹਰ ਹੋ ਰਹੀ ਹੈ” ਦੀ ਪਛਾਣ ਕੀਤੀ, ਜਦੋਂ ਕਿ ਸਿੰਘ ਨੇ ਕਿਹਾ ਕਿ ਇਹ “ਸਰਹੱਦ ਪਾਰੋਂ ਆਉਣ ਵਾਲੇ ਹਥਿਆਰ ਵੀ ਖਤਰਨਾਕ ਹਨ।
ਬਲਾਂਸ਼ੇ ਨੇ ਕਿਹਾ, “ਇਹ ਤੱਥ ਕਿ ਨਾ ਤਾਂ ਕਿਊਬਿਕ ਅਤੇ ਨਾ ਹੀ ਕੈਨੇਡਾ ਆਪਣੀ ਰੱਖਿਆ ਕਰਨ ਦੇ ਯੋਗ ਹਨ।  ਅਸੀਂ ਅਜੇ ਵੀ ਆਪਣੀ ਰੱਖਿਆ ਲਈ ਪੂਰੀ ਤਰ੍ਹਾਂ ਅਮਰੀਕੀਆਂ ‘ਤੇ ਨਿਰਭਰ ਹਾਂ” ਇਹ ਸਭ ਤੋਂ ਵੱਡਾ ਖ਼ਤਰਾ ਹੈ।

ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਬਲੌਕ ਕਿਊਬੈਕਾ ਨੇਤਾ ਫਰਾਂਸਵਾ ਬਲਾਂਸ਼ੇ  ਵੀ ਲਿਬਰਲ ਨੇਤਾ ਦੇ ਦੁਆਲੇ ਰਹੇ ਜਿਹੜਾ ਸ਼ਾਂਤ ਰਿਹਾ ਅਤੇ ਦਲੀਲ ਦਿੱਤੀ ਕਿ ਉਨ੍ਹਾਂ ਦੀਆਂ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਨਾਲੋਂ ਵੱਖਰੀਆਂ ਨੀਤੀਆਂ ਅਤੇ ਵੱਖਰੀ ਸ਼ੈਲੀ ਹੈ। ਟਰੂਡੋ ਦੇ ਅਸਤੀਫਾ ਦੇਣ ਅਤੇ ਟਰੰਪ ਦੇ ਸੱਤਾ ਵਿਚ ਆਉਣ ਨਾਲ ਸਿਆਸੀ ਦ੍ਰਿਸ਼ ਕਾਫੀ ਬਦਲ ਗਿਆ ਹੈ। ਲਿਬਰਲ ਨੇਤਾ ਦੇ ਕੈਨੇਡਾ ਅਤੇ ਬਰਤਾਨੀਆ ਵਿਚ ਦੋ ਵਾਰ ਸੈਂਟਰਲ ਬੈਂਕ ਦਾ ਗਵਰਨਰ ਵਜੋਂ ਅਕਸ ਬਣਿਆਂ ਹੋਣ ਕਾਰਨ ਪਾਰਟੀ ਕੁਝ ਹੱਦ ਤੱਕ ਟਰੂਡੋ ਤੋਂ ਦੂਰ ਹੋ ਗਈ ਹੈ। ਪਿਛਲੇ ਡੇਢ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪੋਲੀਵਰ ਦੀ ਅਗਵਾਈ ਵਿਚ ਕੰਸਰਵੇਟਿਵਾਂ ਨੂੰ ਦੋ ਅੰਕਾਂ ਦਾ ਲਾਭ ਹੁੰਦਾ ਰਿਹਾ ਪਰ ਉਹ ਅੰਕੜੇ ਹੁਣ ਖਤਮ ਹੋ ਗਏ। ਹੁਣ ਪਿਛਲੇ ਕੁਝ ਹਫ਼ਤਿਆਂ ਦੇ ਲੋਕ ਰਾਇ ਸਰਵੇਖਣ ਤੋਂ ਸੰਕੇਤ ਮਿਲਦਾ ਹੈ ਕਿ ਕਾਰਨੀ ਕਾਰਨ ਲਿਬਰਲਜ਼ ਕੰਸਰਵੇਟਿਵਾਂ ਤੋਂ ਪੰਜ ਅੰਕ ਅੱਗੇ ਚਲ ਰਹੇ ਹਨ। ਪੋਲ ਇਹ ਵੀ ਸੁਝਾਅ ਦਿੰਦੇ ਹਨ ਕਿ ਪਹਿਲੀ ਵਾਰ ਸਿਆਸਤਦਾਨ ਬਣੇ ਲਿਬਰਲ ਨੇਤਾ ਪੋਲੀਵਰ ਦੇ ਬਜਾਏ ਪ੍ਰਧਾਨ ਮੰਤਰੀ ਲਈ ਸਰਬੋਤਮ ਵਿਕਲਪ ਹੈ। ਨੈਨੋ ਰਿਸਰਚ ਦੇ ਚੀਫ ਡਾਟਾ ਵਿਗਿਆਨੀ ਪੋਲਸਟਰ ਨਿਕ ਨੈਨੋਸ ਦਾ ਕਹਿਣਾ ਕਿ ਕਾਰਨੀ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਰਿਹਾ ਹੈ ਅਤੇ 28 ਅਪ੍ਰੈਲ ਦੀ ਚੋਣਾਂ ਲਈ ਪੋਲੀਵਰ ਨੂੰ ਕੋਈ ਮੌਕਾ ਨਹੀਂ ਦੇ ਰਿਹਾ। ਬਹਿਸ ਦੌਰਾਨ ਕੋਈ ਵੀ ਆਗੂ ਜੇਤੂ ਜਾਂ ਹਾਰਿਆ ਹੋਇਆ ਨਹੀ ਲੱਗਾ। ਸਾਰਿਆਂ ਨੇ ਆਪੋ ਆਪਣੇ ਪੱਖ ਤੋਂ ਜਵਾਬ ਦਿੱਤੇ। ਉਂਜ ਲਿਬਰਲ ਆਗੂ ਵਿਰੋਧੀ ਆਗੂਆਂ ਦੇ ਮੁੱਖ ਨਿਸ਼ਾਨੇ ਤੇ ਰਹੇ। ਪੋਲੀਵਰ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਕਾਰਨੀ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦਾ ਹੀ ਦੂਸਰਾ ਰੂਪ ਹਨ। ਉਹਨਾਂ ਕੋਲ ਉਹੀ ਸਟਾਫ ਹੈ, ਉਹੀ ਐਮ ਪੀ ਤੇ ਮੰਤਰੀ ਹੋਣਗੇ। ਇਸ ਲਈ ਕੈਨੇਡੀਅਨ ਲੋਕ ਮੁੜ ਲਿਬਰਲ ਸਰਕਾਰ ਨੂੰ ਸਹਿਣ ਨਹੀ ਕਰ ਸਕਦੇ।

 

Leave a Reply

Your email address will not be published. Required fields are marked *