Headlines

ਉਘੇ ਸਾਹਿਤਕਾਰ ਨਦੀਮ ਪਰਮਾਰ ਦਾ ਸਦੀਵੀ ਵਿਛੋੜਾ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)- ਪੰਜਾਬੀ ਤੇ ਉਰਦੂ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਨਦੀਮ ਪਰਮਾਰ (ਕੁਲਵੰਤ ਸਿੰਘ ਪਰਮਾਰ) ਸਦੀਵੀ ਵਿਛੋੜਾ ਦੇ ਗਏ ਹਨ ।  ਉਹ ਕੈਨੇਡਾ ਵਿਖੇ ਪਿਛਲੇ ਪੰਜ ਦਹਾਕਿਆ ਤੋਂ ਵੱਧ ਸਮੇਂ ਤੋਂ ਰਹਿ ਰਹੇ ਸਨ। ਨਦੀਮ ਪਰਮਾਰ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲਾ ਲਾਇਲਪੁਰ ਦੇ ਚੱਕ 138 ‘ਚ 9 ਜੂਨ 1936 ਨੂੰ ਹੋਇਆ। ਆਪ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ। ਮਗਰੋਂ ਲੰਡਨ ਵਿਖੇ ਐਲ.ਬੀ.ਈ. ਐਜੂਕੇਸ਼ਨ ਦੀ ਡਿਗਰੀ ਹਾਸਲ ਕਰਕੇ ਪੜ੍ਹਾਉਣ ਦੇ ਖੇਤਰ ਵਿੱਚ ਆਏ।
1973 ਵਿੱਚ ਕੈਨੇਡਾ ਆ ਵੱਸੇ, ਜਿਥੇ ਸਾਹਿਤਕ ਜਗਤ ਦੀਆਂ ਸੰਸਥਾਵਾਂ ; ਪੰਜਾਬੀ ਲੇਖਕ ਮੰਚ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਰਹੇ। ਨਦੀਮ ਪਰਮਾਰ ਨੇ ਨਾਵਲ, ਕਵਿਤਾ ਤੇ ਕਹਾਣੀ ਖੇਤਰ ਵਿੱਚ ਬਹੁਤ ਅਹਿਮ ਪੁਸਤਕਾਂ ਲਿਖੀਆਂ।
ਗਜ਼ਲ ਖੇਤਰ ਵਿੱਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਸੀ। ਉਹਨਾਂ ਦੀ ਆਖਰੀ ਲਿਖਤ ਨਾਵਲ ‘2025 ਬੀਹ ਸੌ  ਪੱਚੀ ‘ਭਾਰਤ ਦੇ ਮੌਜੂਦਾ ਫਾਸ਼ੀਵਾਦੀ ਦੌਰ ਅਤੇ ਆਰ ਐਸ ਐਸ ਦੀ ਸ਼ਤਾਬਦੀ ਦੇ ਮੌਕੇ ‘ਤੇ ਲਿਖਿਆ ਗਿਆ ਅਜਿਹਾ ਨਾਵਲ ਹੈ, ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਨੀ ਹੀ ਥੋੜੀ ਹੈ। ਕੁਝ ਮਹੀਨੇ ਪਹਿਲਾਂ ਇਹ ਨਾਵਲ ਸਰੀ ਵਿਖੇ ਇਕ ਸਮਾਗਮ ਦੌਰਾਨ  ਲੋਕ ਅਰਪਣ ਕੀਤਾ ਗਿਆ।
ਅੱਜ 89 ਸਾਲ ਦੀ ਚੰਗੀ ਉਮਰ ਭੋਗ ਕੇ ਨਦੀਮ ਪਰਮਾਰ ਚਾਹੇ ਜਿਸਮਾਨੀ ਤੌਰ ‘ਤੇ ਸਾਡੇ ਵਿਚਕਾਰ ਨਹੀਂ, ਪਰ ਸਾਹਿਤਕ ਹਲਕਿਆਂ ਵਿੱਚ ਹਮੇਸ਼ਾ ਉਹਨਾਂ ਦਾ ਜ਼ਿਕਰ ਹੁੰਦਾ ਰਹੇਗਾ।

Leave a Reply

Your email address will not be published. Required fields are marked *