Headlines

ਕੈਨੇਡਾ ਚੋਣਾਂ: ਐਡਵਾਂਸ ਪੋਲਿੰਗ ਦੇ ਪਹਿਲੇ ਦਿਨ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੋਟ ਪਾਈ

ਸਰੀ, 18 ਅਪ੍ਰੈਲ (ਹਰਦਮ ਮਾਨ)-ਫੈਡਰਲ ਚੋਣਾਂ ਲਈ ਅੱਜ ਐਡਵਾਂਸ ਪੋਲਿੰਗ ਦਾ ਪਹਿਲਾ ਦਿਨ ਸੀ ਅਤੇ ਬਹੁਤ ਸਾਰੇ ਵੋਟਰ ਅੱਜ ਆਪਣੇ ਨੇੜਲੇ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਲਈ ਪੁੱਜੇ। ਇਸੇ ਦੌਰਾਨ ਬਰਨਬੀ ਸਾਊਥ ਹਲਕੇ ਤੋਂ ਚੋਣ ਲੜ ਰਹੇ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਅੱਜ ਬਰਨਬੀ ਸੈਂਟਰਲ ਸੈਕੰਡਰੀ ਸਕੂਲ (6011 ਡੀਅਰ ਲੇਕ ਪੀਕੇਵਾਈ) ਵਿਖੇ ਬਰਨਬੀ-ਸੈਂਟਰਲ ਐਡਵਾਂਸਡ ਪੋਲਿੰਗ ਸਟੇਸ਼ਨ ‘ਤੇ ਪਹਿਲੇ ਦਿਨ ਵੋਟ ਪਾਈ। ਆਪਣੀ ਵੋਟ ਪਾਉਣ ਤੋਂ ਬਾਅਦ ਜਗਮੀਤ ਸਿੰਘ ਨੇ ਵੋਟਰਾਂ ਨੂੰ ਘਰਾਂ ‘ਚੋਂ ਨਿਕਲਣ ਅਤੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਫਰਵਰੀ 2019 ਵਿੱਚ ਹੋਈ ਉਪ-ਚੋਣ ਤੋਂ ਬਾਅਦ ਬਰਨਬੀ-ਸਾਊਥ ਹਲਕੇ ਵਿੱਚ ਆਪਣੀ ਸੀਟ ‘ਤੇ ਕਾਇਮ ਹਨ।

ਇਲੈਕਸ਼ਨ ਕੈਨੇਡਾ ਅਨੁਸਾਰ ਐਡਵਾਂਸਡ ਵੋਟਿੰਗ ਸ਼ਨੀਵਾਰ, ਐਤਵਾਰ ਅਤੇ ਸੋਮਵਾਰ 19 ਅਪ੍ਰੈਲ ਤੋਂ 21 ਅਪ੍ਰੈਲ ਤੱਕ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਜਾਰੀ ਰਹੇਗੀ। ਪਹਿਲਾਂ ਵੋਟ ਪਾਉਣ ਲਈ ਵੋਟਰ 22 ਅਪ੍ਰੈਲ ਤੱਕ ਕਿਸੇ ਵੀ ਇਲੈਕਸ਼ਨ ਕੈਨੇਡਾ ਦਫ਼ਤਰ ਵਿੱਚ ਵੋਟ ਪਾ ਸਕਦੇ ਹਨ ਅਤੇ ਇਹਨਾਂ ਦਫ਼ਤਰਾਂ ਦੀ ਜਾਣਕਾਰੀ ਔਨਲਾਈਨ ਮਿਲ ਸਕਦੀ ਹੈ। ਇਹ ਦਫ਼ਤਰ ਹਫ਼ਤੇ ਦੇ ਸੱਤ ਦਿਨ ਖੁੱਲ੍ਹੇ ਰਹਿਣਗੇ: ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐਤਵਾਰ ਦੁਪਹਿਰ ਤੋਂ ਸ਼ਾਮ 4 ਵਜੇ ਤੱਕ।

ਵੋਟਰ ਵਿਸ਼ੇਸ਼ ਬੈਲਟ ਪ੍ਰਕਿਰਿਆ ਦੀ ਵਰਤੋਂ ਕਰ ਕੇ ਡਾਕ ਰਾਹੀਂ ਵੀ ਵੋਟ ਪਾ ਸਕਦੇ ਹਨ। ਵਿਸ਼ੇਸ਼ ਬੈਲਟ ਦੁਆਰਾ ਵੋਟ ਪਾਉਣ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਮੰਗਲਵਾਰ, 22 ਅਪ੍ਰੈਲ ਹੈ ਅਤੇ ਇਹ ਬੈਲਟ ਪੇਪਰ ਚੋਣ ਵਾਲੇ ਦਿਨ – ਸੋਮਵਾਰ, 28 ਅਪ੍ਰੈਲ ਤੱਕ ਵਾਪਸ ਕਰਨੇ ਹੋਣਗੇ।

Leave a Reply

Your email address will not be published. Required fields are marked *