ਸਰੀ-ਪੰਜਾਬ ਭਵਨ ਕੈਨੇਡਾ ਦੇ ਮੁੱਖ ਸੰਚਾਲਕ ਅਤੇ ਦੁਨੀਆਂ ਭਰ ‘ਚ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਲੈ ਕੇ ਜਾਣ ਵਾਲੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਵਾਪਰੀ ਆਤੰਕੀ ਘਟਨਾ ਦੌਰਾਨ ਮਸੂਮ ਤੇ ਨਿਹੱਥੇ ਲੋਕਾਂ ਦੇ ਕਤਲੇਆਮ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਦੁਨੀਆਂ ਭਰ ‘ਚ ਕਿਧਰੇ ਵੀ ਵਾਪਰਦੀਆਂ ਤਾਂ ਦਿਲ ‘ਤੇ ਗਹਿਰੀ ਸੱਟ ਵੱਜਦੀ ਹੈ | ਉਨ੍ਹਾਂ ਕਿਹਾ ਕਿ ਹਰ ਧਰਮ ਮਨੁੱਖਤਾ ਨੂੰ ਆਪਸੀ ਪ੍ਰੇਮ ਪਿਆਰ ਦਾ ਸਬਕ ਦਿੰਦਾ ਹੈ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੀ ਗੱਲ ਕਰਦਾ ਹੈ, ਪਰ ਦੁਨੀਆਂ ਦੇ ਇਤਿਹਾਸ ਨੂੰ ਫਰੋਲੀਏ ਤਾਂ ਧਰਮਾਂ ਦੇ ਨਾਂਅ ‘ਤੇ ਲੜਾਈ ‘ਚ ਹੀ ਹੁਣ ਤੱਕ ਮਨੁੱਖਤਾ ਦਾ ਸਭ ਤੋਂ ਵੱਧ ਖੂਨ ਵਹਾਇਆ ਗਿਆ | ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ‘ਚ ਅਸੀਂ ਇਕ ਦੂਜੇ ਦੇ ਸਹਿਯੋਗ ਨਾਲ ਤਰੱਕੀ ਤੇ ਖੁਸ਼ਹਾਲੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਾਂ ਤੇ ਇਸ ਖਾਤਰ ਸਾਨੂੰ ਨਫ਼ਰਤੀ ਵੱਟਾਂ ਨੂੰ ਮਿਟਾਉਣਾ ਪਵੇਗਾ | ਸੁੱਖੀ ਬਾਠ ਨੇ ਅੱਤਵਾਦੀ ਹਮਲੇ ਦੌਰਾਨ ਮਰੇ ਭਰਤੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ ਤੇ ਸਰਕਾਰ ਪਾਸੋਂ ਇਨ੍ਹਾਂ ਪੀੜਤ ਪਰਿਵਾਰਾਂ ਲਈ ਸਹਾਇਤਾ ਦੀ ਮੰਗੀ ਕੀਤੀ |