ਨਵੀਂ ਕਮੇਟੀ ਲਈ ਚੋਣ 27 ਅਪ੍ਰੈਲ ਨੂੰ-
ਗੁਰਦੇਵ ਸਿੰਘ ਆਲਮਵਾਲਾ’-
ਐਬਸਫੋਰਡ-ਇਸ ਸਾਲ ਕੈਨੇਡਾ ਫੈਡਰਲ ਇਲੈਕਸ਼ਨ 28 ਅਪ੍ਰੈਲ ਨੂੰ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਸਟਾਇਲ ਕੈਪੇਨਿੰਗ ਬੜੀ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਆਉਣ ਵਾਲੀ ਸਰਕਾਰ ਵਿੱਚ ਕਾਫੀ ਪੰਜਾਬੀ ਐਮ ਪੀ ਵੇਖਣ ਨੂੰ ਮਿਲਣਗੇ ਜਿਸ ਵਿੱਚ ਨਵੇਂ ਚਿਹਰੇ ਵੀ ਦਿਸਣ ਦੇ ਆਸਾਰ ਲੱਗ ਰਹੇ ਹਨ। ਅੱਗੇ ਉਹਨਾਂ ਦੀ ਕਿਸਮਤ ਜਾਂ ਮਿਹਨਤ ਜੋ ਰੰਗ ਲਿਆਵੇਗੀ ਉਸ ਉੱਤੇ ਮਨੱਸਰ ਕਰਦਾ ਹੈ।
ਦੂਸਰੀ ਇਲੈਕਸ਼ਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ, ਦਿਨ ਐਤਵਾਰ ਅਪ੍ਰੈਲ 27/2025 ਨੂੰ ਹੋ ਰਹੀ ਹੈ। ਸਵੇਰੇ 8 ਤੋਂ ਸ਼ਾਮ 8 ਤੱਕ ਵੋਟਾਂ ਪੋਲ ਹੋਣਗੀਆਂ, ਜਿਸ ਵਿੱਚ ਸਿਰਫ ਗੁਰਦੁਆਰੇ ਦੇ ਮੈਂਬਰ ਹੀ ਵੋਟਾਂ ਪਾ ਸਕਦੇ ਹਨ। ਇਸ ਵਾਰ ਦੋ ਸਲੇਟਾਂ ਦੇ 13-13 ਮੈਂਬਰ ਆਹਮੋਂ ਸਾਹਮਣੇ ਹਨ। ਇੱਕ ਸਲੇਟ ਸਰਦਾਰ ਰਾਜਿੰਦਰ ਸਿੰਘ ਰਾਜੂ ਢਿੱਲੋਂ ਦੀ ਹੈ। ਰਾਜੂ ਢਿੱਲੋਂ ਦਾ ਪਰਿਵਾਰ ਪਿੱਛੇ ਪੰਜਾਬ ਤੋਂ ਜਾਣਿਆ ਪਹਿਚਾਣਿਆ ਹੈ। ਏਥੇ ਐਬਸਫੋਰਡ ਵਿਖੇ ਵੀ ਸੇਵਾ ਪੱਖੋਂ ਬਹੁਤ ਦਾਨੀ ਪਰਿਵਾਰ ਕਰਕੇ ਜਾਣਿਆ ਜਾਂਦਾ ਹੈ। ਦੂਸਰੀ ਸਲੇਟ ਬੀਬੀ ਜਸਵਿੰਦਰ ਕੌਰ ਗਰੇਵਾਲ ਦੀ ਹੈ।
ਜੁਲਾਈ 05/1977 ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦਾ ਆਪ ਦਾ ਪਹਿਲਾ ਵਿਧਾਨ ਬੀ. ਸੀ. ਦੀ ਰਾਜਧਾਨੀ ਵਿਕਟੋਰੀਆ ਵਿਖੇ ਰਜਿਸਟਰਡ ਹੋਇਆ। ਉਸ ਤੋਂ ਲੈਕੇ ਹੁਣ ਤੱਕ ਏਸ ਗੁਰਦੁਆਰਾ ਸਾਹਿਬ ਨੂੰ ਖੁਦ-ਮੁਖਤਿਆਰੀ ਹਾਸਲ ਹੋਈ। ਇਸ ਤੋਂ ਬਾਅਦ ਗੁਰੂ ਘਰ ਦੇ ਪ੍ਰਬੰਧ ਵਾਸਤੇ ਇਲੈਕਸ਼ਨਾਂ ਸਿਲੈਕਸ਼ਨਾਂ ਹੁੰਦੀਆਂ ਰਹੀਆਂ ਜਿਸ ਨੂੰ ਸੰਗਤਾਂ ਮੰਨ ਕੇ ਪ੍ਰਵਾਨਗੀ ਵੀ ਦਿੰਦੀਆਂ ਰਹੀਆਂ।
ਏਥੇ ਸਭ ਤੋਂ ਪਹਿਲੀ ਇਲੈਕਸ਼ਨ ਸਾਲ 1981 ਨੂੰ ਹੋਈ। ਉਦੋਂ ਇਕ ਧੜਾ ਇਹ ਕਹਿ ਰਿਹਾ ਸੀ ਕਿ ਹੈਰੀਟੇਜ਼ ਗੁਰਦੁਆਰਾ ਏਸੇ ਤਰਾਂ ਰੱਖੋ ਪਰ ਸਾਹਮਣੇ ਪਈ ਗੁਰਦੁਆਰਾ ਸਾਹਿਬ ਦੀ ਜ਼ਮੀਨ (ਸਾਢੇ ਤਿੰਨ ਏਕੜ ਤੋਂ ਜ਼ਿਆਦਾ ਤੇ ਪੌਣੇ ਚਾਰ ਏਕੜ ਤੋਂ ਘੱਟ ਹੈ) ਨੂੰ ਵੇਚਿਆ ਜਾਵੇ ਤੇ ਉੱਥੋਂ ਮਿਲੀ ਰਾਸ਼ੀ ਨਾਲ ਗਲੈਡਵਿਨ ਰੋਡ ਉੱਤੇ ਸੇਲ ਤੇ ਲੱਗੇ 25 ਏਕੜ ਖਰੀਦੇ ਜਾਣ ਜਿੱਥੇ ਵੱਡਾ ਗੁਰਦੁਆਰਾ ਸਾਹਿਬ, ਪੰਜਾਬੀ ਸਕੂਲ, ਪੰਜਾਬੀ ਕਲਚਰ ਹਾਲ ਤੇ ਸਟੇਡੀਅਮ ਦੀ ਤਰਾਂ ਗਰਾਊਂਡਾਂ ਬਣਨ, ਜਿਸ ਵਾਸਤੇ ਉਗਰਾਈ ਦੀ ਜ਼ਿਆਦਾ ਲੋੜ ਨਹੀਂ ਪੈਣੀ। ਦੂਸਰੀ ਧਿਰ ਇਹ ਕਹਿ ਰਹੀ ਸੀ ਜਿੰਨਾਂ ਪਰਿਵਾਰਾਂ ਨੇ ਜ਼ਮੀਨ ਦਾਨ ਦਿੱਤੀ, ਗੁਰਦੁਆਰਾ ਏਥੇ ਬਣੇ। ਇਲੈਕਸ਼ਨ ਹੋਈ। ਜਿਸਦੀ ਅਗਵਾਈ ਸ ਕਰਤਾਰ ਸਿੰਘ ਸਿੱਧੂ ਪਿਛਲਾ ਪਿੰਡ ਜ਼ੀਰੇ ਲਾਗੇ ਮਹੀਆਂ ਵਾਲਾ ਕਰ ਰਹੇ ਸਨ ਜਦ ਕਿ ਹਾਰਨ ਵਾਲੇ ਸ ਗੁਰਮੀਤ ਸਿੰਘ ਗਿੱਲ ਪਿਛਲਾ ਪਿੰਡ ਰਣੀਆਂ ਜੋ ਮੋਗੇ ਜ਼ਿਲੇ ਨਾਲ ਸਬੰਧਤ ਸਨ।
ਸਾਲ 1981 ਵਿਚ ਨਵੇਂ ਬਣਨ ਵਾਲੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ। 1982 ਦੇ ਅਖੀਰ ਵਿੱਚ ਗੁਰਦੁਆਰਾ ਸਾਹਿਬ ਮੁਕੰਮਲ ਹੋਇਆ, ਜਿਸ ਦੀ ਓਪਨਿੰਗ ਜਨਵਰੀ 01/1983 ਨੂੰ ਹੋਈ। ਕੁੱਲ ਖਰਚ 2.3 ਮਿਲੀਅਨ ਹੋਇਆ। ਉਸ ਵਕਤ ਕਰਜ਼ਾ 17 ਲੱਖ ਦਾ ਸੀ ਤੇ ਵਿਆਜ ਦਰ 21o/o ਪਹੁੰਚ ਚੁੱਕਾ ਸੀ। ਸੰਗਤਾਂ ਘੱਟ ਸਨ। ਸਿਰਫ ਪੰਜ ਮਹੀਨੇ ਸਿਆਲ਼ਾਂ ਦੇ ਦਿਨਾਂ ਵਿਚ ਗੁਰਦੁਆਰੇ ਦੀ ਗੋਲਕ ਜਾਂ ਰਸੀਦਾਂ ਰਾਹੀਂ ਆਈ ਮਾਇਆ ਖ਼ਰਚੇ ਚੁੱਕਦੀ ਸੀ। ਬਾਕੀ ਸਤ ਮਹੀਨੇ ਘਰ ਘਰ ਜਾ ਕੇ ਸੰਗਤਾਂ ਕੋਲੋਂ ਉਗਰਾਹੀ ਕੀਤੀ ਜਾਂਦੀ ਸੀ। ਜਿਸ ਵਿਚ ਬਾਸਟਨਬਾਰ ਤੋਂ ਲੈਕੇ ਕੈਲੇਫੋਰਨੀਆ ਤੱਕ ਦਾ ਪੰਧ ਸੀ। ਇਹ ਤਾਂ ਉਹਨਾਂ ਨੂੰ ਪਤਾ ਜਿੰਨਾਂ ਉਗਰਾਹੀਆਂ ਕੀਤੀਆਂ, ਅੱਜ ਵਾਲ਼ਿਆਂ ਨੂੰ ਨਹੀ।
ਫੇਰ ਕਈ ਟਰਮਾਂ ਸਰਬ ਸੰਮਤੀਆਂ ਹੁੰਦੀਆਂ ਰਹੀਆਂ। ਦਰਅਸਲ ਕਰਜ਼ਾ ਜਿਆਦਾ ਕਰਕੇ ਕੋਈ ਮੂਹਰੇ ਆਉਣ ਨੂੰ ਤਿਆਰ ਨਹੀਂ ਸੀ ਪਰ ਧੰਨ ਨੇ ਉਹ ਪੁਰਾਣੇ ਪ੍ਰੀਵਾਰ ਜਿੰਨਾ ਦਸਵੰਧ ਕੱਢ ਕੇ ਸਾਰਾ ਖ਼ਰਚਾ ਤੋਰਿਆ। ਅੱਜ ਵਾਲੇ ਚਾਰ ਦਿਨ ਛੱਤ ਚੜ ਕੇ ਆਪਣੇ ਆਪ ਵਿੱਚ ਫੁੱਲੇ ਨਹੀਂ ਸਮਾਉਂਦੇ ਪਰ ਧੰਨ ਹਨ ਉਹ ਜਿਹੜੇ ਏਸੇ ਲੀਕ ਕਰਦੀ ਛੱਤ ਉੱਤੇ 1983 ਤੋਂ ਚੜਦੇ ਉੱਤਰਦੇ ਰਹੇ ਸਨ।
90ਵੇਂ ਦੇ ਦਹਾਕੇ ਤੱਕ ਪ੍ਰਬੰਧਕੀ ਸੇਵਾ ਦਾ ਕਾਲ ਇਕ ਸਾਲ ਦਾ ਸੀ। ਫੇਰ ਦੋ ਸਾਲ ਦੀ ਪ੍ਰਬੰਧਕੀ ਸੇਵਾ ਦਾ ਸਮਾਂ ਦੋ ਸਾਲ ਸੰਗਤਾਂ ਦੀ ਸਹਿਮਤੀ ਨਾਲ ਕਰ ਦਿੱਤਾ ਜੋ ਅਜੇ ਤੱਕ ਜਾਰੀ ਹੈ।
ਅਪ੍ਰੈਲ 1998 ਵਿਚ ਵੀ ਧੱਕੇ ਨਾਲ ਸਰਬ ਸੰਮਤੀ ਵਿਖਾ ਕੇ ਦੋ ਸਾਲ ਵਾਸਤੇ ਕਮੇਟੀ ਚੁਣੀ ਗਈ ਸੀ ਪ੍ਰੰਤੂ ਸ ਨਿਰਮਲ ਸਿੰਘ ਚਾਹਲ ਨੇ ਆਪਣਾ ਨਾਮ ਵਾਪਿਸ ਨਹੀਂ ਸੀ ਲਿਆ। ਉਤੋਂ ਹੋਰ ਤੱਪੜਾਂ ਕੁਰਸੀਆਂ ਦਾ ਹੁਕਮਨਾਮਾ ਆ ਕੇ ਨਵਾਂ ਮਸਲਾ ਸ਼ੁਰੂ ਹੋ ਗਿਆ, ਜਿਸ ਕਰਕੇ ਬਹੁਤੀ ਸੰਗਤ ਕੁਰਸੀਆਂ ਰੱਖਵਾਉਣ ਦੇ ਹੱਕ ਵਿੱਚ ਸੀ ਜਦ ਕਿ ਕੁੱਝ ਲੋਕਾਂ ਨੇ ਧੱਕੇ ਨਾਲ ਕੁਰਸੀਆਂ ਚੁੱਕ ਕੇ ਗਾਇਬ ਕਰ ਦਿੱਤੀਆਂ (ਇਸ ਤੋਂ ਪਹਿਲਾਂ 1992 ਵਿੱਚ ਵੀ ਚੁੱਕੀਆਂ ਗਈਆਂ ਸਨ ਜੋ ਕਿਸੇ ਫਾਰਮ ਵਿੱਚੋਂ ਲੱਭ ਕੇ ਵਾਪਿਸ ਗੁਰੂ ਘਰ ਲਿਆਂਦੀਆਂ ਗਈਆਂ) ਸ ਰੂਪ ਸਿੰਘ ਪੰਨੂ ਨੇ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ। ਜੱਜ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਧੱਕੇ ਨਾਲ ਚੁਣੀ ਸਰਬਸੰਮਤੀ ਵਾਲੀ ਕਮੇਟੀ ਭੰਗ ਕਰ ਦਿੱਤੀ ਤੇ ਕੰਮ ਚਲਾਊ ਕਮੇਟੀ ਵਾਸਤੇ ਦੋਨਾਂ ਗਰੁਪਾਂ ਵਿਚੋਂ ਤਿੰਨ ਤਿੰਨ ਮੈਂਬਰ ਨਿਯੁਕਤ ਕਰ ਦਿੱਤੇ। ਮੌਡਰੇਟ ਧਿਰ ਵੱਲੋਂ ਸ ਮੁਹਿੰਦਰ ਸਿੰਘ ਗਿੱਲ, ਸ ਪ੍ਰਤਾਪ ਸਿੰਘ ਕੈਲ਼ੇ, ਸ ਗੁਰਦੇਵ ਸਿੰਘ ਬਰਾੜ ਸਨ। ਦੂਸਰੇ ਪਾਸੇ ਫੰਡਾਮੈਂਟਲ (ਰੂੜਾਵਾਦੀ) ਗਰੁੱਪ ਵਲੋਂ ਸ ਜੀਤ ਸਿੰਘ ਸਿੱਧੂ, ਸ ਸੰਦੀਪ (ਸੈਂਡੀ) ਪਮਾਰ, ਸ ਸੁਖਪਾਲ ਸਿੰਘ ਧਾਲੀਵਾਲ ਸਨ। ਜੱਜ ਦੇ ਆਰਡਰ ਨੇ ਹੀ ਵਕੀਲ ਮਿਸਟਰ ਮਕੈਡਮ ਨੂੰ ਇਲੈਕਸ਼ਨ ਕਰਵਾਉਣ ਵਾਸਤੇ ਨਿਯੁਕਤ ਕਰਕੇ ਸਾਰੇ ਅਧਿਕਾਰ ਸੌਂਪ ਦਿੱਤੇ। ਉਸ ਨੇ ਸਾਰੇ ਮੈਂਬਰ ਨਵੇਂ ਬਣਾਏ ਤੇ ਇਲੈਕਸ਼ਨ ਕਰਵਾਈ। ਸਾਲ 1998-99 ਦੀ ਇਲੈਕਸ਼ਨ ਹੋਈ ਤਾਂ ਮੌਡਰਨ ਗਰੁੱਪ ਸ ਮੁਹਿੰਦਰ ਸਿੰਘ ਦੀ ਸਲੇਟ ਜੇਤੂ ਰਹੀ। ਇਹ ਪਹਿਲੀ ਵਾਰ ਰੀਕਾਰਡ ਬਣਿਆ ਜਿਸ ਵਿੱਚ ਇੱਕ ਦੋ ਵੋਟਰਾਂ ਨੂੰ ਛੱਡ ਕੇ ਸਾਰੀ ਦੀ ਸਾਰੀ ਵੋਟ ਪੋਲ ਹੋ ਗਈ। ਸਾਲ 2000-01 ਦੀ ਇਲੈਕਸ਼ਨ ਹੋਈ ਜਿਸ ਸ ਨਛੱਤਰ (ਨੌਰਮ) ਸਿੰਘ ਸੰਘਾ ਦੀ ਸਲੇਟ ਜੇਤੂ ਰਹੀ, ਹਾਰਨ ਵਾਲੀ ਸਲੇਟ ਸੁਰਿੰਦਰ ਸਿੰਘ ਮੰਡੇਰ ਦੀ ਸੀ।
ਇਸ ਤੋਂ ਫੇਰ ਬਾਅਦ ਸਰਬ-ਸੰਮਤੀਆਂ ਹੁੰਦੀਆਂ ਰਹੀਆਂ। ਪਰ ਸਾਲ 2012-13 ਦੀ ਇਲੈਕਸ਼ਨ ਹੋਈ ਜਿਸ ਸ ਮੁਹਿੰਦਰ ਸਿੰਘ ਦੀ ਸਲੇਟ ਜੇਤੂ ਰਹੀ ਜਦ ਕਿ ਹਾਰਨ ਵਾਲੀ ਸਲੇਟ ਸ ਨਛੱਤਰ ਸਿੰਘ ਸੰਘਾ ਦੀ ਸੀ। ਸਾਲ 2014-15 ਵਿੱਚ 12 ਸੇਵਾਦਾਰ ਸਰਬਸੰਮਤੀ ਨਾਲ ਚੁਣੇ ਗਏ ਪਰੰਤੂ ਮੀਤ ਪ੍ਰਧਾਨ ਦੇ ਦਾਅਵੇਦਾਰ ਦੋ ਸੇਵਾਦਾਰ ਸ ਦਰਸ਼ਨ ਸਿੰਘ ਮਾਹਲ ਜਿੰਨਾ ਦਾ ਪਿਛਲਾ ਪਿੰਡ ਮਾਹਲ ਗਹਿਲ਼ਾਂ ਜੋ ਬੰਗੇ ਲਾਗੇ ਹੈ ਤੇ ਸ ਭਜਨ ਸਿੰਘ ਤੂਰ ਪਿਛਲਾ ਪਿੰਡ ਖੋਸੇ ਮੋਗੇ ਲਾਗੇ ਤੋਂ ਹਨ। ਦੋਨਾਂ ਦੀ ਇਲੈਕਸ਼ਨ ਹੋਈ ਤਾਂ ਭਜਨ ਸਿੰਘ ਤੂਰ ਜੇਤੂ ਰਹੇ। ਇਹ ਦੋਨੋ ਹੀ ਸੇਵਾਦਾਰ ਇੱਕੋ ਗਰੁੱਪ ਵਿੱਚੋਂ ਸਨ ਜੇਕਰ ਗਿੱਲ ਸਾਹਿਬ ਸੁਹਿਰਦਤਾ ਨਾਲ ਜੋਰ ਪਾ ਕੇ ਸਮਝੌਤਾ ਕਰਵਾ ਦਿੰਦੇ ਤਾਂ ਕਿਸੇ ਤਰੀਕੇ ਸਿਰੇ ਲੱਗ ਜਾਣਾ ਸੀ।
ਸਾਲ 2016-17 ਦੀ ਪ੍ਰਬੰਧਕੀ ਕਮੇਟੀ ਵਾਸਤੇ ਦੋ ਸਲੇਟਾਂ ਇਲੈਕਸ਼ ਵਾਸਤੇ ਫੇਰ ਆਹਮੋ ਸਾਹਮਣੇ ਸਨ ਸ ਮੂਹਿੰਦਰ ਸਿੰਘ ਗਿੱਲ ਦੀ ਸਲੇਟ ਤੇ ਸ ਸਤਨਾਮ ਸਿੰਘ ਗਿੱਲ ਦੀ ਸਲੇਟ ਸੀ ਜਿਸ ਵਿਚ ਮੁਹਿੰਦਰ ਸਿੰਘ ਗਿੱਲ ਦੀ ਸਲੇਟ ਜੇਤੂ ਰਹੀ। ਕੁਝ ਸਮੇਂ ਪਿੱਛੋਂ ਗਿੱਲ ਸਾਹਿਬ ਸਿਹਤ ਪੱਖੋਂ ਠੀਕ ਨਾ ਹੋਣ ਕਰਕੇ ਅਸਤੀਫ਼ਾ ਦੇ ਗਏ, ਕੁਝ ਸਮੇ ਵਾਸਤੇ ਸ ਹਰਭਜਨ ਸਿੰਘ ਰੰਧਾਵਾ (ਪਿਛਲਾ ਪਿੰਡ ਰੰਧਾਵੇ ਜੱਟਾਂ ਜਲੰਧਰ ਲਾਗੇ) ਮੁੱਖ ਸੇਵਾਦਾਰ ਵਜੋ ਸੀਲੈਕਟ ਹੋਏ।
ਫੇਰ ਕੁਝ ਸਾਲ ਕਿਸੇ ਕਾਰਣ ਕਰਕੇ ਠੀਕ ਸਿਲੈਕਸ਼ਨ ਵੱਲ ਗੱਲ ਨਾਂ ਤੁਰੀ ਤੇ ਨਾਂ ਹੀ ਇਲੈਕਸ਼ਨ ਹੋਈ। ਸਾਲ 2023-24 ਦੌਰਾਨ ਸ ਰਾਜਿੰਦਰ ਸਿੰਘ ਕਾਕਾ ਗਰੇਵਾਲ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ। ਜੱਜ ਨੇ ਪਹਿਲਾਂ ਵਾਲੀ ਕਮੇਟੀ ਭੰਗ ਕਰਕੇ ਕੋਰਟ ਵੱਲੋਂ ਨਿਯੁਕਤ ਕੀਤੇ ਵਕੀਲ ਰਾਹੀਂ ਇਲੈਕਸ਼ਨ ਕਰਵਾਉਣ ਦੇ ਹੁਕਮ ਦਿੱਤੇ। ਜਿਸ ਵਿੱਚ ਮੌਜੂਦਾ ਸਲੇਟ ਦੀ ਜਿੱਤ ਹੋਈ। ਹੁਣ ਇਹਨਾਂ ਦੀਆਂ ਦੋ ਸਲੇਟਾਂ ਮੈਦਾਨ ਵਿੱਚ ਹਨ।
ਅਪ੍ਰੈਲ 27 ਨੂੰ ਵੋਟ ਸਮਝ ਸੋਚ ਕੇ ਪਾਇਓ। ਰਾਜਿੰਦਰ ਸਿੰਘ ਢਿੱਲੋਂ ਦੀ ਸਲੇਟ ਨੇ ਸੰਗਤਾਂ ਨਾਲ ਵਾਅਦਾ ਕੀਤਾ ਹੈ ਪਹਿਲਾ ਵਾਲੀ ਲੰਗਰ ਪ੍ਰੰਪਰਾ ਨੂੰ ਏਸੇ ਤਰ੍ਹਾਂ ਜਾਰੀ ਰੱਖਣਗੇ ਜਦੋਂਕਿ ਦੂਸਰੀ ਸਲੇਟ ਵਲੋਂ ਵੀ ਅਜਿਹੇ ਹੀ ਦਾਅਵੇ ਕੀਤੇ ਜਾ ਰਹੇ ਹਨ। ਫੈਸਲਾ ਸੰਗਤ ਦੇ ਹੱਥ ਹੈ।