ਸਰੀ, 23 ਅਪ੍ਰੈਲ (ਹਰਦਮ ਮਾਨ)-ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਲੈਕਸ਼ਨਜ਼ ਕੈਲੇਡਾ ਏਜੰਸੀ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿੱਚ 7.3 ਮਿਲੀਅਨ ਵੋਟਰਾਂ ਨੇ ਐਡਵਾਂਸ ਪੋਲ ਵਿੱਚ ਆਪਣੀ ਵੋਟ ਪਾਈ, ਜੋ ਕਿ 2021 ਦੀਆਂ ਫੈਡਰਲ ਚੋਣਾਂ ਵਿੱਚ ਹੋਈ ਐਡਵਾਂਸ ਪੋਲ ਵਿਚ ਪਈਆਂ 5.8 ਮਿਲੀਅਨ ਵੋਟਾਂ ਤੋਂ 25 ਪ੍ਰਤੀਸ਼ਤ ਵੱਧ ਹੈ।
ਅੱਜ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2025 ਦੀਆਂ ਐਡਵਾਂਸ ਪੋਲ ਵਿਚ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਬੈਲਟ ਬਾਕਸ ਵਿੱਚ ਕੈਨੇਡੀਅਨਾਂ ਦੀ ਸਭ ਤੋਂ ਵੱਡੀ ਗਿਣਤੀ ਦੇਖੀ ਗਈ। ਸ਼ੁੱਕਰਵਾਰ ਨੂੰ ਰਿਕਾਰਡ ਗਿਣਤੀ ਵਿੱਚ ਵੋਟਰਾਂ ਨੇ ਆਪਣੀਆਂ ਪਹਿਲੀਆਂ ਵੋਟਾਂ ਪਾਈਆਂ, ਜਿਸ ਵਿੱਚ 2,054,525 ਵੋਟਾਂ ਪਈਆਂ ਜੋ ਕਿ ਸਤੰਬਰ 2021 ਵਿੱਚ ਐਡਵਾਂਸ ਪੋਲ ਦੇ ਪਹਿਲੇ ਦਿਨ ਪਾਈਆਂ ਗਈਆਂ 1,401,010 ਵੋਟਾਂ ਤੋਂ ਵੱਡੀ ਛਾਲ ਹੈ। ਸੋਮਵਾਰ ਨੂੰ ਐਡਵਾਂਸ ਪੋਲ ਦੇ ਆਖਰੀ ਦਿਨ ਸਭ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ ਅਤੇ ਇਸ ਦਿਨ ਕੁੱਲ 2,100,273 ਵੋਟਾਂ ਪਈਆਂ ਜਦੋਂ ਕਿ 2021 ਵਿੱਚ ਐਡਵਾਂਸ ਪੋਲ ਦੇ ਆਖਰੀ ਦਿਨ 1,906,617 ਵੋਟਾਂ ਪਈਆਂ ਸਨ। ਸ਼ਨੀਵਾਰ ਨੂੰ 1,659,952 ਅਤੇ ਈਸਟਰ ਐਤਵਾਰ ਨੂੰ 1,466,225 ਵੋਟਾਂ ਪਈਆਂ। ਯੂਕੋਨ ਨੂੰ ਛੱਡ ਕੇ ਹਰੇਕ ਸੂਬੇ ਅਤੇ ਪ੍ਰਦੇਸ਼ ਵਿੱਚ 2021 ਨਾਲੋਂ ਵੱਧ ਵੋਟਾਂ ਪਈਆਂ, ਜਿਸ ਵਿੱਚ ਸਭ ਤੋਂ ਵੱਧ ਵੋਟਾਂ ਓਨਟਾਰੀਓ, ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਪਈਆ। ਓਨਟਾਰੀਓ ਵਿੱਚ ਅਨੁਮਾਨਿਤ ਵੋਟਿੰਗ 2,792,881 ਤੱਕ ਪਹੁੰਚ ਗਈ, ਕਿਊਬੈਕ ਵਿੱਚ 1,595,591 ਵੋਟਾਂ ਪਈਆਂ ਅਤੇ ਬੀ.ਸੀ. ਵਿੱਚ 1,104,151 ਵੋਟਾਂ ਪਈਆਂ।
ਐਡਵਾਂਸ ਪੋਲ ਵਿੱਚ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਪਈਆਂ ਅਨੁਮਾਨਿਤ ਵੋਟਾਂ ਦੀ ਗਿਣਤੀ ਇਸ ਪ੍ਰਕਾਰ ਰਹੀ-
ਬ੍ਰਿਟਿਸ਼ ਕੋਲੰਬੀਆ: 1,104,151, ਅਲਬਰਟਾ: 815,131, ਸਸਕੈਚਵਨ: 206,754, ਮੈਨੀਟੋਬਾ: 229,379, ਓਨਟਾਰੀਓ: 2,792,881, ਕਿਊਬੈਕ: 1,595,591, ਨੋਵਾ ਸਕੋਸ਼ੀਆ: 210,030, ਨਿਊ ਬਰੰਜ਼ਵਿਕ: 202,006, ਪ੍ਰਿੰਸ ਐਡਵਰਡ ਆਈਲੈਂਡ: 40,015, ਨਿਊਫਾਊਂਡਲੈਂਡ ਅਤੇ ਲੈਬਰਾਡੋਰ: 75,691, ਉੱਤਰ-ਪੱਛਮੀ ਪ੍ਰਦੇਸ਼: 3,631, ਯੂਕੋਨ: 4,748 ਅਤੇ ਨੂਨਾਵਟ: 967