ਸਰੀ, 23 ਅਪ੍ਰੈਲ (ਹਰਦਮ ਮਾਨ)-ਸਰੀ ਨਿਊਟਨ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ੋਰਦਾਰ ਹੁਲਾਰਾ ਮਿਲਿਆ ਜਦੋਂ ਵਿਸਾਖੀ ਨਗਰ ਕੀਰਤਨ ‘ਤੇ ਸਜਾਈ ਸਟੇਜ ਉੱਪਰ ਪਹੁੰਚ ਕੇ ਕੰਸਰਵੇਟਿਵ ਆਗੂ ਪੀਅਰ ਪੋਲੀਵਰ, ਬੀ.ਸੀ. ਅਸੈਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਜੌਹਨ ਰਸਟੈੱਡ ਅਤੇ ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਗਿੱਲ ਨੂੰ ਵੱਡੀ ਜਿੱਤ ਦੁਆਉਣ ਅਤੇ ਕੈਨੇਡਾ ਵਿਚ ਲੋਕਾਂ ਦੀ ਸਰਕਾਰ ਬਣਾਉਣ ਲਈ ਕੰਸਰਵੇਟਿਵ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸੇ ਦੌਰਾਨ ਲੋਕਾਂ ਨੂੰ ਆਪਣੇ ਸੁਪਨੇ ਸਾਜਗਾਰ ਕਰਨ ਲਈ ਮੈਦਾਨ ਵਿਚ ਆ ਕੇ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਹਰਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਉਨ੍ਹਾਂ ਪਿਛਲੇ 14 ਮਹੀਨੇ ਦੀ ਸਖਤ ਮਿਹਨਤ ਕਰ ਕੇ ਹਲਕੇ ਦੇ ਲੋਕਾਂ ਦੇ ਦਰਵਾਜ਼ਿਆਂ ‘ਤੇ ਜਾ ਕੇ ਨਿੱਜੀ ਤੌਰ ‘ਤੇ ਬੇਨਤੀ ਕੀਤੀ ਹੈ ਕਿ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਸਰੀ ਨਿਊਟਨ ਹਲਕੇ ਵਿਚ ਪਿਛਲੇ 20 ਵਰ੍ਹਿਆਂ ਤੋਂ ਕਿਸੇ ਨੇ ਲੋਕਾਂ ਦੀ ਬਾਤ ਹੀ ਨਹੀਂ ਪੁੱਛੀ, ਸਿਰਫ ਗੱਲਾਂ ਹੀ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ 8-9 ਮਹੀਨਿਆਂ ਦੇ ਵਿੱਚ ਉਨ੍ਹਾਂ ਨੇ 11 ਹਜਾਰ ਘਰਾਂ ਦੇ ਦਰਵਾਜ਼ਿਆਂ ‘ਤੇ ਦਸਤਕ ਦਿੱਤੀ ਹੈ। ਲੋਕਾਂ ਨੇ ਘਰਾਂ, ਮਹਿੰਗਾਈ, ਬੱਚਿਆਂ ਦੀ ਪੜ੍ਹਾਈ, ਜਾਨ ਮਾਲ ਦੀ ਰੱਖਿਆ, ਬਜ਼ੁਰਗਾਂ ਦੀ ਹੈਲਥ ਕੇਅਰ ਦੇ ਮਸਲੇ ਸਾਹਮਣੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬੱਚਿਆਂ ਦੀ ਪਲੇਸਮੈਂਟ ਨਾ ਹੋਣਾ, ਇਮੀਗਰੇਸ਼ਨ ਦੀ ਬਹੁਤਾਤ ਹੋ ਜਾਣੀ, ਗਰਮੀਆਂ ਦੇ ਵਿੱਚ ਵੀ ਬੱਚਿਆਂ ਨੂੰ ਕੰਮ ਨਾਲ ਮਿਲਣਾ, ਬੱਚਿਆਂ ਨੂੰ ਦਾਖ਼ਲਾ ਨਾ ਮਿਲਣਾ, ਲਾਅ ਐਂਡ ਆਰਡਰ ਕਿਧਰੇ ਦਿਖਾਈ ਨਾ ਦੇਣਾ, ਲੋਕਾਂ ਦੇ ਘਰਾਂ ‘ਤੇ ਗੋਲੀਆਂ ਚੱਲਣੀਆਂ। ਕਦੇ ਸੋਚਿਆ ਨਹੀਂ ਸੀ ਕਿ ਕੈਨੇਡਾ ਦੇ ਇਹ ਹਾਲਾਤ ਹੋ ਜਾਣਗੇ।