*ਸਿੱਖ ਸੰਸਦ ਮੈਂਬਰ ਢੇਸੀ ਨੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ ਅਤੇ ਪੀੜਿਤ ਪਰਿਵਾਰਾਂ ਨਾਲ ਕੀਤੀ ਹਮਦਰਦੀ ਜ਼ਾਹਿਰ –
ਲੈਸਟਰ (ਇੰਗਲੈਂਡ),24 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੀ ਬਰਤਾਨੀਆ ਦੀ ਸੰਸਦ ਚ ਵਿੱਚ ਵੀ ਗੂੰਜ ਸੁਣਾਈ ਦਿੱਤੀ ਹੈ। ਇੰਗਲੈਂਡ ਦੇ ਪਗੜੀ ਧਾਰੀ ਸਿੱਖ ਮੈਂਬਰ ਪਾਰਲੀਮੈਂਟ ਤਰਮਨਜੀਤ ਸਿੰਘ ਢੇਸੀ ਨੇ ਅੱਜ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ, ਜਿੱਥੇ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕੀਤੀ, ਉੱਥੇ ਭਾਰਤ ਸਰਕਾਰ ਨੂੰ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਅਪੀਲ ਵੀ ਕੀਤੀ।ਸ ਢੇਸੀ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇਸ ਵੇਲੇ ਅਸੀਂ ਇਸ ਹਫ਼ਤੇ ਪੋਪ ਫ੍ਰਾਂਸਿਸ ਦੇ ਦੁਖਦਾਇਕ ਦਿਹਾਂਤ ਨਾਲ ਨਿਪਟ ਰਹੇ ਹਾਂ, ਉਥੇ ਮੈਂ ਇਸ ਹਫ਼ਤੇ ਜੰਮੂ ਕਸ਼ਮੀਰ ‘ਚ ਪਹਿਲਗਾਮ ਖੇਤਰ ਚ ਨਿਰਦੋਸ਼ ਸੈਲਾਨੀਆਂ ਉੱਤੇ ਹੋਏ ਕਾਇਰਾਨਾ ,ਬੈਹਿਮਾਨਾ, ਘਾਤਕ ਤੇ ਦਹਿਸ਼ਤਗਰਦ ਹਮਲੇ ਤੋਂ ਵੀ ਬਹੁਤ ਦੁੱਖੀ ਹਾਂ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਮੇਰੀਆ ਦੁਆਵਾਂ ‘ਚ ਹਨ, ਅਤੇ ਮੈਂ ਸੱਚੇ ਦਿਲੋਂ ਆਸ ਕਰਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਹੀ ਸਖਤ ਸਜ਼ਾਵਾਂ ਮਿਲਣਗੀਆਂ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲੇਗਾ। ਉਹਨਾਂ ਕਿਹਾ ਕਿ ਮੈਂ ਇਸ ਦਰਿੰਦਗੀ ਭਰੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹਾਂ। ਸ ਢੇਸੀ ਨੇ ਕਿਹਾ ਕੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਸਲੇ ਨੂੰ ਸਰਗਰਮੀ ਨਾਲ ਉਠਾਇਆ ਹੈ।। ਉਹਨਾਂ ਕਿਹਾ ਕਿ ਜੋ ਇਸ ਅੱਤਵਾਦੀ ਹਮਲੇ ਚ ਆਪਣਾ ਪਿਆਰ ਅਤੇ ਆਪਣੇ ਪਰਿਵਾਰਕ ਮੈਂਬਰ ਗਵਾ ਚੁੱਕੇ ਹਨ, ਮੈਂ ਉਹਨਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ।
ਕੈਪਟਨ:-
ਸੰਸਦ ਨੂੰ ਸੰਬੋਧਨ ਕਰਦੇ ਹੋਏ ਪਗੜੀਧਾਰੀ ਸਿੱਖ ਮੈਂਬਰ ਪਾਰਲੀਮੈਂਟ ਸ ਤਰਮਨਜੀਤ ਸਿੰਘ ਢੇਸੀ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ