Headlines

ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿਚ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ’ਚ ਫੱਸਵੀਂ ਟੱਕਰ

 – ਚੋਣ ਸਰਵੇਖਣਾਂ ਵਿਚ ਲਿਬਰਲ ਪਾਰਟੀ ਦਾ ਹੱਥ ਉਤਾਂਹ-
– ਡਾ. ਹਰਕੰਵਲ ਕੋਰਪਾਲ-

ਟੋਰਾਂਟੋ-ਕੈਨੇਡਾ ਦੀ 45ਵੀਂ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਲਈ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਘੀ ਚੋਣਾਂ ਲਈ ਚੋਣ ਅਮਲ ਅਤੇ ਚੋਣ ਪ੍ਰਚਾਰ ਸਰਗਰਮੀਆਂ ਆਪਣੇ ਚਰਮ ਬਿੰਦੂ ਵੱਲ ਜਾਂਦੇ ਅੰਤਿਮ ਪੜਾਅ ਦੇ ਐਨ ਸਿਰੇ ’ਤੇ ਹਨ। ਭਾਵੇਂ ਇਸ ਚੋਣ ਦੰਗਲ ਵਿਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਤੋਂ ਇਲਾਵਾ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.), ਬਲਾਕ ਕਿਊਬੈਕ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਵੀ ਆਪਣੇ ਪੂਰੇ ਲਾਓ ਲਸ਼ਕਰ ਨਾਲ ਜ਼ੋਰ-ਅਜ਼ਮਾਈ ਵਿਚ ਜੁਟੀਆਂ ਹੋਈਆਂ ਹਨ, ਪਰ ਅਸਲ ਵਿਚ ਐਤਕਾਂ ਫ਼ਸਵੀਂ ਤੇ ਕਾਂਟੇ ਦੀ ਟੱਕਰ ਤਾਂ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੀ ਹੈ। ਭਾਵੇਂ ਨੈਨੋਸ ਰਿਸਰਚ ਪੋਲ, ਮੇਨਸਟ੍ਰੀਟ ਰਿਸਰਚ, ਸੀ.ਬੀ.ਸੀ. ਦੇ ਪੋਲ ਐਗਰੀਗੇਟਰ ਤੇ ਅਬੈਕਸ ਡੇਟਾ ਪੋਲ ਆਦਿ ਵਲੋਂ ਜਾਰੀ ਚੋਣ ਸਰਵੇਖਣਾਂ ਵਿਚ ਵੋਟਰ ਰੁਝਾਨ ਪੱਖੋਂ ਲਿਬਰਲ ਪਾਰਟੀ ਦਾ ਹੱਥ ਕੰਜ਼ਰਵੇਟਿਵ ਪਾਰਟੀ ਤੋਂ ਕੁਝ ਉਤਾਂਹ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ; ਪਰੰਤੂ ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਦਲਦੀਆਂ ਚੋਣ ਪ੍ਰਸਥਿਤੀਆਂ ਦੀ ਜ਼ਮੀਨੀ ਹਕੀਕਤ ਤਿਲਕਣਨੁਮਾ ਹੋਣ ਕਰਕੇ ਸੋਫ਼ੋਲੋਜੀ ਦੇ ਲਿਹਾਜ ਨਾਲ ਚੋਣ ਨਤੀਜਿਆਂ ਦੀ ਸੰਭਾਵੀ ਭਵਿੱਖਬਾਣੀ ਸੰਬੰਧੀ ਸਪਸ਼ਟ ਰੂਪ ਵਿਚ ਫ਼ਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਬਾਜ਼ੀ ਕਿਸ ਦੇ ਹੱਥ ਲੱਗੇਗੀ। ਦੂਸਰੇ ਪਾਸੇ ਇਕ ਪ੍ਰਮੁਖ ਚੋਣ ਸਰਵੇਖਣ ਏਜੰਸੀ ‘ਨੈਨੋਸ ਰਿਸਰਚ ਪੋਲ’ ਦਾ ਇਹ ਦਾਅਵਾ ਹੈ ਕਿ ਲਗਭਗ 61 ਪ੍ਰਤੀਸ਼ਤ ਕੈਨੇਡੀਅਨ ਵੋਟਰ ਹੁਣ ਇਹ ਮਨ ਬਣਾ ਚੁੱਕੇ ਹਨ ਕਿ ਉਨ੍ਹਾਂ ਨੇ ਵੋਟ ਕਿਸਨੂੰ ਪਾਉਣੀ ਹੈ। ਇਸ ਵਲੋਂ ਕੈਨੇਡਾ ਦੀਆਂ ਸੰਘੀ ਚੋਣਾਂ ਦੀ ਪ੍ਰਕ੍ਰਿਆ ਦੇ 32ਵੇਂ ਦਿਨ ਜਾਰੀ ਇਕ ਤਾਜ਼ਾ ਸਰਵੇਖਣ ਵਿਚ ਲਿਬਰਲ ਪਾਰਟੀ ਦੀ ਕੰਜ਼ਰਵੇਟਿਵ ਪਾਰਟੀ ਉਪਰ 5 ਅੰਕਾਂ ਦੀ ਬੜ੍ਹਤ ਮੰਨੀ ਗਈ ਹੈ।
ਇਸੇ ਦੌਰਾਨ ਰੇਡੀਓ ਕੈਨੇਡਾ ਨੇ ਇਹ ਅਹਿਮ ਇੰਕਸਾਫ਼ ਨਸ਼ਰ ਕੀਤਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ 28 ਮਾਰਚ ਨੂੰ ਫ਼ੋਨ ’ਤੇ ਗੱਲਬਾਤ ਦੌਰਾਨ ਵੀ ਕੈਨੇਡਾ ਵਾਸਤੇ 51ਵੇਂ ਰਾਜ’ ਦਾ ਸ਼ਬਦ ਵਰਤਿਆ ਸੀ; ਪਰੰਤੂ ਅਗਲੇ ਦਿਨ ਕਾਰਨੀ ਨੇ ਇਸ ਤੱਥ ਨੂੰ ਛੁਪਾ ਕੇ ਕਿਹਾ ਕਿ ਟਰੰਪ ਨੇ ਤਾਂ ਕੈਨੇਡਾ ਦੀ ਪ੍ਰਭੂਸਤਾ ਦਾ ਸਤਿਕਾਰ ਕਰਨਾ ਮੰਨਿਆ ਸੀ। ਇਸ ਮੁੱਦੇ ’ਤੇ ਵਿਵਾਦ ਛਿੜਨ ਦੀ ਸੂਰਤ ਵਿਚ ਲਿਬਰਲਾਂ ਦੀ ਜਿੱਤ ਵਲ ਵਧਦੀ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ। ਇਹ ਸਤਰਾਂ ਲਿਖੇ ਜਾਣ ਤੀਕ ਓਨਟਾਰੀਓ, ਕਿਊਬਿਕ ਅਤੇ ਐਟਲਾਂਟਿਕ ਕੈਨੇਡਾ ਵਿਚ ਲਿਬਰਲ ਲਹਿਰ ਦੇ ਉਛਾਲ ਦੀਆਂ ਖ਼ਬਰਾਂ ਹਨ ਜਦ ਕਿ ਬ੍ਰਿਟਿਸ਼ ਕੋਲੰਬੀਆ ਵਿਚ ਕੰਜ਼ਰਵੇਟਿਵ ਨੂੰ ਲਾਭ ਮਿਲਦਾ ਨਜ਼ਰ ਆ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਟੀ.ਵੀ. ਉਪਰ ਪ੍ਰਮੁਖ ਪਾਰਟੀਆਂ ਦੇ ਨੇਤਾਵਾਂ ਦੀ ਬਹਿਸ ਪਿਛੋਂ ਐੱਨ.ਡੀ.ਪੀ. ਦੇ ਸਮਰਥਕ ਵੋਟਰਾਂ ਦਾ ਗਰਾਫ਼ ਇਕ ਫ਼ੀਸਦੀ ਘਟਿਆ ਹੈ ਜਿਸ ਕਰਕੇ ਬਰਨਬੀ (ਬੀ.ਸੀ.) ਸੀਟ ਤੋਂ ਚੋਣ ਲੜ ਰਹੇ ਐੱਨ.ਡੀ. ਪੀ. ਆਗੂ ਜਗਮੀਤ ਸਿੰਘ ਵਾਸਤੇ ਖ਼ੁਦ ਦੀ ਸੀਟ ਬਚਾਉਣਾ ਵੀ ਚੁਣੌਤੀਪੂਰਨ ਸਾਬਿਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ 41.5 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਬਹੁਕੌਮੀ ਤੇ ਬਹੁ-ਸਭਿਆਚਾਰੀ ਦੇਸ਼ ਕੈਨੇਡਾ ਵਿਚ ਯੋਗ ਵੋਟਰਾਂ ਦੀ ਗਿਣਤੀ 28.9 ਮਿਲੀਅਨ ਦੱਸੀ ਜਾਂਦੀ ਹੈ।
ਇਲੈਕਸ਼ਨਜ਼ ਕੈਨੇਡਾ ਅਨੁਸਾਰ ਪਿਛਲੇ ਦਿਨੀਂ ਹੋਈ ਚਾਰ ਦਿਨਾਂ ਦੀ ਐਡਵਾਂਸ ਪੋਲ ਦੌਰਾਨ 7.3 ਮਿਲੀਅਨ ਯਾਨਿ 70 ਲੱਖ ਤੋਂ ਵਧੇਰੇ ਵੋਟਰ ਆਪਣੀ ਵੋਟ ਪਾ ਚੁੱਕੇ ਹਨ ਅਤੇ ਇਹ ਅੰਕੜਾ 2021 ਦੀਆਂ ਸੰਘੀ ਵੋਟਾਂ ਦੌਰਾਨ ਐਡਵਾਂਸ ਵੋਟ ਪਾਉਣ ਵਾਲੇ 5.8 ਮਿਲੀਅਨ ਵੋਟਰਾਂ ਦੀ ਗਿਣਤੀ ਨਾਲੋਂ 25 ਪ੍ਰਤੀਸ਼ਤ ਦੇ ਵਾਧੇ ਵਾਲਾ ਜੋਸ਼ੀਲਾ ਰਿਕਾਰਡ ਸਥਾਪਿਤ ਕਰਦਾ ਹੈ। ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ 343 ਮੈਂਬਰਾਂ ਲਈ ਹੋ ਰਹੀਆਂ ਇਸ ਵਰ੍ਹੇ ਦੀਆ ਫੈਡਰਲ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਪ੍ਰਾਪਤ ਕਰਨ ਲਈ 172 ਸੀਟਾਂ ਦੀ ਲੋੜ ਹੋਵੇਗੀ। ਕੋਈ ਇਕ ਦਹਾਕੇ ਤੀਕ ਸੱਤਾ ’ਤੇ ਕਾਬਜ਼ ਰਹੀ ਲਿਬਰਲ ਪਾਰਟੀ ਕੋਲ ਪਿਛਲੀ ਸੰਸਦ ਵਿਚ ਬਹੁਮਤ ਨਹੀਂ ਸੀ; ਪਰੰਤੂ ਉਹ ਐੱਨ.ਡੀ. ਪੀ. ਦੇ ਸਮਰਥਨ ਨਾਲ ਸਰਕਾਰ ਚਲਾਉਂਦੀ ਰਹੀ। ਭੰਗ ਹੋਏ 44ਵੇਂ ਹਾਊਸ ਆਫ਼ ਕਾਮਨਜ਼ ਵਿਚ 338 ਸੀਟਾਂ ਸਨ ਜਿਸ ਵਿਚ ਲਿਬਰਲ ਪਾਰਟੀ ਦੀਆਂ 152, ਕੰਜ਼ਰਵੇਟਿਵ ਪਾਰਟੀ ਦੀਆਂ 120, ਬਲਾਕ ਕਿਊਬੈਕੋਇਸ ਦੀਆਂ 33, ਐੱਨ.ਡੀ.ਪੀ. ਦੀਆਂ 24 ਅਤੇ ਗਰੀਨ ਪਾਰਟੀ ਦੀਆਂ 2 ਸੀਟਾਂ ਸਨ। ਆਬਾਦੀ ਦੇ ਵਾਧੇ ਨਾਲ ਹੋਰ ਪੰਜ ਸੀਟਾਂ ਵਧੀਆਂ ਹਨ ਜਿਨ੍ਹਾਂ ਵਿਚ ਓਨਟਾਰੀਓ ਅਤੇ ਬੀ.ਸੀ. ਵਿਚ ਇਕ-ਇਕ ਅਤੇ ਅਲਬਰਟਾ ਵਿਚ ਤਿੰਨ ਸੀਟਾਂ ਦਾ ਇਜ਼ਾਫ਼ਾ ਹੋਇਆ ਹੈ।
ਲਿਬਰਲ ਪਾਰਟੀ ਦੇ ਮੁਹਰੈਲ ਨੇਤਾ, ਮੌਜੂਦਾ ਪ੍ਰਧਾਨ ਮੰਤਰੀ, ਕੌਮਾਂਤਰੀ ਅਰਥ ਸਾਸ਼ਤਰੀ ਅਤੇ ਕੈਨੇਡਾ ਤੇ ਇੰਗਲੈਂਡ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹੇ 60 ਸਾਲਾ ਮਾਰਕ ਕਾਰਨੀ ਜੋ ਜ਼ਿੰਦਗੀ ਵਿਚ ਪਹਿਲੀ ਵੇਰ ਸੰਸਦੀ ਚੋਣ ਲੜ ਰਹੇ ਹਨ, ਨੇਪੀਅਨ ਹਲਕੇ (ਓਨਟਾਰੀਓ) ਤੋਂ ਉਮੀਦਵਾਰ ਹਨ। ਆਪਣੀ ਚੋਣ ਮੁਹਿੰਮ ਦੇ ਆਰੰਭ ਤੋਂ ਹੀ ਉਹ ਟਰੰਪ ਵਲੋਂ ਟੈਰਿਫ਼ਸ ਵਾਧੇ ਬਾਰੇ ਦਿਤੀਆਂ ਧਮਕੀਆਂ ਅਤੇ ਦੇਸ਼ ਦੀ ਪ੍ਰਭੂਸੱਤਾ ਲਈ ਉਸਦੀ ਬਿਆਨਬਾਜ਼ੀ ਰਾਹੀਂ ਪੈਦਾ ਖ਼ਤਰੇ ਦੇ ਮੱਦੇਨਜ਼ਰ ਆਰਥਿਕ ਸੰਕਟ ਨੂੰ ਨਜਿੱਠਣ ਲਈ ਸਥਿਰ ਸਰਕਾਰ ਦੀ ਕਾਇਮੀ ਦਾ ਮੁੱਦਾ ਉਠਾਉਂਦੇ ਰਹੇ। ਇਕ ਰਣਨੀਤਕ ਵਜੋਂ ਇਸੇ ਮੁੱਦੇ ਨੂੰ ਮੁੱਖ ਚੋਣ ਮੁੱਦੇ ਵਜੋਂ ਉਭਾਰਦਿਆਂ ਉਹ ਲਿਬਰਲ ਪਾਰਟੀ ਦੀ ਗੁਆਚੀ ਪੈਂਠ ਨੂੰ ਮੁੜ ਥਾਉਂ ਸਿਰ ਕਰਨ ਅਤੇ ਪਾਰਟੀ ’ਚ ਨਵੀਂ ਊਰਜਾ ਭਰ ਸਕਣ ਵਿਚ ਸਫ਼ਲ ਹੋਏ ਹਨ। ਉਨ੍ਹਾਂ ਅਜਿਹੇ ਬਿਆਨ ਵੀ ਦਿੱਤੇ ਸਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ਵਾਰਤਾ ਸਮੇਂ ਉਹ ਉਸਨੂੰ ਅੰਕੜਿਆਂ ਦੇ ਹਵਾਲੇ ਨਾਲ ਇਹ ਸਮਝਾਉਣ ਵਿਚ ਦਲੀਲਪੂਰਨ ਰਹੇ ਸਨ ਕਿ ਟੈਰਿਫ਼ ਵਾਧੇ ਦਾ ਮੋੜਵਾਂ ਸੇਕ ਅਮਰੀਕੀ ਵੀ ਝੱਲਣਗੇ। ਉਨ੍ਹਾਂ ਦੀ ਫ਼ੋਨ ਵਾਰਤਾ ਵਿਚ ਤੱਥਾਂ ਨੂੰ ਲੁਕੋਣ ਨੂੰ ਲੈ ਕੇ ਜੇਕਰ ਕੋਈ ਵਿਵਾਦ ਛਿੜਦਾ ਹੈ ਤਾਂ ਇਹ ਮਾਮਲਾ ਬੂਮਰਿੰਗ ਵਾਂਗ ਲਿਬਰਲ ਪ੍ਰਤੀ ਰੁਖ਼ ਅਖ਼ਤਿਆਰ ਕਰ ਸਕਦਾ ਹੈ।

ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਮੰਝੇ ਹੋਏ ਆਗੂ ਸਾਬਕਾ ਕੈਬਨਿਟ ਮੰਤਰੀ ਅਤੇ ਮੁਕਤ ਬਾਜ਼ਾਰ ਦੇ ਚੈਂਪੀਅਨ ਪੀਅਰੇ ਪੋਇਲੀਵਰ ਅੱਠਵੀਂ ਵੇਰ ਕਾਰਲੇਟਨ (ਓਨਟਾਰੀਓ) ਤੋਂ ਚੋਣ ਲੜ ਰਹੇ ਹਨ। ਪੋਇਲੀਵਰ ਆਪਣੀਆਂ ਤਕਰੀਰਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜ ਕਾਲ ਦੌਰਾਨ ਲਿਬਰਲ ਪਾਰਟੀ ਦੀਆਂ ਉਦਾਰਵਾਦੀ ਤੇ ਉਲਾਰਵਾਦੀ ਨੀਤੀਆਂ ਕਾਰਨ ਇਮੀਗ੍ਰੇਸ਼ਨ ਦੇ ਅਸਾਵੇਂਪਨ ਅਤੇ ਸੁਸਤ ਆਰਥਿਕ ਵਿਕਾਸ ਨਾਲ ਕੈਨੇਡਾ ਦੇ ਕਮਜ਼ੋਰ ਹੋਣ ਦੀਆਂ ਦਲੀਲਾਂ ਪੇਸ਼ ਕਰਦੇ ਕਹਿੰਦੇ ਹਨ ਕਿ ਹੁਣ ਲੋਕ ਲਿਬਰਲ ਸਰਕਾਰ ਮੁੜ ਬਰਦਾਸ਼ਤ ਨਹੀਂ ਕਰਨਗੇ। ਉਹ ਕੈਨੇਡਾ ਦੇ ਸਰੋਤ ਖੇਤਰ ’ਚ ਯਕਦਮ ਆਰਥਿਕ ਉਛਾਲ ਲਿਆਉਣ ਲਈ ‘ਇੰਪੈਕਟ ਅਸਿਸਮੈਂਟ ਐਕਟ’ ਜਿਸਨੂੰ ਸੀ-69 ਵਜੋਂ ਵੀ ਜਾਣਿਆ ਜਾਂਦਾ ਹੈ, ਸਮੇਤ ਵੱਖ-ਵੱਖ ਲਿਬਰਲ ਨੀਤੀਆਂ ਨੂੰ ਰੱਦ ਕਰਨ ਦੀ ’ਤੇ ਕਾਇਮ ਹੋਣ ਦਾ ਅਹਿਦ ਵੀ ਦੁਹਰਾ ਰਹੇ ਹਨ। ਪੋਇਲੀਵਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ‘ਪਲੇਟਫਾਰਮ’ (ਚੋਣ ਮੈਨੀਫ਼ੈਸਟੋ) ਵਿਚ ਅਜਿਹੀ ਯੋਜਨਾ ਉਲੀਕੀ ਗਈ ਹੈ ਜਿਹੜੀ ਨੌਕਰਸ਼ਾਹੀ, ਸਲਾਹਾਰੀ ਫ਼ੀਸਾਂ ਅਤੇ ਤਾਨਾਸ਼ਾਹਾਂ, ਅੱਤਵਾਦੀਆਂ ਤੇ ਵਿਸ਼ਵ-ਵਿਆਪੀ ਨੌਕਰਸ਼ਾਹੀ ਨੂੰ ਦਿੱਤੀ ਜਾਂਦੀ ਬੇਲੋੜੀ ਵਿਦੇਸ਼ੀ ਸਹਾਇਤਾ ਤੋਂ ਛੁਟਕਾਰਾ ਦਿਵਾ ਕੇ ਲੋਕਾਂ ’ਤੇ ਟੈਕਸਾਂ ਅਤੇ ਕਰਜ਼ੇ ਦੇ ਬੋਝ ਨੂੰ ਘਟਾਏਗੀ। ਉਨ੍ਹਾਂ ਆਪਣੀਆਂ ਚੋਣ ਰੈਲੀਆਂ ਵਿਚ ਇਹ ਕਿਹਾ ਹੈ ਕਿ ਜੇ ਕੰਜ਼ਰਵੇਟਿਵ ਦੀ ਸਰਕਾਰ ਬਣੀ ਤਾਂ ਉਹ ਸ਼ੈਡੋ ਲਾਬਿੰਗ ’ਤੇ ਪਾਬੰਦੀ ਲਾਉਣਗੇ ਜਿਸ ਨਾਲ ਅਧਿਕਾਰੀਆਂ ਲਈ ਵਿਤੀ ਪਾਰਦਰਸ਼ਤਾ ਦੇ ਨਿਯਮ ਸਖ਼ਤ ਹੋਣਗੇ। ਉਨ੍ਹਾਂ ਦੁਆਰਾ ਟੈਰਿਫ਼ਸ ਵਾਧੇ ਕਾਰਣ ਵਪਾਰ ਯੁੱਧ ਦਾ ਨਿਸ਼ਾਨਾ ਬਣੇ ਆਟੋ ਵਰਕਰਾਂ ਦੀਆਂ ਫੰਡ ਸ਼ੁਰੂ ਕਰਨ ਅਤੇ ਯੂ.ਕੇ. ਤੋਂ ਇਲਾਵਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਇਕ ਮੁਕਤ ਵਪਾਰ ਸੌਦਾ ਕਰਨ ਦਾ ਚੋਣਾਵੀ ਵਾਅਦਾ ਵੀ ਦੁਹਰਾਇਆ ਜਾ ਰਿਹਾ ਹੈ।
ਕਿਊਬੈਕ ਸੂਬੇ ਦੇ ਕੌਮੀ ਹਿੱਤਾਂ ਪ੍ਰਤੀ ਪ੍ਰਤੀਬੱਧ ਪਾਰਟੀ ਬਲਾਕ ਕਿਊਬਕ ਦੇ ਨੇਤਾ ਯਵੇਸ ਫ੍ਰਾਂਸੋਆ ਬਲਾਂਸ਼ੇ, ਕਿਊਬੈਕ ਦੀ ਬੋਲੋਇਲ ਚੈਂਬਲੀ ਸੀਟ ਤੋਂ ਮੁੜ ਚੋਣ ਦੰਗਲ ਵਿਚ ਹਨ। ਚੋਣ ਸਰਵੇਖਣਾਂ ਅਨੁਸਾਰ ਬਲਾਕ ਕਿਊਬਕ ਜਿਸ ਪਾਸ ਪਹਿਲਾਂ 33 ਐਮ.ਪੀ. ਸਨ, ਐਤਕਾਂ ਘੱਟ ਕੇ 20 ਤੀਕ ਸਿਮਟ ਸਕਦੀ ਹੈ। ਸਰਵਿਆਂ ਮੁਤਾਬਿਕ ਟਰੰਪ ਨਾਲ ਵਧੀਆ ਡੀਲ ਕਰ ਸਕਣ ਨੂੰ ਲੈ ਕੇ 48.3 ਪ੍ਰਤੀਸ਼ਤ ਕੈਨੇਡੀਅਨ ਵੋਟਰਾਂ ਨੇ ਆਸ ਦੀ ਡੋਰੀ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ’ਤੇ ਰੱਖੀ ਹੈ ਅਤੇ ਜੇਕਰ ਉਸਦਾ ਜਾਦੂ ਚੱਲਦਾ ਹੈ ਤਾਂ ਲਿਬਰਲ ਪਹਿਲਾਂ ਨਾਲੋਂ ਵੀ ਵੱਧ 191 ਦੇ ਕਰੀਬ ਸੀਟਾਂ ਲੈ ਕੇ ਬਾਜ਼ੀ ਮਾਰ ਸਕਦੇ ਹਨ; ਪਰੰਤੂ ਸਰਵੇਖਣਾਂ ਤੋਂ ਉਲਟ ਕੰਜ਼ਰਵੇਟਿਵ ਆਗੂ ਪੋਲੀਏਵਰ ਦੀਆਂ ਚੋਣ ਰੈਲੀਆਂ ਦੀਆਂ ਵੱਡੀਆਂ ਭੀੜਾਂ ਇਨ੍ਹਾਂ ’ਤੇ ਪ੍ਰਸ਼ਨ ਚਿੰਨ ਲਾ ਰਹੀਆਂ ਨਜ਼ਰ ਆਉਂਦੀਆਂ ਹਨ। ਨੈਨੋਸ ਰਿਸਰਚ ਪੋਲ ਵਲੋਂ 23 ਅਪ੍ਰੈਲ ਦੇ ਸਰਵੇਅ ਅਨੁਸਾਰ ਤਿੰਨ ਦਿਨਾਂ ਦੇ ਇਸ ਰੋÇਲੰਗ ਸੈਂਪਲ ਵਿਚ ਲਿਬਰਲ ਪਾਰਟੀ ਨੂੰ ਰਾਸ਼ਟਰੀ ਪੱਧਰ ’ਤੇ 44.1 ਪ੍ਰਤੀਸ਼ਤ ਵੋਟਰ ਦਾ ਸਮਰਥਨ ਹਾਸਿਲ ਹੈ ਜਦ ਕਿ ਕੰਜ਼ਰਵੇਟਿਵ ਪਾਰਟੀ ਨੂੰ 38.5 ਪ੍ਰਤੀਸ਼ਤ ਸਮਰਥਨ ਪ੍ਰਾਪਤ ਹੈ। ਐੱਨ.ਡੀ.ਪੀ. ਅੱਠ ਪ੍ਰਤੀਸ਼ਤ, ਬਲਾਕ ਕਿਊਬੈਕ ਪੰਜ ਪ੍ਰਤੀਸ਼ਤ, ਗਰੀਨ ਪਾਰਟੀ ਤਿੰਨ ਪ੍ਰਤੀਸ਼ਤ ਅਤੇ ਪੀਪਲਜ਼ ਪਾਰਟੀ ਸਿਰਫ਼ ਇਕ ਪ੍ਰਤੀਸ਼ਤ ’ਤੇ ਆਂਕੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੋਵਾਂ ਨੇ ਹੀ ਆਪਣੇ ਚੋਣ ਵਾਅਦਿਆਂ ਬਾਰੇ ਪਲੇਟਫਾਰਮ (ਘੋਸ਼ਣਾ ਪੱਤਰ) ਜਾਰੀ ਕੀਤੇ ਹਨ। ਲਿਬਰਲ ਪਾਰਟੀ ਦੇ 67 ਪੰਨਿਆਂ ਦੇ ਪਲੇਟਫਾਰਮ ਦੀ ਸ਼ੁਰੂਆਤ ਹੀ ਇਸ ਐਲਾਨ ਨਾਲ ਹੁੰਦੀ ਹੈ ਕਿ ਕੈਨੇਡਾ ਦੀ ਪ੍ਰਭੂਸੱਤਾ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਖ਼ਤਰਾ ਹੈ। ਇਸ ਵਿਚ 16 ਵਾਰ ‘ਟੈਰਿਫ਼’ ਤੇ 13 ਵੇਰ ‘ਵਪਾਰ ਯੁੱਧ’ ਦਾ ਜ਼ਿਕਰ ਹੈ ਜਦਕਿ 30 ਸਫ਼ਿਆਂ ਕੇ ਕੰਜ਼ਰਵੇਟਿਵ ਪਾਰਟੀ ਪਲੇਟਫ਼ਾਰਮ ਵਿਚ ਸਾਧਨ ਸਮਰਥਾ ਅਤੇ ਅਪਰਾਧਾਂ ਦੇ ਮੁੱਦੇ ਨੂੰ ਕੇਂਦਰ ’ਚ ਰੱਖਿਆ ਗਿਆ ਅਤੇ ਇਸ ਵਿਚ ਸੱਤ ਵੇਰ ‘ਟੈਰਿਫ਼’ ਅਤੇ ਇਕ ਵੇਰਾਂ ‘ਵਪਾਰ ਯੁੱਧ’ ਦਾ ਸ਼ਬਦ ਵਰਤਿਆ ਗਿਆ ਹੈ। ਲਿਬਰਲ ਪਾਰਟੀ ਨੇ ਆਪਣੇ ਪਲੇਟਫ਼ਾਰਮ ਵਿਚ ਅੰਤਰ ਸੂਬਾਈ ਵਪਾਰ ਲਈ ਸਾਰੀਆਂ ਸੰਘੀ ਰੁਕਾਵਟਾਂ ਨੂੰ ਖ਼ਤਮ ਕਰਨ, ਟੈਰਿਫ਼ ਦੇ ਖ਼ਤਰੇ ਦਾ ਮਾਕੂਲ ਜਵਾਬ ਦੇਣ, 6.8 ਬਿਲੀਅਨ ਡਾਲਰ ਦੇ ਰਾਸ਼ਟਰ ਨਿਰਮਾਣ ਪ੍ਰੋਜੈਕਟ ਫੰਡ ਸਮੇਤ ਬੰਦਰਗਾਹਾਂ, ਰੇਲਵੇ, ਹਾਈਵੇਅ ਸਮੇਤ ਨਵੇਂ ਵਪਾਰਕ ਬੁਨਿਆਦੀ ਢਾਂਚੇ ਲਈ 5 ਬਿਲੀਅਨ ਡਾਲਰ ਲਾਉਣ ਦੇ ਵਾਅਦੇ ਕੀਤੇ ਹਨ। ਹੈਰਤਅੰਗੇਜ਼ ਤੱਥ ਇਹ ਹੈ ਕਿ ਦੋਵਾਂ ਪਾਰਟੀਆਂ ਨੇ ਵੱਡੇ ਘਾਟੇ ਵਾਲੇ ਬਜਟਾਂ ਦੇ ਅਨੁਮਾਨਤ ਸੰਕੇਤ ਦਿਤੇ ਹਨ ਜਿਸ ਵਿਚ ਚਾਰ ਸਾਲਾਂ ਦੇ ਸਾਸ਼ਨ ਕਾਲ ਲਈ ਕੰਜ਼ਰਵੇਟਿਵ ਪਾਰਟੀ ਨੇ 100 ਬਿਲੀਅਨ ਅਤੇ ਲਿਬਰਲ ਪਾਰਟੀ ਨੇ ਲਗਭਗ 225 ਬਿਲੀਅਨ ਘਾਟੇ ਦੇ ਬਜਟ ਅਨੁਮਾਨੇ ਹਨ; ਪਰੰਤੂ ਨਾ ਤਾਂ ਲਿਬਰਲ ਨਾ ਹੀ ਕੰਜ਼ਰਵੇਟਿਵ ਪਾਰਟੀ ਨੇ ਇਸ ਵਿਚ ਬਜਟ ਨੂੰ ਸੰਤੁਲਿਤ ਕਰਨ ਦੀ ਯੋਜਨਾ ਪੇਸ਼ ਕੀਤੀ ਹੈ। ਰੱਖਿਆ ਪ੍ਰਬੰਧ ਦੀ ਮਜ਼ਬੂਤੀ ਲਈ ਕੰਜ਼ਰਵੇਟਿਵ ਨੇ 17 ਬਿਲੀਅਨ ਡਾਲਰ ਫ਼ੌਜ ਉਪਰ ਖ਼ਰਚਣ ਦੀ ਯੋਜਨਾ ਦੱਸੀ ਹੈ ਜਦ ਕਿ ਲਿਬਰਲ ਦੇ 18 ਬਿਲੀਅਨ ਡਾਲਰ ਦੇ ਰੱਖਿਆ ਬਜਟ ਵਿਚ ਨਵੀਆਂ ਪਣਡੁੱਬੀਆਂ ਦੀ ਖ਼ਰੀਦ ਸਮੇਤ ਭਾਰੀ ਆਈਸ ਬ੍ਰੇਕਰ ਅਤੇ ਹਵਾਈ ਤੇ ਪਾਣੀ ਹੇਠਾਂ ਡਰੋਨ ਦੀ ਖ਼ਰੀਦ ਬਾਰੇ ਅਹਿਦ ਕੀਤਾ ਹੈ।
ਕੈਨੇਡਾ ਦੇ ਇਤਿਹਾਸ ਵਿਚ ਇਸ ਵੇਰ ਦੀਆਂ ਸੰਘੀ ਚੋਣਾਂ ‘ਟਰੰਪ ਟੈਰਿਫ਼ ਵਾਰ’ ਅਤੇ ‘ਕੈਨੇਡਾ ਦੀ ਪ੍ਰਭੂਸਤਾ ਨੂੰ ਚੁਣੌਤੀ ਦਿੰਦੀ ਉਸਦੀ ਬਿਆਨਬਾਜ਼ੀ ਦੋ ਮੁੱਦੇ ’ਤੇ ਕੇਂਦ੍ਰਿਤ ਰਹੀਆਂ ਹਨ ਜਦ ਕਿ ਘਰੇਲੂ ਮੁੱਦੇ ਜੇ ਹਾਸ਼ੀਏ ’ਤੇ ਨਹੀਂ ਤਾਂ ਘੱਟੋ-ਘੱਟ ਉਭਰਵੇਂ ਰੂਪ ਵਿਚ ਮਹੱਤਵ ਦਾ ਬਾਈਸ ਨਹੀਂ ਬਣ ਸਕੇ। ਲਿਬਰਲ ਨੇਤਾ ਮਾਰਕ ਕਾਰਨੀ ਆਪਣੀਆਂ ਚੋਣ ਰੈਲੀਆਂ ਵਿਚ ਸਕਿੱਲ ਸੁਧਾਰ, ਸਿਖਲਾਈ ਲਾਭ, ਰੱਖਿਆ ਢਾਂਚੇ ਦੇ ਨਵੀਨੀਕਰਨ, ‘ਡਿਫੈਂਸ ਰੈਕਰੂਟਮੈਂਟ ਏਜੰਸੀ ਦੀ ਸਥਾਪਨਾ’, ਫ਼ੌਜੀਆਂ ਦੀਆਂ ਤਨਖਾਹਾਂ ਵਧਾਉਣ , ਏ.ਆਈ., ਕੁਆਂਟਮ ਕੰਪਿਊਟਿੰਗ ਤੇ ਸਾਈਬਰ ਸਕਿਉਰਿਟੀ ਖੇਤਰਾਂ ਵਿਚ ਕੈਨੇਡਾ ਨਿਰਮਤ ਸਮਾਧਾਨਾਂ ਲਈ ਰਿਸਰਚ ਬਿਊਰੋ ਸਥਾਪਿਤ ਕਰਨ ਤੋਂ ਇਲਾਵਾ ਜੁਰਮਾਂ ਨੂੰ ਨੱਥ ਪਾਉਣ ਲਈ ਅਮਰੀਕਾ ਵਾਲੇ ਪਾਸਿਉਂ ਹੁੰਦੀ ਹਥਿਆਰਾਂ ਦੀ ਤਸਕਰੀ ਤੇ ਨਸ਼ਿਆਂ ਦੀ ਰੋਕਥਾਮ ਦੇ ਮੁੱਦੇ ਉਭਾਰਦੇ ਹਨ ਤਾਂ ਕੰਜ਼ਰਵੇਟਿਵ ਪਾਰਟੀ ਦੇ ਧੜਵੈਲ ਆਗੂ ਪੀਅਰੇ ਪੋਇਲੀਵਰ ਦੇਸ਼ ’ਚ ਭੰਨਤੋੜ, ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ, ਨਸਲ ਤੇ ਧਰਮ ਦੇ ਆਧਾਰ ’ਤੇ ਹਿੰਸਕ ਹਮਲਿਆਂ ਨੂੰ ਬਣਾਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦਾ ਭਰੋਸਾ ਦਿੰਦੇ ਹਨ। ਚੋਣ ਪ੍ਰਚਾਰ ਮੁਹਿੰਮ ਵਿਚੋਂ ਅਤਕਾਂ ਇਮੀਗ੍ਰੇਸ਼ਨ ਦਾ ਮੁੱਦਾ ਗ਼ਾਇਬ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਦੀਆਂ ਚੋਣ ਰੈਲੀਆਂ ’ਚ ਕਿਧਰੇ ਵਿਖਾਈ ਨਹੀਂ ਦੇ ਰਹੇ। ਜਦ ਕਿ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਰਹੇ ਸਟੀਫ਼ਨ ਜੇ ਹਾਰਪਰ ਸੋਸ਼ਲ ਮੀਡੀਆ ਰਾਹੀਂ ਕੰਜ਼ਰਵੇਟਿਵ ਪਾਰਨੀ ਦੇ ਹੱਕ ’ਚ ਡਟ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਟੀ.ਵੀ. ’ਤੇ ਹੋਈਆਂ ਆਗੂਆਂ ਦੀਆਂ ਬਹਿਸਾਂ ਦੌਰਾਨ ਫਰੈਂਚ ਭਾਸ਼ਾ ਦੀ ਮੁਹਾਰਤ ਨਾ ਹੋਣ ਕਾਰਨ ਪਹਿਲੀ ਬਹਿਸ ’ਚ ਮਾਰਕ ਕਾਰਨੀ ਬਹੁਤੇ ਚਮਕ ਨਹੀਂ ਸਕੇ; ਪਰੰਤੂ ਅੰਗਰੇਜ਼ੀ ’ਚ ਹੋਈ ਬਹਿਸ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਪੀਅਰੇ ਪੋਇਲੀਵਰ ਦੇ ਬਰਾਬਰ ਪ੍ਰਭਾਵਸ਼ਾਲੀ ਰਹੀ। ਪੋਇਲੀਵਰ ਨ ਕਾਰਨੀ ਕਾਰਬਨ ਟੈਕਸ ਕਾਰਨੀ ਅਤੇ ਉਸ ਵਿਚ ਤੇ ਟਰੂਡੋ ਵਿਚ ਕੋਈ ਫ਼ਰਕ ਨਾ ਹੋਣ ਦੀ ਟਾਂਚ ਵੀ ਮਾਰੀ ਪਰ ਉਨ੍ਹਾਂ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਰਨੀ ਹਨ, ਟਰੂਡੋ ਨਹੀਂ। ਸਿਆਸੀ ਮਾਹਿਰਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਸਿੱਖ ਭਾਈਚਾਰੇ ਦਾ ਵੱਡਾ ਹਿੱਸਾ ਜਿੱਥੇ ਖੁੱਲ੍ਹੇ ਤੌਰ ’ਤੇ ਲਿਬਰਲ ਪਾਰਟੀ ਦਾ ਸਮਰਥਨ ਕਰ ਰਿਹਾ ਦਿਸ ਰਿਹਾ ਹੈ ਉਥੇ ਭਾਰਤੀ ਮੂਲ ਦੇ ਹਿੰਦੂ ਭਾਈਚਾਰੇ ਦਾ ਵੱਡਾ ਹਿੱਸਾ ਕੰਜ਼ਰਵੇਟਿਵ ਪਾਰਟੀ ਦੇ ਹੱਕ ’ਚ ਭੁਗਤਦਾ ਨਜ਼ਰ ਆ ਰਿਹਾ ਹੈ।
ਵਿਸ਼ੇਸ਼ ਤੌਰ ’ਤੇ ਵਰਨਣਯੋਗ ਇਹ ਹੈ ਕਿ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਮੈਨੀਟੋਬਾ ਵਰਗੇ ਪ੍ਰਮੁਖ ਸੂਬਿਆਂ ਵਿਚੋਂ ਪੰਜਾਬੀ ਮੂਲ ਦੇ 65 ਉਮੀਦਵਾਰ ਇਸ ਵੇਰ ਪ੍ਰਮੁੱਖ ਪਾਰਟੀਆਂ ਦੇ ਪ੍ਰਤੀਨਿਧ ਜਾਂ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਸ਼ਾਮਿਲ ਹਨ ਜਿਸ ਵਿਚੋਂ 16 ਮੌਜੂਦਾ ਸੰਸਦ ਮੁੜ ਫ਼ਤਵਾ ਹਾਸਿਲ ਕਰਨ ਲਈ ਚੋਣ ਲੜ ਰਹੇ ਹਨ। ਯਾਦ ਰਹੇ ਕਿ 2021 ਦੀਆਂ ਸੰਘੀ ਚੋਣਾਂ ਵਿਚ 45 ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਸ ਵਿਚੋਂ 17 ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਲਿਬਰਲ ਪਾਰਟੀ ਦੀ ਆਗੂ ਕਮਲ ਖਹਿਰਾ ਬਰੈਂਪਟਨ ਵੈਸਟ ਸੀਟ ਤੋਂ, ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਅਨੀਤਾ ਆਨੰਦ ਓਨਵਿਲ ਸੀਟ ਤੋਂ ਅਤੇ ਸਾਬਕਾ ਮੰਤਰੀ ਬਰਡਿਸ਼ ਚੱਗਰ ਮੁੜ ਵਾਟਰਲੂ ਸੀਟ ਤੋਂ ਚੋਣ ਲੜ ਰਹੇ ਹਨ।
ਲਿਬਰਲ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹੋਰ ਪੰਜਾਬੀ ਉਮੀਦਵਾਰਾਂ ਦੀ ਸੂਚੀ ਵਿਚ ਰੂਬੀ ਸਹੋਤਾ (ਬਰੈਂਪਨ ਨੌਰਥ), ਸੋਨੀਆ ਸਿੱਧੂ (ਬਰੈਂਪਨ ਸਾਊਥ), ਅੰਜੂ ਢਿੱਲੋਂ (ਡੋਰਵਾਲ-ਲਾਸ਼ਿਨੇ-ਲਾਸਾਲੇ), ਅਮਰਜੀਤ ਸਿੰਘ ਸੋਹੀ (ਐਡਮੰਟਨ ਸਾਊਥ ਈਸਟ), ਜਾਰਜ ਚਾਹਲ (ਕੈਲਗਰੀ ਮੈਕਨਾਈਟ), ਰਾਹੁਲ ਵਾਲੀਆ (ਵਿਨੀਪੈੱਗ ਸੈਂਟਰ), ਸੁੱਖ ਧਾਲੀਵਾਲ (ਸਰੀ ਨਿਊਟਨ), ਰਵਦੀਪ ਸਰਾਏ (ਸਰੀ ਸੈਂਟਰ) ਦੇ ਨਾਂਅ ਸ਼ਾਮਿਲ ਹਨ।
ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਨੇ ਟਿਮ ਉੱਪਲ (ਐਡਮੰਟਨ ਗੇਟਵੇਅ), ਗੁਰਮੀਤ ਸੰਧੂ (ਸਕਾਰਬੋਰੋਅ ਨੌਰਥ), ਜਸਰਾਜ ਹੱਲਣ(ਕੈਲਗਰੀ ਈਸਟ), ਤਰਨ ਚਾਹਲ (ਬਰੈਂਪਟਨ ਸੈਂਟਰ), ਦਲਵਿੰਦਰ ਗਿੱਲ (ਕੈਲਗਰੀ ਮੈਕਨਈਟ), ਅਮਨਪ੍ਰੀਤ ਐੱਸ ਗਿੱਲ (ਕੈਲਗਰੀ ਸਕਾਈਵਿਊ), ਰਾਜਵੀਰ ਢਿੱਲੋਂ (ਸਰੀ ਸੈਂਟਰ), ਹਰਜੀਤ ਸਿੰਘ ਗਿੱਲ (ਸਰੀ ਨਿਊਟਨ) ਅਤੇ ਸੁਖਦੀਪ ਕੰਗ (ਬਰੈਂਪਟਨ ਸਾਊਥ) ਨੂੰ ਚੋਣ ਦੰਗਲ ’ਚ ਉਤਾਰਿਆ ਹੈ। ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਪੰਜਾਬੀਆਂ ਦੀ ਲਗਾਤਾਰ ਵਧ ਰਹੀ ਸੰਖਿਆ ਇਸ ਤੱਥ ਦੀ ਪੁਸ਼ਟੀ ਹੈ ਕਿ ਉਨ੍ਹਾਂ ਨੇ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਅਤੇ ਆਪਣੀ ਸਭਿਆਚਾਰਕ ਪਛਾਣ ਬਰਕਰਾਰ ਰੱਖਣ ਦੇ ਨਾਲ ਨਾਲ ਸਿਆਸੀ ਖੇਤਰ ਵਿਚ ਵੀ ਲਗਾਤਾਰ ਪੈੜਾਂ ਪਾਈਆਂ ਹਨ।

Leave a Reply

Your email address will not be published. Required fields are marked *