Headlines

ਕੈਨੇਡਾ ਚੋਣਾਂ 2025- ਕੰਪੇਨ ਦੇ ਆਖਰੀ ਹਫ਼ਤੇ ਲਿਬਰਲਾਂ ਦੀ ਲੀਡ ਘਟੀ

ਓਟਵਾ ( ਦੇ ਪ੍ਰ ਬਿ)–ਚੋਣ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਲਈ ਦੌੜ ਹੁਣ ਪਹਿਲਾਂ ਨਾਲੋਂ ਜ਼ਿਆਦਾ ਫਸਵੀਂ ਹੋ ਗਈ ਹੈ ਜਦਕਿ ਫੈਡਰਲ ਚੋਣ ਕੰਪੇਨ ਆਖਰੀ ਹਫ਼ਤੇ ਵਿਚ ਦਾਖਲ ਹੋ ਗਈ ਹੈ। ਗਲੋਬਲ ਨਿਊਜ਼ ਲਈ ਇਪਸੋਸ ਵਲੋਂ ਕੀਤੇ ਤਾਜ਼ਾ ਸਰਵੇਖਣ ਵਿਚ ਪਾਇਆ ਗਿਆ ਕਿ ਲਿਬਰਲ ਅਜੇ ਵੀ ਅੱਗੇ ਚਲ ਰਹੇ ਹਨ ਪਰ ਹੁਣ ਉਨ੍ਹਾਂ ਦੀ ਲੀਡ ਕੰਸਰਵੇਟਿਵਾਂ ਤੋਂ ਸਿਰਫ ਤਿੰਨ ਅੰਕ ਅੱਗੇ ਹਨ ਜਿਹੜੇ ਲਗਾਤਾਰ ਗਤੀ ਪ੍ਰਾਪਤ ਕਰਨਾ ਜਾਰੀ ਰੱਖ ਰਹੇ ਹਨ। ਇਸੇ ਦੌਰਾਨ ਇਲੈਕਸ਼ਨ ਕੈਨੇਡਾ ਮੁਤਾਬਿਕ ਲਗਪਗ 73 ਲੱਖ ਕੈਨੇਡੀਅਨਾਂ ਨੇ ਲੰਬੇ ਵੀਕਐਂਡ ਵਿਚ ਪੇਸ਼ਗੀ ਵੋਟਿੰਗ ਦਾ ਫਾਇਦਾ ਉਠਾਉਂਦਿਆਂ ਰਿਕਾਰਡ ਗਿਣਤੀ ਵਿਚ ਵੋਟਾਂ ਪਾਈਆਂ ਹਨ। ਨਾਨ-ਪਾਰਟੀਸ਼ਨ ਏਜੰਸੀ ਨੇ ਸ਼ੁਰੂਆਤੀ ਅੰਕੜਿਆਂ ਦੇ ਆਧਾਰ ’ਤੇ ਕਿਹਾ ਕਿ 2021 ਦੀਆਂ ਫੈਡਰਲ ਚੋਣਾਂ ਦੌਰਾਨ 58 ਲੱਖ ਵੋਟਰਾਂ ਵਲੋਂ ਪੇਸ਼ਗੀ ਵਿਚ ਵੋਟਾਂ ਪਾਉਣ ਦੇ ਮੁਕਾਬਲੇ ਹੁਣ ਪੇਸ਼ਗੀ ਵੋਟਾਂ ਵਿਚ ਵਾਧਾ 25 ਫ਼ੀਸਦੀ ਰਿਹਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਇਲੈਕਸ਼ਨ ਕੈਨੇਡਾ ਨੇ ਕਿਹਾ ਕਿ ਅਸੀਂ ਸਾਰੇ ਚੋਣ ਕਾਮਿਆਂ ਦਾ ਉਨ੍ਹਾਂ ਦੇ ਸਮਰਪਣ ਅਤੇ ਸਾਰੇ ਵੋਟਰਾਂ ਦੇ ਸਬਰ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਪੇਸ਼ਗੀ ਵੋਟਿੰਗ ਸਮੁੱਚੇ ਦੇਸ਼ ਵਿਚ ਸ਼ੁੱਕਰਵਾਰ, ਸਨਿਚਰਵਾਰ, ਐਤਵਾਰ ਅਤੇ ਸੋਮਵਾਰ ਤਕ ਜਾਰੀ ਰਹੀ। ਇਕੱਲੇ ਸ਼ੁੱਕਰਵਾਰ 20 ਲੱਖ ਤੋਂ ਵੀ ਜ਼ਿਆਦਾ ਵੋਟਰਾਂ ਨੇ ਆਪਣੀ ਵੋਟ ਪਾਈ। ਵੋਟਰ ਲੰਬੀਆਂ ਕਤਾਰਾਂ ਵਿਚ ਲੱਗੇ ਹੋਏ ਸਨ ਅਤੇ ਕੁਝ ਸੀਬੀਸੀ ਨਿਊਜ਼ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪਈ ਹੈ। ਇਲੈਕਸ਼ਨ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਉਸ ਕੋਲ ਕੰਪੇਨ ਦੀ ਸ਼ੁਰੂਆਤ ਵਿਚ ਲਗਪਗ 28.2 ਮਿਲੀਅਨ ਲੋਕਾਂ ਨੇ ਆਪਣੀ ਵੋਟ ਪਾਉਣ ਲਈ ਰਜਿਸਟਰੇਸ਼ਨ ਕਰਵਾਈ ਸੀ। ਇਹ 27.5 ਮਿਲੀਅਨ ਵੋਟਰਾਂ ਨਾਲੋਂ ਵੱਧ ਹਨ ਜਿਹੜੇ 2021 ਵਿਚ ਰਜਿਸਟਰਡ ਕੀਤੇ ਗਏ ਸਨ। ਪਿਛਲੀਆਂ ਫੈਡਰਲ ਚੋਣਾਂ ਦੌਰਾਨ ਇਕ ਕਰੋੜ 70 ਲੱਖ ਤੋਂ ਵੀ ਜ਼ਿਆਦਾ ਵੋਟਰਾਂ ਨੇ ਆਪਣੇ ਮਤ ਦੀ ਵਰਤੋਂ ਕੀਤੀ ਸੀ ਜਿਹੜੀ ਕਿ 62.6 ਫ਼ੀਸਦੀ ਬਣਦੀ ਹੈ।

Leave a Reply

Your email address will not be published. Required fields are marked *