ਭਾਰੀ ਗਿਣਤੀ ਵਿਚ ਵੋਟਾਂ ਪਾਉਣ ਤੇ ਤਬਦੀਲੀ ਦਾ ਸੱਦਾ ਦਿੱਤਾ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਏਅਰਪੋਰਟ ਨੇੜੇ ਕੰਸਰਵੇਟਿਵ ਪਾਰਟੀ ਦੀ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਪੀਅਰ ਪੋਲੀਵਰ ਨੇ ਕੰਸਰਵੇਟਿਵ ਦੀ ਜਿੱਤ ਲਈ ਭਾਰੀ ਮੱਤਦਾਨ ਦਾ ਸੱਦਾ ਦਿੱਤਾ। ਉਹਨਾਂ ਭਾਰੀ ਗਿਣਤੀ ਵਿਚ ਜੁੜੇ ਆਪਣੇ ਸਮਰਥਕਾਂ ਅਤੇ ਵੋਟਰਾਂ ਨੂੰ ਤਬਦੀਲੀ ਲਈ ਵੋਟ ਕਰਨ ਦੇ ਨਾਲ ਅਲਬਰਟਾ ਦੇ ਤੇਲ ਸੈਕਟਰ ਨੂੰ ਹੁਲਾਰਾ ਦੇਣ ਲਈ ਕੰਸਰਵੇਟਿਵ ਸਰਕਾਰ ਬਣਾਉਣਾ ਲਾਜ਼ਮੀ ਦੱਸਿਆ। ਕੰਸਰਵੇਟਿਵ ਆਗੂ ਨੇ ਇਥੇ ਏਅਰਪੋਰਟ ਨੇੜੇ ਆਪਣੇ ਪ੍ਰਾਈਵੇਟ ਜੈਟ ਨਾਲ ਐਂਟਰੀ ਕੀਤੀ ਜਿਸਦਾ ਲੋਕਾਂ ਨੇ ਭਾਰੀ ਸਵਾਗਤ ਕੀਤਾ। ਚੋਣ ਮੁਹਿੰਮ ਦੌਰਾਨ ਕੰਸਰਵੇਟਿਵ ਆਗੂ ਆਪਣੇ ਨਾਮ ਵਾਲੇ ਪ੍ਰਾਈਵੇਟ ਜੈਟ ਵਿਚ ਪੁੱਜੇ ਤੇ ਰੈਲੀ ਵੀ ਜਹਾਜ਼ ਪਾਰਕਿੰਗ ਦੇ ਨੇੜੇ ਹੀ ਕੀਤੀ ਗਈ।
ਉਹਨਾਂ ਇਸ ਮੌਕੇ ਬੋਲਦਿਆਂ ਤਬਦੀਲੀ ਦਾ ਸੱਦਾ ਦਿੰਦਿਆਂ ਵੱਧ ਤੋਂ ਵੱਧ ਵੋਟ ਪੋਲਿੰਗ ਕਰਨ ਲਈ ਕਿਹਾ। ਉਹਨਾਂ ਕਿਹਾ ਕਿ “ਸਾਨੂੰ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੀ ਵੋਟਿੰਗ ਦੀ ਲੋੜ ਹੈ ਤੇ ਇਸ ਨਾਲ ਹੀ ਤਬਦੀਲੀ ਸੰਭਵ ਹੈ। ਪੋਲੀਵਰ ਲਈ ਆਪਣੇ ਰਾਜਨੀਤਿਕ ਗੜ੍ਹ ਵਿੱਚ ਵਾਪਸੀ ਸੀ – ਜਿੱਥੇ 2021 ਵਿੱਚ ਪਾਰਟੀ ਨੇ 10 ਵਿੱਚੋਂ 9 ਸੀਟਾਂ ਜਿੱਤੀਆਂ ਸਨ। ਇਹ ਉਹਨਾਂ ਦੀ ਘਰ ਵਾਪਸੀ ਸੀ ਕਿਉਂਕਿ ਉਹਨਾਂ ਦਾ ਜਨਮ ਵੀ ਕੈਲਗਰੀ ਦਾ ਹੈ ਤੇ ਉਹ ਉਥੇ ਪਲੇ ਵੱਡੇ ਹੋਏ ਤੇ ਯੂਨੀਵਰਸਿਟੀ ਆਫ ਕੈਲਗਰੀ ਤੋੋਂ ਵਿਦਿਆ ਹਾਸਲ ਕੀਤੀ। ਉਹ ਨੌਕਰੀ ਦੇ ਸਬੰਧ ਵਿਚ ਓਟਾਵਾ ਖੇਤਰ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੈਲਗਰੀ ਵਿੱਚ ਹਾਈ ਸਕੂਲ ਅਤੇ ਕੈਲਗਰੀ ਯੂਨੀਵਰਸਿਟੀ ਵਿੱਚ ਪੜੇ ਸਨ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਾਸਨ ਕਰਨ ਵਾਲੇ ਲਿਬਰਲਾਂ ਨੇ ਸੂਬੇ ਅਤੇ ਇਸ ਦੀ ਤੇਲ-ਅਤੇ-ਗੈਸ ਆਰਥਿਕਤਾ ਦਾ ਸਮਰਥਨ ਨਹੀਂ ਕੀਤਾ। ਉਹਨਾਂ ਵਾਅਦਾ ਕੀਤਾ ਕਿ ਉਹ ਪੱਛਮੀ ਕੈਨੇਡਾ ਦੇ ਨਾਲ ਖੜਨਗੇ।
ਉਹਨਾਂ ਆਪਣੇ ਭਾਸ਼ਨ ਵਿਚ 10 ਸਾਲਾਂ ਦੇ ਲਿਬਰਲ ਸ਼ਾਸਨ ਨੂੰ ਖਤਮ ਕਰਨ ਅਤੇ ਤਬਦੀਲੀ ਦਾ ਸੱਦਾ ਦੁਹਰਾਇਆ।
ਪੋਲੀਵਰ ਕੈਲਗਰੀ ਦੇ ਆਪਣੇ ਜੱਦੀ ਸ਼ਹਿਰ ਵਿੱਚ ਪ੍ਰਚਾਰ ਪ੍ਰੋਗਰਾਮ ਦੌਰਾਨ ਆਪਣੀ ਮਾਂ ਮਾਰਲੇਨ ਪੋਲੀਵਰ ਨੂੰ ਵੀ ਮਿਲੇ ਤੇ ਅਸ਼ੀਰਵਾਦ ਲਿਆ।
ਰੈਲੀ ਦੌਰਾਨ ਪੋਲੀਵਰ ਨੇ ਕੈਲਗਰੀ ਈਸਟ ਤੋਂ ਉਮੀਦਵਾਰ ਜਸਰਾਜ ਸਿੰਘ ਹੱਲਣ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਸਿੰਘ ਗਿੱਲ ਤੇ ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ ਨੂੰ ਵੀ ਕੰਸਰਵੇਟਿਵ ਸਮਰਥਕਾਂ ਦੇ ਰੂਬਰੂ ਕੀਤਾ ਤੇ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।