ਵੈਨਕੂਵਰ, 27 ਅਪ੍ਰੈਲ (ਡਾ ਗੁਰਵਿੰਦਰ ਸਿੰਘ, ਮਲਕੀਤ ਸਿੰਘ)-ਇੱਥੇ ਫਿਲਪੀਨੋ ਭਾਈਚਾਰੇ ਦੇ ਇਕ ਸਟਰੀਟ ਫੈਸਟੀਵਲ ਦੌਰਾਨ ਐਸ ਯੂ ਵੀ ਟਰੱਕ ਦੇ ਭੀੜ ਤੇ ਚਾੜੇ ਜਾਣ ਕਾਰਣ 11 ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ। ਸ਼ਨਿਚਰਵਾਰ 26 ਅਪ੍ਰੈਲ ਦੀ ਸ਼ਾਮ ਨੂੰ ਕਰੀਬ 8 ਵਜੇ ਤੋਂ ਬਾਦ ਫਰੇਜ਼ਰ ਸਟਰੀਟ ਨਜ਼ਦੀਕ ਈਸਟ 41 ਐਵਨਿਊ ਵੈਨਕੂਵਰ, ਵਿੱਚ ਇੱਕ ਫਿਲੀਪੀਨੋ ਫੈਸਟੀਵਲ ਵਿੱਚ, ਲੋਕਾਂ ਦੀ ਭੀੜ ਉੱਪਰ ਇੱਕ ਸਿਰਫਿਰੇ ਵਿਆਕਤੀ ਨੇ ਆਪਣੀ ਐਸਯੂਵੀ ਚਾੜ੍ਹ ਦਿੱਤੀ, ਜਿਸ ਕਾਰਨ ਭਿਆਨਕ ਤੇ ਦਿਲ ਕੰਬਾਊ ਹਾਦਸੇ ਵਿੱਚ 11 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਵੈਨਕੂਵਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਸਟਰੀਟ ਫੈਸਟੀਵਲ ਵਿੱਚ ਇੱਕ ਡਰਾਈਵਰ ਵੱਲੋਂ ਆਪਣਾ ਐਸਯੂਵੀ ਟਰੱਕ ਭੀੜ ਵਿੱਚ ਮਾਰਨ ਤੋਂ ਬਾਅਦ, ਕਈ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਭਿਆਨਕ ਹਾਦਸਾ ਕਰਨ ਵਾਲਾ ਡਰਾਈਵਰ ਹਿਰਾਸਤ ਵਿੱਚ ਹੈ। ਇਹ ਘਟਨਾ ਨਸਲੀ ਹਮਲਾ ਹੈ ਜਾਂ ਇਸਦੇ ਪਿੱਛੇ ਕੀ ਕਾਰਣ ਹਨ, ਪੁਲਿਸ ਜਾਂਚ ਕਰ ਰਹੀ ਹੈ।
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ ਹੈ ਕਿ “ਮੈਂ ਅੱਜ ਦੇ ਲਾਪੂ ਲਾਪੂ ਦਿਵਸ ਸਮਾਗਮ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ। ਸਾਡੀਆਂ ਭਾਵਨਾਵਾਂ ਇਸ ਬਹੁਤ ਹੀ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਸਾਰੇ ਲੋਕਾਂ ਅਤੇ ਵੈਨਕੂਵਰ ਦੇ ਫਿਲੀਪੀਨੋ ਭਾਈਚਾਰੇ ਦੇ ਨਾਲ ਹਨ।
ਵਰਨਣਯੋਗ ਹੈ ਕਿ ਵੈਨਕੂਵਰ ਚ ਫਿਲਪੀਨੋ ਭਾਈਚਾਰੇ ਦੇ ਲੋਕਾਂ ਵੱਲੋਂ ਹਰੇਕ ਸਾਲ ਫਿਲਪਾਈਨ ਦੇ ਕੌਮੀ ਹੀਰੋ ਦਾਤੂ ਲਾਪੂ ਲਾਪੂ ਦੀ ਯਾਦ ਇਹ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ| 2021 ਦੀ ਮਰਦਮ ਸ਼ੁਮਾਰੀ ਮੁਤਾਬਕ ਵੈਨਕੂਵਰ ਚ ਫਿਲਪਾਈਨ ਭਾਈਚਾਰੇ ਦੇ ਲੋਕਾਂ ਦੀ ਗਿਣਤੀ 38,000 ਦੇ ਕਰੀਬ ਸੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ-
ਵੈਨਕੂਵਰ ਚ ਵਾਪਰੀ ਇਸ ਦੁਖਦਾਈ ਘਟਨਾ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ,ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਅਤੇ ਫਿਲਪਾਈਨ ਦੇ ਰਾਸ਼ਟਰਪਤੀ ਫ਼ਰਡੀ ਲੈਂਡ ਮਾਰਕਸ ਜੂਨੀਅਰ , ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ,ਐਨਡੀਪੀ ਨੇਤਾ ਜਗਮੀਤ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਅਤੇ ਜਖਮੀਆਂ ਨਾਲ ਹਮਦਰਦੀ ਜਾਹਿਰ ਕੀਤੀ ਜਾ ਰਹੀ ਹੈ।