ਅਲਬਰਟਾ ਦੇ ਤੇਲ ਅਤੇ ਗੈਸ ਸੈਕਟਰ ਨੂੰ ਅੱਗੇ ਵਧਾਉਣ ਦਾ ਵਾਅਦਾ ਕੀਤਾ-
ਐਡਮਿੰਟਨ (ਗੁਰਪ੍ਰੀਤ ਸਿੰਘ)-ਲਿਬਰਲ ਲੀਡਰ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਚੋਣ ਮੁਹਿੰਮ ਦੇ ਆਖਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਲਿਬਰਲ ਉਮੀਦਵਾਰ ਅਮਰਜੀਤ ਸੋਹੀ ਦੇ ਹੱਕ ਵਿਚ ਪ੍ਰਚਾਰ ਲਈ ਪੁੱਜੇ। ਇਸ ਮੌਕੇ ਇਕੱਠ ਨੂੁੰ ਸੰਬੋਧਨ ਕਰਦਿਆਂ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਕੈਨੇਡਾ ਦੇ ਭਵਿੱਖ ਲਈ ਇੱਕ ਦਲੇਰ ਦ੍ਰਿਸ਼ਟੀਕੋਣ ਦਾ ਵਾਅਦਾ ਕਰਦਿਆਂ ਕੈਨੇਡੀਅਨ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਹਨਾਂ ਕੈਨੇਡਾ ਦੇ ਕਾਊਂਟਰ-ਟੈਰਿਫ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਪਹਿਲਾਂ ਉਠਾਏ ਕਦਮਾਂ ਸਦਕਾ ਪ੍ਰਭਾਵਿਤ ਕਾਮਿਆਂ ਨੂੰ ਲਾਭ ਮਿਲ ਰਿਹਾ ਹੈ। ਉਹਨਾਂ ਕੈਨੇਡਾ ਦੇ ਅੰਤਰ ਰਾਜੀ ਮੁਕਤ ਵਪਾਰ ਦਾ ਵਾਅਦਾ ਕਰਦਿਆਂ ਕਿਹਾ ਕਿ ਅਗਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਪਹਿਲੀ ਜੁਲਾਈ ਤੋਂ ਅੰਤਰਰਾਜੀ ਵਪਾਰ ਰੁਕਾਵਟਾਂ ਖਤਮ ਕਰ ਦਿੱਤੀਆਂ ਜਾਣਗੀਆਂ। ਕਾਰਨੀ ਨੇ ਕੈਨੇਡਾ ਨੂੰ ਇੱਕ ” ਸੁਪਰਪਾਵਰ ਊਰਜਾ ਸ਼ਕਤੀ” ਵਿੱਚ ਬਦਲਣ ਦਾ ਵਾਅਦਾ ਕਰਦਿਆਂ ਅਲਬਰਟਾ ਦੇ ਤੇਲ ਅਤੇ ਗੈਸ ਸੈਕਟਰ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ, ਜਿਸਨੂੰ ਹਾਜ਼ਰ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਗਿਆ।
ਕਾਰਨੀ ਦਾ ਇਹ ਪ੍ਰੋਗਰਾਮ ਲਾਡੂਕ ਵਿਚ ਵਿੱਚ ਹਾਲ ਹੀ ਵਿੱਚ ਹੋਏ ਕੰਸਰਵੇਟਿਵ ਆਗੂ ਪੀਅਰ ਪੋਲੀਅਰ ਦੀ ਰੈਲੀ ਨਾਲੋਂ ਕਾਫੀ ਛੋਟਾ ਸੀ ਕਿਉਂਕਿ ਵੈਨਕੂਵਰ ਵਿਚ ਵਾਪਰੀ ਇਕ ਦੁਖਦਾਈ ਘਟਨਾ ਉਪਰੰਤ ਉਹਨਾਂ ਵਲੋਂ ਆਪਣੇ ਕਈ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ। ਕਾਰਨੀ ਨੇ ਕੈਨੇਡਾ ਦੇ ਮੈਂਟਲ ਹੈਲਥ ਅਤੇ ਡਰੱਗ ਸਮੱਸਿਆ ਦੀ ਚਰਚਾ ਕਰਦਿਆਂ ਸੂਬਿਆਂ ਅਤੇ ਭਾਈਚਾਰਿਆਂ ਵਿਚਾਲੇ ਵੱਧ ਤੋਂ ਵੱਧ ਸਹਿਯੋਗ ਦੀ ਗੱਲ ਕੀਤੀ।
ਐ਼ਡਮਿੰਟਨ ਵਿਚ ਕਾਰਨੀ ਨੇ ਲੋਕਾਂ ਦੇ ਇਕੱਠ ਨੂੰ ਇਕ ਪਿਕਅੱਪ ਟਰੱਕ ਉਪਰ ਖੜੇ ਹੋਕੇ ਸੰਬੋਧਨ ਕੀਤਾ। ਫੋਰਟ ਸਮਿਥ (ਨਾਰਥ ਵੈਸਟ ਟੈਰੀਟਰੀ) ਵਿੱਚ ਜਨਮੇ ਅਤੇ ਐਡਮਿੰਟਨ ਵਿੱਚ ਪਲੇ ਤੇ ਵੱਡੇ ਹੋਏ ਕਾਰਨੀ ਦੀ ਚੋਣ ਪ੍ਰਚਾਰ ਦੇ ਆਖਰੀ ਦਿਨ ਇਹ ਆਪਣੀ ਘਰ ਵਾਪਸੀ ਸੀ ਜਿਸਦਾ ਉਦੇਸ਼ ਅਲਬਰਟਾ ਦੇ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਸੀ।