485 ਵਿਅਕਤੀਆਂ ਦੀ ਹੋਈ ਵਾਪਸੀ; 112 ਪਾਕਿਸਤਾਨ ਪੁੱਜੇ; ਦੋਵੇਂ ਪਾਸੇ ਪਰਤਣ ਵਾਲਿਆਂ ਵਿੱਚ ਵਧੇਰੇ ਨੋਰੀ ਵੀਜ਼ਾਧਾਰਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਪਰੈਲ
ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੋਰੀ ਵੀਜ਼ਾ ਤਹਿਤ ਲੋਕਾਂ ਨੂੰ ਵਾਪਸ ਪਰਤਣ ਦੀ ਦਿੱਤੀ ਗਈ ਆਗਿਆ ਕਾਰਨ ਅੱਜ ਵੱਡੀ ਗਿਣਤੀ ਦੋਵਾਂ ਮੁਲਕਾਂ ਤੋਂ ਲੋਕ ਵਾਪਸ ਪਰਤੇ। ਪਾਕਿਸਤਾਨ ਤੋਂ ਲਗਪਗ 485 ਭਾਰਤੀ ਇੱਧਰ ਆਏ, ਜਦੋਂਕਿ ਭਾਰਤ ਤੋਂ 112 ਵਿਅਕਤੀ ਪਾਕਿਸਤਾਨ ਵਾਪਸ ਗਏ। ਪਰਤਣ ਵਾਲਿਆਂ ਵਿੱਚ ਵਧੇਰੇ ਨੋਰੀ ਵੀਜ਼ਾ ਧਾਰਕ ਸਨ। ਨੋਰੀ ਵੀਜ਼ਾ ਅਜਿਹੀ ਸੁਵਿਧਾ ਹੈ ਜੋ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਜਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਕੋਲ ਭਾਰਤੀ ਨਾਗਰਿਕਤਾ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ, ਜਿਸ ਤਹਿਤ ਉਹ ਵਾਪਸ ਪਰਤ ਸਕਦੇ ਹਨ। ਬਲੋਚਿਸਤਾਨ ਤੋਂ ਵਾਪਸ ਪਰਤੀ ਪਾਕਿਸਤਾਨੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਭਾਰਤੀ ਹੈ ਅਤੇ ਬੱਚੇ ਵੀ ਭਾਰਤੀ ਹਨ। ਉਹ ਕੁਝ ਦਿਨ ਪਹਿਲਾਂ ਬੱਚਿਆਂ ਸਣੇ ਪਾਕਿਸਤਾਨ ਗਈ ਸੀ ਅਤੇ ਹੁਣ ਵਿਚਾਲੇ ਯਾਤਰਾ ਛੱਡ ਕੇ ਵਾਪਸ ਪਰਤ ਆਈ ਹੈ। ਜੇ ਨੋਰੀ ਵੀਜ਼ੇ ਦੀ ਸਹੂਲਤ ਨਾ ਹੁੰਦੀ ਤਾਂ ਵਾਪਸ ਪਰਤਣਾ ਮੁਸ਼ਕਲ ਸੀ।
ਇਸ ਦੌਰਾਨ ਕਰਾਚੀ ਵਾਸੀ ਔਰਤ ਨੇ ਕਿਹਾ ਕਿ ਉਹ ਗੁਰਦੇ ਬਦਲਾਉਣ ਲਈ ਭਾਰਤ ਆਈ ਸੀ ਪਰ ਇੱਥੇ ਗੁਰਦੇ ਦਾ ਮਿਲਾਨ ਨਾ ਹੋਣ ਕਾਰਨ ਉਸ ਨੂੰ ਹੋਰ ਰੁਕਣਾ ਪੈਣਾ ਸੀ।
ਮੌਜੂਦਾ ਸਥਿਤੀ ਕਾਰਨ ਉਸ ਨੂੰ ਅੱਧ ਵਿਚਾਲੇ ਹੀ ਇਲਾਜ ਛੱਡ ਕੇ ਪਰਤਣਾ ਪਿਆ। ਉਸ ਨੇ ਦੱਸਿਆ ਕਿ ਉਸ ਕੋਲ 21 ਮਈ ਤੱਕ ਦਾ ਵੀਜ਼ਾ ਹੈ। ਉਸ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿੱਚ ਇਲਾਜ ਮਹਿੰਗਾ ਹੋਣ ਕਾਰਨ ਉਹ ਭਾਰਤ ਆਈ ਸੀ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਭਰੇ ਮਨ ਨਾਲ ਵਿਦਾ ਕੀਤਾ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ 30 ਅਪਰੈਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤਣ ਦੀ ਆਖਰੀ ਮਿਤੀ ਹੈ ਅਤੇ ਪਹਿਲੀ ਮਈ ਤੋਂ ਅਟਾਰੀ ਸਰਹੱਦ ਨੂੰ ਆਵਾਜਾਈ ਲਈ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ।