ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ; ਪੀੜਤਾਂ ਲਈ ਮੁਆਵਜ਼ਾ ਐਲਾਨਿਆ
ਕੋਲਕਾਤਾ, 30 ਅਪਰੈਲ – ਕੋਲਕਾਤਾ ਦੇ ਮੇਚੁਆਪੱਟੀ ਖੇਤਰ ਵਿਚ ਇਕ ਹੋਟਲ ’ਚ ਭਿਆਨਕ ਅੱਗ ਲੱਗਣ ਕਾਰਨ ਇਕ ਔਰਤ ਅਤੇ ਦੋ ਬੱਚਿਆਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਲੱਗੀ ਅੱਗ ਦੌਰਾਨ 13 ਹੋਰ ਜ਼ਖਮੀ ਹੋ ਗਏ। ਕੋਲਕਾਤਾ ਪੁਲੀਸ ਦੇ ਅਧਿਕਾਰੀ ਅਨੁਸਾਰ ਮ੍ਰਿਤਕਾਂ ਵਿਚ 11 ਆਦਮੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 8 ਦੀ ਹੁਣ ਤੱਕ ਪਛਾਣ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ, “ਘਟਨਾ ਦੇ ਸਮੇਂ 42 ਕਮਰਿਆਂ ਵਿਚ 88 ਮਹਿਮਾਨ ਸਨ। ਮ੍ਰਿਤਕਾਂ ਵਿਚ ਦੋ ਬੱਚੇ ਅਤੇ ਇਕ ਔਰਤ ਸ਼ਾਮਲ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਸਾਡੀ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰੇਗੀ।’’
ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਪਹਿਲਾਂ ਸ਼ਾਮ 7:30 ਵਜੇ ਦੇ ਕਰੀਬ ਮਿਲੀ ਸੀ, ਲਗਭਗ 10 ਫਾਇਰ ਟੈਂਡਰਾਂ ਨੇ ਲੰਮੀ ਮੁਸ਼ੱਕਤ ਬਾਅਦ ਬੁੱਧਵਾਰ ਸਵੇਰ ਅੱਗ ’ਤੇ ਕਾਬੂ ਪਾਇਆ ਗਿਆ। ਰਾਜ ਮੰਤਰੀ ਸੁਜੀਤ ਬੋਸ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਦੁਖਾਂਤ ਦੇ ਮੱਦੇਨਜ਼ਰ ਕੋਲਕਾਤਾ ਪੁਲੀਸ ਨੇ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।
ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵਰ੍ਹਦਿਆਂ ਉਨ੍ਹਾਂ ’ਤੇ ਅਸੰਵੇਦਨਸ਼ੀਲਤਾ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਬੁਰਾਬਾਜ਼ਾਰ ਦੇ ਮੇਛੂਆ ਖੇਤਰ ਵਿਚ ਇਕ ਭਿਆਨਕ ਅੱਗ ਨੇ 14 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਲੈ ਲਈ। ਬਹੁਤ ਸਾਰੇ ਹੋਰ ਆਪਣੀ ਜਾਨ ਬਚਾਉਣ ਲਈ ਜੂਝ ਰਹੇ ਹਨ। ਫਿਰ ਵੀ ਮੁੱਖ ਮੰਤਰੀ ਨੇ ਚੁੱਪ ਰਹਿਣਾ ਚੁਣਿਆ ਅਤੇ ਦੀਘਾ ਵਿਚ ਆਪਣੇ ਧਾਰਮਿਕ ਸਮਾਗਮ ਨੂੰ ਜਾਰੀ ਰੱਖਿਆ।’’ ਉਨ੍ਹਾਂ ਕਿਹਾ ਕਿ ਇਹ ਉਸ(ਮੁੱਖ ਮੰਤਰੀ) ਦੀ ਹਮਦਰਦੀ ਦੀ ਘਾਟ ਅਤੇ ਪ੍ਰਸ਼ਾਸਨ ਦੀ ਅਸਫਲਤਾ ਨੂੰ ਦਰਸਾਉਂਦਾ ਹੈ।