ਸਰੀ (ਸੁਰਿੰਦਰ ਸ਼ਿੰਘ ਜੱਬਲ): ਸਰੀ ਸਥਿਤ ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ 23 ਅਪਰੈਲ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਤਮਸਤਕ ਹੋਏ। ਐਲੀਮੈਂਟਰੀ ਸਕੂਲ ਦੀਆਂ ਤਿੰਨ ਕਲਾਸਾਂ ਦੇ ਅਧਿਆਪਕ 75 ਦੇ ਕਰੀਬ ਬੱਚਿਆਂ ਨੂੰ ਸਕੂਲ ਤੋਂ ਪੈਦਲ ਤੁਰ ਕੇ ਗੁਰਦੁਆਰਾ ਸਾਹਿਬ ਆਏ। ਉਹਨਾਂ ਦੇ ਆਉਣ ਦਾ ਮੇਨ ਮਕਸਦ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਸਰਕਾਰੀ ਮਾਣਤਾ ਅਤੇ ਸਿੱਖ ਸੰਸਥਾਵਾਂ ਵਲੋਂ ਮਨਾਉਣ ਬਾਰੇ ਸੀ। ਉਹਨਾਂ ਵਿਚੋਂ ਕੁਝ ਬੱਚੇ ਤਾਂ ਗੁਰਦੁਆਰਾ ਸਾਹਿਬ ਜੀ ਦੀ ਮਰਿਆਦਾ ਤੋਂ ਪਹਿਲਾਂ ਤੋਂ ਹੀ ਜਾਣੂੰ ਸਨ। ਕੇਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੁਰਿੰਦਰ ਸਿੰਘ ਜੱਬਲ ਨੇ ਆਏ ਮਹਿਮਾਨ ਵਿਦਿਆਰਥੀਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸੁਸਾਇਟੀ ਵਲੋਂ ਜੀ ਆਇਆਂ ਕਿਹਾ ਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਵਿਚ ਅੰਦਰ ਜਾਣ ਦੇ ਤੌਰ ਤਰੀਕੇ ਤੇ ਮਰਿਆਦਾ ਤੋਂ ਜਾਣੂੰ ਕਰਵਾਇਆ। ਸਾਰਿਆਂ ਨੇ ਆਪਣੇ ਸ਼ੂਅ ਉਤਾਰ ਕੇ ਸ਼ੂਅ ਰੈਕਾਂ ਵਿਚ ਰੱਖ ਕੇ ਅਤੇ ਆਪਣੇ ਸਿਰ ਸਨਮਾਨ ਵਜੋਂ ਰੁਮਾਲਾਂ ਨਾਲ ਢਕ ਕੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿਚ ਗੁਰੂ ਦਰਬਾਰ ਵਿਚ ਨਤਮਸਤਕ ਹੋਏ ਅਤੇ ਬੈਠ ਕੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਨੂੰ ਫੈਡਰਲ ਤੇ ਸੂਬਾਈ ਸਰਕਾਰਾਂ ਵਲੋਂ ਮਾਣਤਾ ਦੇਣ ਦੀ ਭੁਮਿਕਾ ਤੋਂ ਜਾਣੂੰ ਹੋਏ। ਸੰਨ 1897 ਨੂੰ ਆਉਣ ਵਾਲੇ ਪਹਿਲੇ ਸਿੱਖਾਂ ਦੀ ਆਮਦ ਤੋਂ ਲੈ ਕੇ ਪਿਛਲੇ ਤਕਰੀਬਨ ਸਵਾ ਸੌ ਸਾਲ ਬਾਰੇ ਸਿੱਖ ਵਿਰਸੇ ਬਾਰੇ ਜਾਣੂੰ ਹੋਏ। ਸਿੱਖਾਂ ਦੇ ਦਸਾਂ ਗੁਰੂ ਸਾਹਿਬਾਨਾਂ ਬਾਰੇ ਵੀ ਜਾਣਕਾਰੀ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਤਿਕਾਰ ਅਤੇ ਸਾਂਝੀਵਾਲਤਾ ਦੇ ਅਸੂਲ਼ਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੁਣਿਆ। ਇਸਤਰੀ ਲਈ ਜਗਤ ਦੀ ਬਰਾਬਰੀ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੜੇ ਹੀ ਗਹੁ ਨਾਲ ਸੁਣਿਆ ਤੇ ਪੰਡਾਲ ਵਿਚ ਇਸਤਰੀਆਂ ਤੇ ਮਰਦਾਂ ਦੇ ਬਹਿਣ ਦੀ ਰੀਤੀ ਸੰਬੰਧੀ ਸੁਆਲ ਪੁਛੇ । ਸਿੱਖ ਜਗਤ ਵਿਚ ਨਾਮ ਜਪਣ ਧਰਮ ਦੀ ਕਿਰਤ ਤੇ ਵੰਡ ਕੇ ਛਕਣ ਵਾਲੀ ਵਿਰਾਸਤ ਤੋਂ ਬੜੇ ਹੀ ਪ੍ਰਭਾਵਿਤ ਹੋਏ। ਫਿਰ ਦਰਬਾਰ ਹਾਲ ਵਿਚ ਜਾ ਕੇ ਪ੍ਰਸ਼ਾਦ ਪ੍ਰਾਪਤ ਕਰਕੇ ਲੰਗਰ ਹਾਲ ਵਿਚ ਅਪ੍ਰੈਲ ਮਹੀਨੇ ਦੇ ਵਿਰਾਸਤੀ ਮਹੀਨੇ ਦੇ ਸੰਬੰਧ ਵਿਚ ਤਿਆਰ ਕੀਤਾ ਗਿਆ ਭੋਜਨ ਸਾਰਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੜੀ ਹੀ ਰੀਝ ਨਾਲ ਛਕਿਆ ਤੇ ਅਗਲੇ ਸਾਲ ਵੀ ਇਸੇ ਹੀ ਤਰ੍ਹਾਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਆ ਕੇ ਇਹ ਵਿਰਾਸਤੀ ਦਿਨ ਮਨਾਉਣ ਦਾ ਭਰੋਸਾ ਦਿਵਾਇਆ ਤੇ ਕੇਨੇਡੀਅਨ ਰਾਮਗੜ੍ਹੀਆ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਬੇਅਰਕਰੀਕ ਐਲੀਮੈਂਟਰੀ ਸਕੂਲ ਨੂੰ ਰਵਾਨਾ ਹੋਏ। ਐਗਜ਼ੈਕਟਿਵ ਕਮੇਟੀ ਮੈਂਬਰ ਇੰਦਰਜੀਤ ਸਿੰਘ ਪਨੇਸਰ ਨੇ ਏਸ ਗਰੁੱਪ ਦੀ ਦੇਖਭਾਲ ਵਿਚ ਸਾਥ ਦਿੱਤਾ ਅਤੇ ਸੁਸਾਇਟੀ ਦੇ ਸੇਵਾਦਾਰਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਾਉਣ ਦੀ ਜਿੰਮੇਵਾਰੀ ਨੂੰ ਨਿਭ੍ਹਾਇਆ।