ਡਾ. ਨਾਹਰ ਸਿੰਘ ਵੱਲੋਂ ਪੰਜਾਬੀ ਸਾਹਿਤ ਦੀ ਸਥਿਤੀ ਬਾਰੇ ਵਿਚਾਰ-ਚਰਚਾ-
ਬਰੈਂਪਟਨ:- (ਰਛਪਾਲ ਕੌਰ ਗਿੱਲ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਹੀਨੇਵਾਰ ਮੀਟਿੰਗ ਦੌਰਾਨ ਸੁਖਵਿੰਦਰ ਜੂਤਲਾ ਅਤੇ ਹਰਜਿੰਦਰ ਪੱਤੜ ਦਾ ਪੰਜਾਬੀ ਅਤੇ ਇੰਗਲਿਸ਼ ਵਿੱਚ ਸਾਂਝਾ ਕਾਵਿ ਸੰਗ੍ਰਹਿ “ਮਿਲਾਪ” ਰੀਲੀਜ਼ ਕੀਤਾ ਗਿਆ ਅਤੇ ਡਾ. ਨਾਹਰ ਸਿੰਘ ਵੱਲੋਂ ਪੰਜਾਬੀ ਸਾਹਿਤ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ ਪੇਸ਼ ਕੀਤੇ ਗਏ।
ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਸਟੇਜ ਸੰਭਾਲਦਿਆਂ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਪ੍ਰੇਮ ਪ੍ਰਕਾਸ਼, ਨਦੀਮ ਪਰਮਾਰ, ਅੰਮ੍ਰਿਤ ਮਾਨ ਅਤੇ ਕੇਸਰ ਸਿੰਘ ਕੇਸਰ ਨੂੰ ਯਾਦ ਕਰਦਿਆਂ ਕਾਫ਼ਲੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ। ਪਾਤਰ ਸਾਹਿਬ ਦੇ ਭਰਾ ਉਪਕਾਰ ਸਿੰਘ ਨਾਲ਼ ਉਪਕਾਰ ਸਿੰਘ ਦੀ ਪਤਨੀ ਅਤੇ ਸੁਰਜੀਤ ਪਾਤਰ ਦੇ ਇੱਕੋ ਹੀ ਦਿਨ ਪਏ ਸਦੀਵੀ ਵਿਛੋੜੇ `ਤੇ ਵੀ ਕਾਫ਼ਲੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ।
ਉਸ ਤੋਂ ਬਾਅਦ ਸੁਖਵਿੰਦਰ ਜੂਤਲਾ ਤੇ ਹਰਜਿੰਦਰ ਪੱਤੜ ਦਾ ਕਾਵਿ ਸੰਗ੍ਰਹਿ “ਮਿਲਾਪ” ਰਲੀਜ਼ ਕੀਤਾ ਗਿਆ।
ਪੰਜਾਬੀ ਕਵੀ ਡਾ. ਸੁਖਪਾਲ ਨੇ ਬਹੁਤ ਹੀ ਫਿਲਾਸਫ਼ਿਕ ਅਤੇ ਵਿਸਥਾਰ-ਪੂਰਵਕ ਢੰਗ ਨਾਲ ਕਾਵਿ ਸੰਗ੍ਰਹਿ ਮਿਲਾਪ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੋ ਕਵੀਆਂ ਵੱਲੋਂ ਰਲ ਕੇ ਇਸ ਕਿਤਾਬ ਨੂੰ ਦੋ ਭਾਸ਼ਾਵਾਂ ਵਿੱਚ ਲਿਖੇ ਜਾਣ ਨਾਲ਼ ਪੰਜਾਬੀ ਤੇ ਇੰਗਲਸ਼ ਭਾਸ਼ਾ ਨੂੰ ਜਾਨਣ ਵਾਲੇ ਪਾਠਕ ਇਸਨੂੰ ਪੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵੀਂ ਡਾ. ਸੁਖਪਾਲ ਨੇ ਕਿਹਾ ਕਿ ਇਸ ਕਿਤਾਬ ਦੀ ਕਵਿਤਾ ਦੇ ਵਿਸ਼ੇ ਬਹੁ ਪਸਾਰੀ ਹਨ। ਉਨ੍ਹਾਂ ਨੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੇ ਇੱਕ ਦੂਜੇ ਵਿੱਚ ਪਰਤਣ ਦੀ ਹਰਜਿੰਦਰ ਪੱਤੜ ਦੀ ਕਵਿਤਾ ਦੀਆਂ ਕੁਝ ਸਤਰਾਂ ਸਾਂਝੀਆਂ ਕੀਤੀਆਂ, ਜਿਵੇਂ “ਹਨੇਰਾ ਸੀ ਛਾਇਆ, ਮੇਰਾ ਹੱਥ ਪਸਾਰਿਆ ਮੈਨੂੰ ਹੀ ਨਜ਼ਰ ਨਾ ਆਇਆ, ਹਨੇਰੇ ਨੇ ਮੇਰੇ ਪਸਰੇ ਹੱਥਾਂ ਨੂੰ ਮੇਰੇ ਕੋਲੋਂ ਛੁਪਾ ਲਿਆ”। ਇਸੇ ਤਰਾਂ ਇੱਕ ਹੋਰ ਕਵਿਤਾ ਦੀਆਂ ਲਇਨਾਂ ਸਾਂਝੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਕਵਿਤਾ ਇੱਕ ਵਗਦਾ ਦਰਿਆ ਹੈ, ਕਵੀ, ਕਵਿਤਾ ਤੇ ਕੁਦਰਤ ਦਾ ਸੁਮੇਲ ਹੈ।
ਹਰਜਿੰਦਰ ਪੱਤੜ ਨੇ ਦੱਸਿਆ ਕਿ ਸੁਰਜੀਤ ਪਾਤਰ,ਅਜਮੇਰ ਰੋਡੇ ਤੇ ਸੁਖਪਾਲ ਨੇ ਇਸ ਕਿਤਾਬ ਬਾਰੇ ਬਹੁਤ ਸੋਹਣਾ ਲਿਖਿਆ ਹੈ, ਨਾਲ ਹੀ ਉਸਨੇ ਆਪਣੀਆਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆ। ਇਸੇ ਤਰਾਂ ਸੁਖਵਿੰਦਰ ਜੂਤਲਾ ਦੀ ਪਤਨੀ ਕੁਲਵੰਤ ਜੂਤਲਾ ਨੇ ਇੰਗਲਿਸ਼ ਵਿੱਚ ਤੇ ਸੁਖਵਿੰਦਰ ਜੂਤਲਾ ਨੇ ਪੰਜਾਬੀ ਵਿੱਚ ਆਪਣੀਆਂ ਕੁਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਨਾਲ ਹੀ ਉਨਾਂ ਆਪਣੇ ਚਾਚਾ ਜੀ ਤੇ ਆਪਣੇ ਭਤੀਜੇ ਬਲਰਾਜ ਜੂਤਲਾ ਦਾ ਧੰਨਵਾਦ ਕੀਤਾ ਜਿਸ ਨੇ ਕਿਤਾਬਾਂ ਨੂੰ ਡਿਸਟਰੀਬੀਊਟ ਕਰਨ ਵਿੱਚ ਯੋਗਦਾਨ ਪਾਇਆ। ਦੋਨਾਂ ਲੇਖਕਾਂ ਅਤੇ ਡਾ. ਸੁਖਪਾਲ ਵੱਲੋਂ ਕਿਤਾਬ ਦੀ ਇੱਕ ਕਾਪੀ ਕਾਫ਼ਲੇ ਨੂੰ ਭੇਟ ਕੀਤੀ ਗਈ। ਕਾਫ਼ਲੇ ਵੱਲੋਂ ਦੋਹਾਂ ਲੇਖਕਾਂ ਦਾ ਕਾਫ਼ਲੇ ਰਾਹੀਂ ਕਿਤਾਬ ਰਲੀਜ਼ ਕਰਨ ਲਈ ਧੰਨਵਾਦ ਕੀਤਾ ਗਿਆ।
ਡਾ. ਨਾਹਰ ਸਿੰਘ ਨੇ ਪੰਜਾਬੀ ਸਾਹਿਤ ਦੀ ਵਰਤਮਾਨ ਸਥਿਤੀ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੰਘ ਸਭਾ ਲਹਿਰ ਤੋਂ ਸ਼ੁਰੂ ਹੋ ਕੇ 18ਵੀਂ ਸਦੀ ਦੀ ਸਿੱਖ ਲਹਿਰ ਸਮੇਂ ਤੱਕ ਪੰਜਾਬੀ ਸਾਹਿਤ ਵਿੱਚ ਨਵੀਂ ਚੇਤਨਾ ਦੀ ਸ਼ੁਰੂਆਤ ਹੋਈ ਜਿੰਨਾਂ ਵਿੱਚ ਭਾਈ ਵੀਰ ਸਿੰਘ ਆਉਂਦੇ ਹਨ। ਫਿਰ ਪਰੋਗਰੈਸਿਵ ਲਹਿਰ ਸ਼ੁਰੂ ਹੋਈ ਜਿਸ ਵਿੱਚ ਨਾਨਕ ਸਿੰਘ, ਸੰਤ ਸਿੰਘ ਸੇਖੋਂ ਤੇ ਹੋਰ ਲੇਖਕ ਆਉਂਦੇ ਹਨ। 1960 ਤੱਕ ਪੰਜਾਬੀ ਸਾਹਿਤ ਪਿੰਡਾਂ ਤੱਕ ਸੀਮਤ ਰਿਹਾ। ਗੁਰਬਖਸ਼ ਸਿੰਘ ਪ੍ਰੀਤਲੜੀ ਵੱਡੇ ਲੇਖਕ ਸਨ ਜਿਨ੍ਹਾਂ ਬਹੁਤ ਸਾਰੇ ਵਿਸ਼ਿਆਂ ਨੂੰ ਛੂਹਿਆ। ਫਿਰ ਨਕਸਲਵਾਦੀ ਕਵਿਤਾ ਸਾਹਮਣੇ ਆਈ ਜਿਸ ਵਿੱਚ ਸੰਤ ਰਾਮ ਉਦਾਸੀ, ਪਾਸ਼ ਤੇ ਦਰਸ਼ਨ ਖਟਕੜ ਦੀ ਕਵਿਤਾ ਹੈ। ਇਸ ਤੋਂ ਅਗਲੇ ਦੌਰ ਨੂੰ ਪਾਤਰ ਦਾ ਦੌਰ ਕਿਹਾ ਜਾਂਦਾ ਹੈ। ਉਸ ਸਮੇਂ ਤੱਕ ਪੰਜਾਬੀ ਲੇਖਕ ਨੂੰ ਸਮਾਜ ਲਈ ਬਚਨਵੱਧ ਸੀ। ਵਰਤਮਾਨ ਸਮੇਂ ਵਿੱਚ ਵਿਅਕਤੀਗਤ ਕਵਿਤਾ ਸਾਹਮਣੇ ਆਈ। ਪ੍ਰੇਮ ਪ੍ਰਕਾਸ਼ ਤੇ ਡਾ. ਵਰਿਆਮ ਸਿੰਘ ਨੂੰ ਕਹਾਣੀ ਦੇ ਖੇਤਰ ਵਿੱਚ ਵਧੀਆ ਸਮਝਿਆ ਜਾਂਦਾ। ਡਾ. ਨਾਹਰ ਸਿੰਘ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਵਰਗਾ ਅਜੋਕੇ ਸਮੇਂ ਕੋਈ ਨਾਵਲਕਾਰ ਨਹੀਂ ਰਿਹਾ ਕਿਉਂਕਿ ਨਾਵਲ ਇਕੱਲਾ ਵਿਚਾਰਾਂ ਦੇ ਅਧਾਰ ਤੇ ਨਹੀਂ ਲਿਖਿਆ ਜਾ ਸਕਦਾ ਉਸ ਲਈ ਦਾਰਸ਼ਨਿਕ ਦ੍ਰਿਸ਼ਟੀ ਤੇ ਅਨੁਭਵ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਨਾਟਕ ਦੀ ਜੋ ਪਿਰਤ ਗੁਰਸ਼ਰਨ ਸਿੰਘ ਨੇ ਪਾਈ ਸੀ ਉਹੀ ਚੱਲੀ ਜਾਂਦੀ ਹੈ। ਅਲੋਚਨਾ ਲਈ professional intellectual ਦੀ ਯੂਨੀਵਰਸਿਟੀਆਂ ਵਿਚ ਘਾਟ ਹੈ। ਨਵੀਂ ਪੀੜ੍ਹੀ ਦਾ ਪੰਜਾਬੀ ਸਾਹਿਤ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਹੁਣ ਕਵਿਤਾ ਫੇਸਬੁਕ `ਤੇ ਹੀ ਪੜ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦਾ ਦਾਇਰਾ ਸੁੰਗੜ ਕੇ ਸਿੱਖ ਧਰਮ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ ਜਦਕਿ ਇਸਦੇ ਫੈਲਾਅ ਲਈ ਵਿਸ਼ਾਲਤਾ ਦੀ ਲੋੜ ਹੁੰਦੀ ਹੈ।
ਕੁਲਜੀਤ ਮਾਨ ਨੇ ਕਾਫ਼ਲੇ ਦੀ ਵੈਬਸਾਇਟ ਬਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਜਲਦੀ ਹੀ ਉਹ ਕੁਲਵਿੰਦਰ ਖਹਿਰਾ ਤੇ ਭੁਪਿੰਦਰ ਦੁਲੇ ਦੇ ਸਹਿਯੋਗ ਨਾਲ ਵੈਬਸਾਇਟ ਤਿਆਰ ਕਰਨ ਜਾ ਰਹੇ ਹਨ।
ਕਵੀ ਦਰਬਾਰ ਵਿੱਚ ਮੋਹਨਪ੍ਰੀਤ ਨੇ ਆਪਣੀਆਂ ਲਿਖੀਆਂ ਹੋਈਆਂ ਬੋਲੀਆਂ ਪੇਸ਼ ਕੀਤੀਆਂ, ਇਸ ਤੋਂ ਇਲਾਵਾ ਲਖਵਿੰਦਰ ਸਿੰਘ ਗਿੱਲ, ਰਿੰਟੂ ਭਾਟੀਆ, ਡਾ. ਸੁਖਪਾਲ, ਹਰਦਿਆਲ ਝੀਤਾ, ਸੁਸ਼ਮਾ ਰਾਣੀ, ਬਲਰਾਜ ਧਾਲੀਵਾਲ ਅਤੇ ਉਪਕਾਰ ਸਿੰਘ ਨੇ ਕਵੀ ਦਰਬਾਰ ਵਿੱਚ ਭਾਗ ਲਿਆ।
ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ਼ ਮੌਜੂਦਾ ਸੰਚਾਲਕਾਂ ਨੂੰ ਅਗਲੇ ਸਾਲ ਲਈ ਵੀ ਸੇਵਾਵਾਂ ਜਾਰੀ ਰੱਖਣ ਦੀ ਜ਼ਿੰਮੇਂਵਾਰੀ ਲਾਈ ਗਈ।
ਇਸ ਤੋਂ ਇਲਾਵਾ ਕ੍ਰਿਪਾਲ ਸਿੰਘ ਪੰਨੂੰ, ਭੁਪਿੰਦਰ ਦੂਲੇ, ਜਗੀਰ ਸਿੰਘ ਕਾਹਲੋਂ, ਮਨਮੋਹਨ ਗੁਲਾਟੀ, ਅਮਰਜੀਤ ਜੂਤਲਾ, ਗੁਰਸ਼ਰਨ ਜੂਤਲਾ, ਰੁਬਿੰਦਰ ਗਿੱਲ, ਹਰਦੇਵ ਸਿੰਘ ਸੂਰੀ, ਦਵਿੰਦਰ ਸਿੰਘ ਜੂਤਲਾ,ਵਾਸਦੇਵ ਦੁਰਗਾ, ਹਰਜੀਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਕੌਰ, ਗੁਰਬਖਸ਼ ਕੌਰ, ਸੁਰਿੰਦਰ ਸਹੋਤਾ, ਗੁਰਦੀਪ ਸਹੋਤਾ, ਨਵਿੰਦਰ ਸਹੋਤਾ, ਤਰਸੇਮ ਸੂਰੀ, ਕੁਲਵੰਤ ਕੌਰ ਜੂਤਲਾ, ਸ਼ਮਸ਼ੇਰ ਸਿੰਘ, ਬਲਜੀਤ ਧਾਲੀਵਾਲ, ਹਰਜਸਪ੍ਰੀਤ ਗਿੱਲ, ਪ੍ਰਤੀਕ ਸਿੰਘ, ਪਰਮ ਸਹੋਤਾ, ਸੁਖਬੀਰ ਸਹੋਤਾ, ਬਲਰਾਜ ਜੂਤਲਾ, ਦਿਲਪ੍ਰੀਤ ਜੂਤਲਾ,ਗੁਰਪ੍ਰੀਤ ਬਟਾਲਵੀ, ਬਲਜਿੰਦਰ ਕੌਰ, ਹਰਜਾਪ ਕੌਰ ਪੱਤੜ, ਜੁਗਰਾਜ ਪੱਤੜ, ਦਿਲਰਾਜ ਪੱਤੜ, ਹਰਤੇਜ ਪੱਤੜ, ਜਸਪ੍ਰੀਤ ਕੌਰ, ਡਾ. ਗੁਰਚਰਨ ਸਿੰਘ ਤੂਰ ਤੇ ਹਰਜਿੰਦਰ ਸਿੰਘ ਨੇ ਮੀਟਿੰਗ ਵਿੱਚ ਹਾਜ਼ਰੀ ਲਵਾਈ।