ਚੰਡੀਗੜ੍ਹ, 29 ਅਪ੍ਰੈਲ -ਕੈਨੇਡਾ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦੀ ਚੌਥੀ ਲਗਾਤਾਰ ਜਿੱਤ, ਸੰਸਾਰ ਵਿੱਚ ਡੋਨਾਲਡ ਟਰੰਪ ਵਰਗੇ ਸੱਜੇ-ਪੱਖੀ ਕੱਟੜ ਸਿਆਸਤ ਦੀ ਹਾਰ ਅਤੇ ਜਮਹੂਰੀ ਤਾਕਤਾਂ ਦੀ ਚੜ੍ਹਤ ਹੈ। ਲਿਬਰਲ ਪਾਰਟੀ ਦੀ ਜਿੱਤ ਦੀ ਵਧਾਈ ਦਿੰਦਿਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਉਸ ਦੇ ਮੁੜ ਕੈਨੇਡਾ ਵਿੱਚ ਸੱਤਾ ਸੰਭਾਲਣ ਨਾਲ ਭਾਰਤ ਅੰਦਰਲੀ ਹਿੰਦੂਤਵੀ ਰਾਜਨੀਤੀ ਨੂੰ ਵੀ ਠੇਸ ਲੱਗੇਗੀ।
ਪਹਿਲਾਂ ਹੀ, ਸਿੱਖ ਪੰਥ-ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦੀ ਹੈ ਜਿਸਨੇ ਭਾਰਤ ਅੰਦਰਲੀ ਕੱਟੜ ਸਿਆਸਤ ਰਾਹੀਂ ਸਿੱਖਾਂ ਨੂੰ ਬਦਨਾਮ, ਫਿਰਕੂ ਅਤੇ ਅੱਤਵਾਦੀ ਪੇਸ਼ ਕਰਨ ਦੀ ਮੁਹਿੰਮ ਦਾ ਵਿਰੋਧ ਕੀਤਾ ਤੇ ਜਨਤਕ ਤੌਰ ਉੱਤੇ ਨੰਗਾ ਕੀਤਾ। ਲਿਬਰਲ ਪਾਰਟੀ ਦੀ ਜਿੱਤ ਅਮਰੀਕੀ ਪ੍ਰੈਜੀਡੈਂਟ ਟਰੰਪ ਦੀ ਅਤੇ ਉਸਦੀ ਸਿਆਸਤ ਦੀ ਪੈਰੋਕਾਰ ਕੰਜ਼ਰਵੇਟਿਵ ਪਾਰਟੀ ਦੀ ਸਿੱਧੀ ਹਾਰ ਹੈ। ਪ੍ਰੈਜੀਡੈਟ ਟਰੰਪ ਨੇ ਕੈਨੇਡਾ ਨੂੰ ਆਪਣੇ ਦੇਸ਼ ਦੀ 51ਵੀਂ ਸਟੇਟ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਆਪਣੇ ਤੌਰ ਉੱਤੇ ਹੀ ਕੈਨੇਡਾ ਅਤੇ ਦੂਜੇ ਸਹਿਯੋਗੀ ਦੇਸ਼ਾਂ ਉੱਤੇ ਵਪਾਰਕ ਟੈਰਿਫ ਲਾ ਦਿੱਤੇ ਸਨ। ਸਿੱਖਾਂ ਨੂੰ ਲਿਬਰਲ ਪਾਰਟੀ ਦੀ ਮਦਦ ਵਿੱਚ ਡੱਟ ਜਾਣਾ ਚਾਹੀਦਾ ਹੈ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ ਸਿੱਧੂ (ਪੱਤਰਕਾਰ), ਗੁਰਪ੍ਰੀਤ ਸਿੰਘ (ਪ੍ਰਤੀਨਿਧ, ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਸ਼ਾਮਿਲ ਹੋਏ।
ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) 93161-07093
ਕੈਨੇਡਾ ਵਿੱਚ ਲਿਬਰਲ ਦੀ ਜਿੱਤ ਸੱਜੇ-ਪੱਖੀ ਕੱਟੜ ਸਿਆਸੀ ਤਾਕਤਾਂ ਦੀ ਹਾਰ ਦੀ ਲਖਾਇਕ- ਕੇਂਦਰੀ ਸਿੰਘ ਸਭਾ
