ਡਾ. ਗੁਰਵਿੰਦਰ ਸਿੰਘ
604 825 1550
______________________________ ____________________
ਕੈਨੇਡਾ ਮੂਲ ਵਾਸੀਆਂ ਦੀ ਧਰਤੀ ਹੈ। ਇਸ ਧਰਤੀ ‘ਤੇ ਲੰਮਾ ਸਮਾਂ ਸੰਘਰਸ਼ ਤੋਂ ਬਾਅਦ ਵਿਭਿੰਨ, ਬਹੁ-ਸਭਿਆਚਾਰਕ ਅਤੇ ਬਹੁ-ਕੌਮੀਅਤ ਰੂਪ ਪ੍ਰਗਟ ਹੋਏ ਹਨ। ਨਿਸੰਦੇਹ ਲੰਮਾ ਸਮਾਂ ਇੱਥੇ ਚਿੱਟਾ ਨਸਲਵਾਦ ਭਾਰੂ ਰਿਹਾ। ਮੌਜੂਦਾ ਸਮੇਂ ਕੈਨੇਡਾ ਦਾ ਜੋ ਰੂਪ ਹੈ, ਉਸ ਪਿੱਛੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੀ ਇਤਿਹਾਸਿਕ ਦੇਣ ਹੈ, ਜਿਨਾਂ ਨੇ ਚਾਰਟਰ ਆਫ ਰਾਈਟਸ (ਮਨੁੱਖੀ ਅਧਿਕਾਰਾਂ ਦਾ ਘੋਸ਼ਣਾ ਪੱਤਰ) ਲਿਆਂਦਾ ਅਤੇ ਬਹੁ-ਸੱਭਿਆਚਾਰਕ ਢਾਂਚਾ ਸਿਰਜਿਆ।
ਕੈਨੇਡਾ ਦੀਆਂ ਤਾਜ਼ਾ ਚੋਣਾਂ ਵਿੱਚ ਇਕ ਵਾਰ ਫਿਰ ਬਹੁ-ਸਭਿਆਚਾਰ ਦੀ ਰਾਜਨੀਤੀ ਦੀ ਜਿੱਤ ਅਤੇ ਸੱਜੇ ਪੱਖੀ ਤਾਕਤਾਂ ਦੀ ਹਾਰ ਹੋਈ ਹੈ। ਇਹ ਖਦਸ਼ਾ ਸੀ ਕਿ ਜਿਸ ਤਰੀਕੇ ਨਾਲ ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ‘ਚ ਸੱਜੇ ਪੱਖੀ ਤਾਕਤਾਂ ਦੀ ਜਿੱਤ ਹੋਈ ਹੈ, ਕੈਨੇਡਾ ਵਿੱਚ ਵੀ ਅਜਿਹਾ ਹੀ ਵਾਪਰੇਗਾ, ਪਰ ਟਰੰਪ ਦੀਆਂ ‘ਖੌਰੂ-ਪਾਉ’ ਨੀਤੀਆਂ ਸਪਸ਼ਟ ਹੋਣ ਮਗਰੋਂ ਕੈਨੇਡਾ ਦੇ ਵਾਸੀਆਂ ਨੇ ਨਾ ਸਿਰਫ ਸਬਕ ਹੀ ਸਿੱਖਿਆ, ਬਲਕਿ ਇਹੋ-ਜਿਹੀਆਂ ਰੂੜੀਵਾਦੀ ਤਾਕਤਾਂ ਨੂੰ ਰੋਕਿਆ ਵੀ।
28 ਅਪ੍ਰੈਲ ਨੂੰ ਹੋਈਆਂ ਫੈਡਰਲ ਚੋਣਾਂ ਵਿੱਚ ਕੈਨੇਡਾ ਕੌਮਾਂਤਰੀ ਸੱਜੇ ਪੱਖੀ ਰਾਜਨੀਤੀ ਵਿੱਚ ਧਰੁਵੀਕਰਨ ਦੀ ਚੱਲ ਰਹੀ ਹਨੇਰੀ ਵਿੱਚ, ਆਪਣੇ ਆਪ ਨੂੰ ਬਚਾਉਣ ਵਿੱਚ ਸਫਲ ਰਿਹਾ ਹੈ। ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਜਿੱਤ ਨੇ ਸੰਸਾਰ ਨੂੰ ਨਾ ਸਿਰਫ ਧਰੁਵੀਕਰਨ ਦੀ ਰਾਜਨੀਤੀ ਤੇ ਕੱਟੜਵਾਦੀ ਸਿਆਸਤ ਦੇ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ, ਬਲਕਿ ਬਹੁ-ਸਭਿਆਚਾਰ ਅਤੇ ਬਹੁ-ਕੌਮੀਅਤ ਦੇ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ ਹੈ।
ਮਹੱਤਵਪੂਰਨ ਗੱਲ ਹੈ ਕਿ ਕੈਨੇਡਾ ਦੀ ਇਸ ਸਮੇਂ ਅਗਵਾਈ ਮਾਰਕ ਕਾਰਨੀ ਵਰਗੇ ਵਿਅਕਤੀ ਕਰ ਰਹੇ ਹਨ, ਜਿਹੜੇ ਕਿ ਅਰਥ-ਸ਼ਾਸਤਰੀ ਹੋਣ ਦੇ ਨਾਲ-ਨਾਲ ਸਿਆਸਤ ਦੇ ਖੇਤਰ ਦੇ ਵਿੱਚ ਸੁਲਝੀ ਸ਼ਖਸ਼ੀਅਤ ਵਜੋਂ ਸਥਾਪਿਤ ਹੋਣ ਦੀ ਸਮਰੱਥਾ ਰੱਖਦੇ ਹਨ। ਇਸੇ ਕਾਰਨ ਪਹਿਲੀ ਵਾਰ ਚੋਣ ਲੜਨ ਦੇ ਬਾਵਜੂਦ ਉਹਨਾਂ ਸ਼ਾਨਦਾਰ ਜਿੱਤ ਵੀ ਹਾਸਲ ਕੀਤੀ ਅਤੇ ਨਾਲ ਹੀ ਗੁਆਂਢੀ ਹਲਕੇ ਤੋਂ ਖੜੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਏਵ ਨੂੰ ਵੀ ਉਹਨਾਂ ਦੇ ਪ੍ਰਭਾਵ ਕਾਰਨ ਆਪਣੀ ਸੀਟ ਗਵਾਉਣੀ ਪਈ।
ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੈਨੇਡਾ ਵਸਦੇ ਸਿੱਖਾਂ ਨੇ ਲਿਬਰਲ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣਾ ਨਾਇਕ ਮੰਨਿਆ ਤੇ ਵੱਡੇ ਪੱਧਰ ਤੇ ਵੋਟਾਂ ਭੁਗਤਾਈਆਂ ਹਨ, ਜੋ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਜਿੱਤ ਦਾ ਕਾਰਨ ਬਣੀਆ। ਟਰੂਡੋ ਵੱਲੋਂ ਇੰਡੀਅਨ ਦਖਲ ਅੰਦਾਜ਼ੀ ਦੇ ਮਾਮਲੇ ‘ਚ ਮਜਬੂਤ ਸਟੈਂਡ ਲੈਣਾ, ਸਿੱਖਾਂ ਲਈ ਹਾਅ ਦਾ ਨਾਅਰਾ ਮਾਰਨਾ ਅਤੇ ਕੈਨੇਡੀਅਨ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੇ ਭਾਰਤੀ ਏਜੰਸੀਆਂ ਵੱਲੋਂ ਕਤਲ ਦੇ ਮਾਮਲੇ ‘ਚ ਆਵਾਜ਼ ਬੁਲੰਦ ਕਰਨਾ ਸਿੱਖਾਂ ਵੱਲੋਂ ਭਰਪੂਰ ਸਲਾਹਿਆ ਗਿਆ। ਸਿੱਖਾਂ ਨੇ ਜਸਟਿਨ ਟਰੂਡੋ ਨੂੰ ਦਿਲੋਂ ਪਿਆਰ ਦਿੱਤਾ, ਸਰੀ ਦੇ ਵਿਸ਼ਾਲ ਨਗਰ ਕੀਰਤਨ ਵਿੱਚ ਵੱਡਾ ਸਨਮਾਨ ਦਿੱਤਾ ਅਤੇ ਵੋਟਾਂ ਦੌਰਾਨ ਭਰਪੂਰ ਹੁੰਗਾਰਾ ਪ੍ਰਗਟਾਇਆ।
ਕੈਨੇਡਾ ਦੀਆਂ ਇਹਨਾਂ ਚੋਣਾਂ ਵਿੱਚ 22 ਚਿਹਰੇ ਅਜਿਹੇ ਵੀ ਕਾਮਯਾਬ ਹੋਏ ਹਨ, ਜਿਹਨਾਂ ਵਿੱਚ ਲਿਬਰਲ ਪਾਰਟੀ ਅਤੇ ਕੰਜ਼ਰਟਿਵ ਪਾਰਟੀ ਵਿੱਚ ਸਫਲ ਰਹਿਣ ਵਾਲੇ ਸਿੱਖ ਜਾਂ ਪੰਜਾਬੀ ਸ਼ਾਮਿਲ ਹਨ। ਬੀਸੀ ਵਿਚ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ, ਰਣਦੀਪ ਸਰਾਏ, ਗੁਰਬਖਸ਼ ਸੈਣੀ, ਪਰਮ ਬੈਂਸ ਤੇ ਸੁਖਮਨ ਸਿੰਘ ਗਿੱਲ ਜੇਤੂ ਰਹੇ ਹਨ। ਕੈਲਗਰੀ ਤੋਂ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ, ਐਡਮਿੰਟਨ ਤੋਂ ਟਿਮ ਸਿੰਘ ਉਪਲ, ਜਗਸ਼ਰਨ ਸਿੰਘ ਮਾਹਲ ਜਿੱਤੇ ਹਨ। ਓਂਟੈਰੀਓ ਵਿਚ ਅਮਨਦੀਪ ਕੌਰ ਸੋਢੀ, ਮਨਿੰਦਰ ਸਿੰਘ ਸਿੱਧੂ, ਸੋਨੀਆ ਕੌਰ ਸਿੱਧੂ, ਰੂਬੀ ਕੌਰ ਸਹੋਤਾ, ਇਕਵਿੰਦਰ ਸਿੰਘ ਗਹੀਰ , ਅਮਰਜੀਤ ਸਿੰਘ ਗਿੱਲ, ਪਰਮ ਗਿੱਲ, ਅਨੀਤਾ ਆਨੰਦ, ਬਰਦੀਸ਼ ਕੌਰ ਚੱਗਰ, ਅਰਪਨ ਖੰਨਾ, ਹਰਬ ਗਿੱਲ ਤੇ ਕਿਊਬੈਕ ਚੋਂ ਅੰਜੂ ਕੌਰ ਢਿੱਲੋਂ ਸਫਲ ਹੋਏ ਹਨ। ਇਹ ਬਹੁ-ਸੱਭਿਆਚਾਰਕ ਪ੍ਰਗਟਾਵਾ ‘ਕੈਨੇਡਾ ਦੀ ਗੁਲਦਸਤੇ ਦੀ ਮਹਿਕ’ ਨੂੰ ਹੋਰ ਮਜ਼ਬੂਤ ਕਰਦਾ ਹੈ।
ਕੈਨੇਡਾ ਵਿੱਚ ਚੋਣਾਂ ਦੌਰਾਨ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਏਵ ਦੀ ਹਾਰ ਦਰਸਾਉਂਦੀ ਹੈ ਕਿ ਕੈਨੇਡੀਅਨ ਲੋਕਾਂ ਨੇ ਵਿਦੇਸ਼ੀ ਦਖਲ-ਅੰਦਾਜ਼ੀ, ਖਾਸ ਤੌਰ ‘ਤੇ ਭਾਰਤ ਦੀ ਟੋਰੀ ਪਾਰਟੀ ਪ੍ਰਤੀ ਅੰਦਰ ਖਾਤੇ ਮਿਲ-ਭੁਗਤ ਦੀ ਰਾਜਨੀਤੀ ਨੂੰ ਰੱਦ ਕੀਤੀ ਹੈ। ਟੋਰੀ ਪਾਰਟੀ ਦੇ ਆਗੂ ਵੱਲੋਂ ਆਪਣੀ ਸਿਕਿਉਰਟੀ ਕਲੀਅਰੈਂਸ ਤੋਂ ਵੀ ਕੋਰਾ ਇਨਕਾਰ ਕਰਨਾ ਵੀ ਕੈਨੇਡਾ ਵਿਰੋਧੀ ਕਦਮ ਸਾਬਤ ਹੋਇਆ ਹੈ। ਕੰਜ਼ਰਵਟਿਵ ਪਾਰਟੀ ਦੇ ਅਖੌਤੀ ਤਬਦੀਲੀ ਦੇ ਨਾਅਰੇ ਨੂੰ ਵੀ ਲੋਕਾਂ ਨੇ ਨਕਾਰਿਆ ਹੈ। ਉਹਨਾਂ ਇਸ ਗੱਲ ਦਾ ਵੀ ਖਤਰਾ ਮਹਿਸੂਸ ਕੀਤਾ ਕਿ ਜੋ ਅਮਰੀਕਾ ਦਾ ਪ੍ਰਧਾਨ ਟਰੰਪ ਕੈਨੇਡਾ ਪ੍ਰਤੀ ਟੈਰਿਫ ਅਤੇ ਹੋਰ ਸਖਤੀਆਂ ਕਰ ਰਿਹਾ ਹੈ, ਉਸ ਦਾ ਠੋਕਵਾਂ ਜਵਾਬ ਕੰਜ਼ਰਟਿਵ ਪਾਰਟੀ ਦਾ ਆਗੂ ਨਹੀਂ ਦੇ ਸਕਦਾ। ਟਰੰਪ ਦੇ ਕੈਨੇਡਾ ਵਿਰੋਧੀ ਪ੍ਰਚਾਰ ਦਾ ਸਿੱਧਾ ਨੁਕਸਾਨ ਕੰਜ਼ਰਵਟਿਵ ਪਾਰਟੀ ਨੂੰ ਹੋਇਆ ਹੈ ਅਤੇ ਫਾਇਦਾ ਲਿਬਰਲ ਪਾਰਟੀ ਨੂੰ ਹੋਇਆ ਹੈ।
ਕੈਨੇਡਾ ਦੀਆਂ ਚੋਣਾਂ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਹਾਰ ਦੇ ਮਾਮਲੇ ਵਿੱਚ ਇੰਡੀਅਨ ਗੋਦੀ ਮੀਡੀਏ ਦੀਆਂ ਬੇਤੁਕੀਆਂ ਗੱਲਾਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ, ਖਾਸ ਤੌਰ ਤੇ ਜਗਮੀਤ ਸਿੰਘ ਪ੍ਰਤੀ ਨਿੰਦਾ ਤੇ ਨਫਰਤੀ ਸੋਚ। ਇਸ ਗੱਲ ‘ਤੇ ਅਫਸੋਸ ਹੈ ਕਿ ਭਾਰਤ ਦੀਆਂ ਹਿੰਦੂਤਵੀ ਤਾਕਤਾਂ, ਜੇਕਰ ਰਿਸ਼ੀ ਸੂਨਕ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਦਾ ਹੈ, ਤਾਂ ਉਸ ਦੀ ਪ੍ਰਸ਼ੰਸਾ ਕਰਦੀਆਂ ਨਹੀਂ ਥੱਕਦੀਆਂ, ਪਰ ਜਦੋਂ ਸਿੱਖ ਨੌਜਵਾਨ ਜਗਮੀਤ ਸਿੰਘ ਕੈਨੇਡਾ ਦੀ ਨੈਸ਼ਨਲ ਪਾਰਟੀ ਦਾ ਆਗੂ ਬਣਦਾ ਹੈ, ਤਾਂ ਮੂੰਹੋਂ ਜ਼ਹਿਰ ਉਗਲਦੀਆਂ ਹਨ। ਭਾਰਤ ਦੇ ਸਟੇਟ ਪੱਖੀ ਮੀਡੀਏ ਦੀ ਸਿੱਖਾਂ ਪ੍ਰਤੀ ਨਫਰਤ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਉਹ ਕੈਨੇਡਾ ਦੀ ਮੁੱਖ ਵਿਰੋਧੀ ਟੋਰੀ ਪਾਰਟੀ ਦੇ ਆਗੂ ਪੀਅਰ ਪੌਲੀਏਵ ਦੀ ਹਾਰ ਬਾਰੇ ਤਾਂ ਚੁੱਪ ਹਨ (ਜਿਸ ਨੂੰ ਜਿਤਾਉਣ ਲਈ ਇੰਡੀਅਨ ਗੋਦੀ ਮੀਡੀਆ ਅਤੇ ਇੰਡੀਅਨ ਸਿਆਸਤਦਾਨ ਪੱਬਾ ਭਾਰ ਸਨ), ਪਰ ਜਗਮੀਤ ਸਿੰਘ ਦੀ ਹਾਰ ਉੱਤੇ ਹੱਦੋਂ ਵੱਧ ਨਫਰਤੀ ਬਿਆਨਬਾਜ਼ੀ ਕਰ ਰਹੇ ਹਨ।
ਅਸਲ ਚ ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਇਸ ਦੇ ਲੀਡਰ ਜਗਮੀਤ ਸਿੰਘ ਦੀ ਹਾਰ ਦਾ ਕਾਰਨ ਇਹ ਸੀ ਕਿ ਕੈਨੇਡਾ ਵਾਸੀਆਂ ਨੇ ਸੱਜੇ ਪੱਖੀ ਟੋਰੀ ਪਾਰਟੀ ਨੂੰ ਸੱਤਾ ‘ਚੋਂ ਬਾਹਰ ਰੱਖਣ ਦਾ ਤਹੱਈਆ ਕੀਤਾ ਸੀ। ਇਸ ਕਾਰਨ ਵੋਟਾਂ ਦੀ ਵੰਡ ਨਾ ਕਰਦਿਆਂ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵੋਟਰ ਵੀ ਲਿਬਰਲ ਪਾਰਟੀ ਵੱਲ ਭੁਗਤੇ। ਸਿੱਟੇ ਵਜੋਂ ਲਿਬਰਲ ਪਾਰਟੀ ਨੂੰ ਜਿੱਤ ਮਿਲੀ ਅਤੇ ਐਨਡੀਪੀ ਦੀ ਹਾਰ ਹੋਈ। ਇਸ ਹਾਰ ਦੀ ਜਿੰਮੇਵਾਰੀ ਲੈਂਦਿਆਂ ਜਗਮੀਤ ਸਿੰਘ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ।
ਸੱਚ ਜਾਣੀਏ ਤਾਂ ਜਗਮੀਤ ਸਿੰਘ ਨੇ ਕੈਨੇਡਾ ਦੀ ਸਿਆਸਤ ਵਿੱਚ ਜੋ ਕਦਰਾਂ-ਕੀਮਤਾਂ ਕਾਇਮ ਕੀਤੀਆਂ ਹਨ, ਉਹ ਇਤਿਹਾਸ ਨੂੰ ਨਵਾਂ ਮੋੜ ਦੇਣਗੀਆਂ। ਰੰਗਦਾਰ ਭਾਈਚਾਰੇ ਵਿੱਚੋਂ ਪਹਿਲਾ ਨੈਸ਼ਨਲ ਪਾਰਟੀ ਦਾ ਲੀਡਰ ਬਣਨਾ, ਸਿੱਖੀ ਸਰੂਪ ਕਾਇਮ ਰੱਖਦੇ ਹੋਏ ਅੰਮ੍ਰਿਤਧਾਰੀ ਨੌਜਵਾਨ ਵਲੋਂ ਪਛਾਣ ਬਰਕਰਾਰ ਰੱਖ ਕੇ ਅਗਵਾਈ ਦੇਣਾ, ਫਾਰਮਾ ਕੇਅਰ ਦੀਆਂ ਸਿਹਤ ਸੁਧਾਰਾਂ ਦੀਆਂ ਨੀਤੀਆਂ ਲਾਗੂ ਕਰਵਾਉਣੀਆਂ, ਦੰਦਾਂ ਦੇ ਇਲਾਜ ਲਈ ਬਜ਼ੁਰਗਾਂ ਦੇ ਲਈ ਮੁਫਤ ਸੇਵਾਵਾਂ ਲਿਆਉਣੀਆਂ, ਮੂਲਵਾਸੀ ਲੋਕਾਂ ਦੀ ਜ਼ੋਰਦਾਰ ਹਮਾਇਤੀ ਅਤੇ ਸਹਿਯੋਗੀ ਨੀਤੀ, ਕਾਮਿਆਂ ਲਈ ਡਟ ਕੇ ਖੜਨਾ, ਯੂਨੀਅਨਾਂ ਪ੍ਰਤੀ ਸਹਿਯੋਗ ਨੀਤੀ ਅਤੇ ਅਨੇਕਾਂ ਹੋਰ ਗੱਲਾਂ ਜ਼ਿਕਰਯੋਗ ਹਨ।
ਜਿੱਥੋਂ ਤੱਕ ਸਿੱਖਾਂ ਦੀ ਗੱਲ ਹੈ, ਉਸ ਬਾਰੇ ਵੀ ਜਗਮੀਤ ਸਿੰਘ ਦੀ ਪਹੁੰਚ ਬੜੀ ਸਪਸ਼ਟ ਰਹੀ। ਜਗਮੀਤ ਸਿੰਘ ਨੇ ਸਿੱਖ ਨਸਲਕੁਸ਼ੀ ਦੇ ਮਾਮਲੇ ‘ਤੇ ਪਹਿਰਾ ਦਿੰਦਿਆਂ ਓਂਟੈਰੀਓ ਵਿਧਾਨ ਸਭਾ ਵਿੱਚ ਇਸ ਸਬੰਧ ਵਿੱਚ ਮਤਾ ਪਾਸ ਕਰਵਾਇਆ। ਉਸ ਨੇ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਘੋਸ਼ਿਤ ਕਰਾਉਣ ਲਈ ਓਂਟੈਰੀਓ ‘ਚ ਮਤਾ ਪਾਸ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ। ਭਾਰਤ ਦੇ ਮਾਮਲੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਖਿਲਾਫ ਉਸ ਨੇ ਧੜੱਲੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਪ੍ਰਤੀ ਸਖਤ ਸਟੈਂਡ ਲੈਣ ਲਈ ਤਿਆਰ ਕੀਤਾ। ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਜਗਮੀਤ ਸਿੰਘ ਨੇ ਠੋਸ ਆਵਾਜ਼ ਬੁਲੰਦ ਕੀਤੀ। ਇਸ ਦੇ ਇਲਾਵਾ ਉਸ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅਤੇ ਅਨੇਕਾਂ ਹੋਰਾਂ ਮੁੱਦਿਆਂ ਨੂੰ ਵੀ ਵਿਚਾਰਿਆ। ਇਸ ਨਜ਼ਰੀਏ ਤੋਂ ਜਗਮੀਤ ਸਿੰਘ ਕੈਨੇਡਾ ਦੀ ਸਿਆਸਤ ਵਿੱਚ ਹਰ ਪਹਿਲੂ ਤੋਂ ਸੂਝ ਬੂਝ ਵਾਲਾ ਆਗੂ ਰਿਹਾ, ਜਿਸ ਦੀ ਦੇਣ ਨੂੰ ਇਤਿਹਾਸ ਵਿੱਚ ਚੇਤੇ ਰੱਖਿਆ ਜਾਵੇਗਾ।
ਕੈਨੇਡਾ ਦੀਆਂ 343 ਸੀਟਾਂ ਵਿੱਚ 169 ਲਿਬਰਲ ਪਾਰਟੀ ਨੂੰ 144 ਕੰਜਰਵਟਿਵ ਪਾਰਟੀ ਨੂੰ, ਸੱਤ ਐਨਡੀਪੀ ਨੂੰ, 22 ਬਲਾਕ ਕਿਊਬਿਕਵਾ ਨੂੰ ਅਤੇ ਇੱਕ ਗਰੀਨ ਪਾਰਟੀ ਨੂੰ ਮਿਲੀ ਹੈ। ਯਕੀਨਨ ਤੌਰ ‘ਤੇ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਬਣੇਗੀ, ਪਰ ਸਪਸ਼ਟ ਬਹੁਮਤ ਨਾ ਹੋਣ ਦੀ ਸੂਰਤ ਵਿੱਚ ਇੱਕ ਵਾਰ ਫਿਰ ਐਨਡੀਪੀ ਦੇ ਹੱਥ ਵਿੱਚ ਸੱਤਾ ਦਾ ਸੰਤੁਲਨ ਹੋਵੇਗਾ। ਵੱਡੇ ਸਵਾਲ ਇਹ ਹਨ ਕਿ ਕੀ ਲੋਕ ਪੱਖੀ ਨੀਤੀਆਂ ਮਜ਼ਬੂਤ ਹੋਣਗੀਆਂ? ਆਰਥਿਕਤਾ ਵਿੱਚ ਸੁਧਾਰ ਹੋਏਗਾ? ਜਨ-ਜੀਵਨ ਨੂੰ ਸੁਵਿਧਾ ਮਿਲੇਗੀ? ਵਿਦਿਆ ਤੇ ਸਿਹਤ ਸਬੰਧੀ ਨੀਤੀਆਂ ਬੇਹਤਰ ਬਣਨਗੀਆਂ? ਵਿਦੇਸ਼ੀ ਦਖਲ ਅੰਦਾਜੀ ਨੂੰ ਠੱਲ ਪਵੇਗੀ ਅਤੇ ਕੈਨੇਡਾ ਉਪਰੋਕਤ ਪੱਖੋਂ ਉਭਰੇਗਾ? ਇਹ ਸਮਾਂ ਦੱਸੇਗਾ ਤੇ ਲੋਕ ਸਰਕਾਰ ਨੂੰ ਜਵਾਬ ਦੇਹ ਬਣਾਉਣਗੇ।