-ਸੁਖਵਿੰਦਰ ਸਿੰਘ ਚੋਹਲਾ-
ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਦੀ ਅਗਵਾਈ ਹੇਠ ਚੰਗਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਰਚ ਦਿੱਤਾ ਹੈ। ਟਰੂਡੋ ਦੀ ਅਗਵਾਈ ਹੇਠ ਪਾਰਟੀ ਦੀ ਹਾਲਤ ਇਤਨੀ ਪਤਲੀ ਹੋ ਗਈ ਸੀ ਕਿ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੀ ਲੋਕਪ੍ਰਿਯਤਾ ਦਾ ਗਰਾਫ ਸਭ ਤੋਂ ਉਪਰ ਸੀ। ਪਰ ਇਸ ਦੌਰਾਨ ਲਿਬਰਲ ਨੀਤੀਕਾਰਾਂ ਨੇ ਟਰੂਡੋ ਦੀ ਥਾਂ ਨਵਾਂ ਪਾਰਟੀ ਆਗੂ ਲਿਆਕੇ ਅਜਿਹਾ ਪੈਂਤੜਾ ਵਰਤਿਆ ਕਿ ਸਾਰੀਆਂ ਸਿਆਸੀ ਗਿਣਤੀਆਂ ਮਿਣਤੀਆਂ ਤੇ ਸਮੀਕਰਣ ਬਦਲਦੇ ਨਜ਼ਰ ਆਏ। ਠੀਕ ਇਸੇ ਸਮੇਂ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਲਈ ਦਿੱਤੇ ਗਏ ਬਿਆਨਾਂ ਨੇ ਕੈਨੇਡਾ ਦੀ ਅਗਵਾਈ ਲਈ ਇਕ ਮਜ਼ਬੂਤ ਅਤੇ ਟਰੰਪ ਦਾ ਮੁਕਾਬਲਾ ਕਰਨ ਵਾਲੇ ਆਗੂ ਦੀ ਤਲਾਸ਼ ਵਜੋਂ ਕਾਰਨੀ ਦੇ ਆਰਥਿਕ ਤਜਰਬਿਆਂ ਨੂੰ ਉਭਰਨ ਵਿਚ ਅਣਕਿਆਸੀ ਮਦਦ ਪਹੁੰਚਾਈ। ਟਰੰਪ ਵਲੋਂ ਛੇੜੀ ਗਈ ਵਪਾਰ ਜੰਗ ਦੇ ਸਾਹਵੇਂ ਲੋਕਾਂ ਨੇ ਮਿਸਟਰ ਕਾਰਨੀ ਨੂੰ ਟਰੰਪ ਟੈਰਿਫ ਦੀ ਘੁੰਮਣਘੇਰੀ ਵਿਚ ਫਸੀ ਕੈਨੇਡਾ ਦੀ ਬੇੜੀ ਨੂੰ ਪਾਰ ਲਗਾਉਣ ਵਾਲੇ ਮਲਾਹ ਵਜੋਂ ਵੇਖਿਆ। ਕੈਨੇਡੀਅਨ ਲੋਕਾਂ ਵਲੋਂ ਮਿਸਟਰ ਕਾਰਨੀ ਨੂੰ ਮਿਲੇ ਭਾਰੀ ਸਮਰਥਨ ਦੇ ਨਤੀਜੇ ਵਜੋਂ ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਵਿਚ ਉਹ ਕਰ ਵਿਖਾਇਆ ਜਿਸਦਾ ਚੋਣ ਸਰਵੇਖਣਾਂ ਵਿਚ ਪਹਿਲਾਂ ਹੀ ਖੁਲਾਸਾ ਕੀਤਾ ਜਾ ਰਿਹਾ ਸੀ। ਭਾਵੇਂਕਿ ਚੋਣ ਸਰਵੇਖਣਾਂ ਵਿਚ ਕਾਰਨੀ ਨੂੰ ਸਪੱਸ਼ਟ ਜਾਂ ਭਾਰੀ ਬਹੁਮਤ ਮਿਲਣ ਦੀ ਪੇਸ਼ੀਨਗੋਈ ਸੀ ਪਰ ਚੋਣਾਂ ਦੇ ਆਖਰੀ ਹਫਤੇ ਦੋਵਾਂ ਪਾਰਟੀਆਂ ਵਿਚਾਲੇ ਲੋਕ ਹੁੰਗਾਰੇ ਦਾ ਫਰਕ ਨੇੜੇ ਨੇੜੇ ਪੁੱਜਣ ਕਾਰਣ ਦੁਬਿਧਾ ਵਾਲਾ ਮਾਹੌਲ ਬਣ ਗਿਆ। ਸ਼ਾਇਦ ਇਸੇ ਕਾਰਣ ਆਖਰੀ ਮੌਕੇ ਲਿਬਰਲ ਪੂਰਨ ਬਹੁਮਤ ਤੋਂ ਥੋੜਾ ਸਰਕ ਗਏ। ਚੋਣ ਨਤੀਜਿਆਂ ਮੁਤਾਬਿਕ ਲਿਬਰਲ ਪਾਰਟੀ ਨੂੰ 169 ਸੀਟਾਂ ਮਿਲੀਆਂ ਹਨ ਜੋ ਬਹੁਮਤ ਲਈ 172 ਸੀਟਾਂ ਦੇ ਅੰਕੜੇ ਤੋਂ ਤਿੰਨ ਸੀਟਾਂ ਘੱਟ ਹਨ। 343 ਮੈਂਬਰੀ ਹਾਊਸ ਆਫ ਕਾਮਨਜ਼ ਵਿੱਚ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ ਨੂੰ 144 ਸੀਟਾਂ, ਬਲਾਕ ਕਿਊਬੈੱਕ ਨੇ 23 ਅਤੇ ਐੱਨਡੀਪੀ ਨੂੰ 7 ਸੀਟਾਂ ਜਦੋਂਕਿ ਗਰੀਨ ਪਾਰਟੀ ਨੂੰ ਇਕ ਸੀਟ ਮਿਲੀ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤਾਂ ਸਭ ਜਾਣਦੇ ਸਨ ਕਿ ਪਾਰਟੀ ਦੀ ਹਾਲਤ ਕੀ ਹੈ। ਟਰੂਡੋ ਦੀ ਖਿਲਾਫਤ ਕਾਰਣ ਕੰਸਰਵੇਟਿਵ ਅਤੇ ਪੋਲੀਵਰ ਦੀ ਪੂਰੀ ਚੜਾਈ ਸੀ। ਇਹ ਉਹ ਸਮਾਂ ਸੀ ਜਦੋਂ ਪੋਲੀਵਰ ਨੇ ਭਾਵੀ ਪ੍ਰਧਾਨ ਮੰਤਰੀ ਵਜੋਂ ਹੀ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਪੋਲੀਵਰ ਜਿਸਨੇ ਲੰਬਾ ਸਮਾਂ ਟਰੂਡੋ ਅਤੇ ਲਿਬਰਲ ਸਰਕਾਰ ਖਿਲਾਫ ਪ੍ਰਚਾਰ ਮੁਹਿੰਮ ਚਲਾਉਂਦਿਆਂ ਬੇਹਤਰ ਪ੍ਰਦਰਸ਼ਨ ਕੀਤਾ ਪਰ ਚੋਣਾਂ ਵਿਚ ਕਾਰਨੀ ਦੇ ਮੁਕਾਬਲੇ ਖੁੰਝ ਗਏ। ਉਹਨਾਂ ਦੇ ਹਲਕੇ ਕਾਰਲਟਨ ਵਿਚ ਉਹਨਾਂ ਨੂੰ 90 ਉਮੀਦਵਾਰਾਂ ਵਿਚਾਲੇ ਉਲਝਾਉਣ ਅਤੇ ਸਭ ਤੋਂ ਲੰਬਾ ਲਗਪਗ ਤਿੰਨ ਫੁੱਟ ਦਾ ਬੈਲਟ ਪੇਪਰ ਵੋਟਰਾਂ ਸਾਹਮਣੇ ਰੱਖਣ ਦਾ ਵੀ ਆਪਣਾ ਇਤਿਹਾਸ ਬਣ ਗਿਆ ਹੈ। ਉਹ ਆਪਣੀ ਸੀਟ ਹਾਰ ਗਏ ਜਿਸ ਤੇ ਉਹ 2004 ਤੋਂ ਐਮ ਪੀ ਬਣਦੇ ਆ ਰਹੇ ਸਨ। ਫਿਰ ਵੀ ਉਨ੍ਹਾਂ ਦੀ ਪਾਰਟੀ ਨੇ ਦੇਸ਼ ਭਰ ਵਿਚ ਨਵੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸੰਸਦੀ ਨਤੀਜੇ ਦੱਸਦੇ ਹਨ ਕਿ ਲਿਬਰਲ ਦੇ ਕੁਲ 43.5 ਫੀਸਦੀ ਵੋਟ ਉਪਰੰਤ ਕੰਸਰਵੇਟਿਵਾਂ ਨੇ ਕੁਲ 41.6 ਫ਼ੀਸਦੀ ਵੋਟ ਹਾਸਲ ਕੀਤੇ ਜਿਹੜੇ 2011 ਵਿਚ ਸਟੀਫਨ ਹਾਰਪਰ ਦੀ ਬਹੁਮਤ ਵਾਲੀ ਸਰਕਾਰ ਪਿੱਛੋਂ ਸਭ ਤੋਂ ਵੱਧ ਹਨ।
ਚੋਣ ਨਤੀਜਿਆਂ ਤੇ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਲਗਪਗ 60 ਹਲਕਿਆਂ ਵਿਚ ਫੇਰਬਦਲ ਹੋਇਆ ਹੈ। ਲਿਬਰਲ ਪਿਛਲੀ ਵਾਰ ਵਾਲੀਆਂ 19 ਸੀਟਾਂ ਹਾਰ ਗਏ ਪਰ ਇਸ ਨੇ ਕਿਊਬਕ ਵਿਚ ਅਤੇ ਹੋਰਨੀ ਥਾਈਂ ਐਨਡੀਪੀ ਖਿਲਾਫ ਵਧੀਆ ਪ੍ਰਦਰਸ਼ਨ ਕਰਦਿਆਂ ਬਲਾਕ ਕਿਊਬੈਕਾ ਦੀਆਂ 11 ਅਤੇ ਐਨ ਡੀ ਪੀ ਦੀਆਂ 7 ਸੀਟਾਂ ਹਾਸਲ ਕੀਤੀਆਂ ਹਨ। ਬਲਾਕ ਕਿਊਬੈਕਾਂ ਨੇ ਜੇ ਪਿਛਲੀਆਂ 32 ਸੀਟਾਂ ਚੋਂ 10 ਸੀਟਾਂ ਗਵਾਈਆਂ ਹਨ ਤਾਂ ਐਨ ਡੀ ਪੀ ਨੇ ਪਿਛਲੀਆਂ 24 ਸੀਟਾਂ ਚੋਂ 17 ਸੀਟਾਂ ਦਾ ਭਾਰੀ ਨੁਕਸਾਨ ਝੱਲਿਆ ਹੈ। ਐਨਡੀਪੀ ਦੀਆਂ 17 ਸੀਟਾਂ ਚੋਂ ਕੰਸਰਵੇਟਿਵ ਨੂੰ 10 ਅਤੇ ਲਿਬਰਲ ਨੂੰ 7 ਮਿਲੀਆਂ ਹਨ। ਐਨ ਡੀ ਪੀ ਆਗੂ ਜਗਮੀਤ ਸਿੰਘ ਆਪਣੀ ਸੀਟ ਕੇਵਲ ਹਾਰੇ ਹੀ ਨਹੀ ਬਲਕਿ ਮੁਕਾਬਲੇ ਵਿਚ ਤੀਸਰੇ ਸਥਾਨ ਤੇ ਰਹੇ ਹਨ। ਉਨਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ 10 ਹਜਾਰ ਤੋਂ ਵੀ ਘੱਟ ਹੈ। ਐਨ ਡੀ ਪੀ ਜਿਸਦਾ ਪਹਿਲਾਂ ਵੋਟ ਸ਼ੇਅਰ 17-18 ਪ੍ਰਤੀਸ਼ਤ ਸੀ ਉਸਦਾ ਇਹ ਵੋਟ ਸ਼ੇਅਰ ਕੇਵਲ 6 ਪ੍ਰਤੀਸ਼ਤ ਤੇ ਆਣ ਡਿੱਗਿਆ ਹੈ। ਕਿਹਾ ਜਾ ਸਕਦਾ ਹੈ ਕਿ ਇਹਨਾਂ ਚੋਣਾਂ ਵਿਚ ਸਭ ਤੋਂ ਵੱਡਾ ਨੁਕਸਾਨ ਐਨ ਡੀ ਪੀ ਦਾ ਹੋਇਆ ਹੈ। ਉਹ ਪਾਰਟੀ ਜਿਸਨੂੰ ਵਰਕਰਾਂ ਤੇ ਕੰਮਕਾਜੀ ਲੋਕਾਂ ਦੀ ਪਾਰਟੀ ਦਾ ਵੱਡਾ ਸਮਰਥਨ ਹਾਸਲ ਸੀ, ਉਸਦਾ ਇਤਨਾ ਵੱਡਾ ਵੋਟ ਬੈਂਕ ਟੁੱਟਕੇ ਲਿਬਰਲ ਦੀ ਝੋਲੀ ਵਿਚ ਪੈਣਾ ਜਿਥੇ ਪਾਰਟੀ ਲਈ ਚਿੰਤਾਜਨਕ ਰਿਹਾ ਉਥੇ ਇਹ ਲਿਬਰਲ ਲਈ ਵਰਦਾਨ ਵੀ ਸਾਬਿਤ ਹੋਇਆ। ਐਨ ਡੀ ਪੀ ਦੇ ਸਾਬਕਾ ਆਗੂ ਟੌਮ ਮਲਕੇਅਰ ਵਲੋਂ ਕੰਸਰਵੇਟਿਵ ਨੂੰ ਰੋਕਣ ਲਈ ਐਨ ਡੀ ਪੀ ਵੋਟਰਾਂ ਨੂੰ ਵੋਟ ਵੰਡ ਤੋਂ ਬਚਣ ਲਈ ਲਿਬਰਲ ਦੇ ਹੱਕ ਵਿਚ ਭੁਗਤਣ ਦਾ ਸੱਦਾ ਦਿੱਤਾ ਗਿਆ ਸੀ। ਸਮਝਿਆ ਜਾ ਸਕਦਾ ਹੈ ਕਿ ਜਨਵਰੀ ਮਹੀਨੇ ਜਿਸ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ 20 ਫ਼ੀਸਦੀ ਤੱਕ ਡਿੱਗ ਪਈ ਸੀ ਉਸ ਪਾਰਟੀ ਨੇ ਹੁਣ ਇਹਨਾਂ ਚੋਣਾਂ ਵਿੱਚ 43.5 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਹਨ। ਇਸ ਵੋਟ ਪ੍ਰਤੀਸ਼ਤ ਦੇ ਵਾਧੇ ਵਿਚ ਐਨ ਡੀ ਪੀ ਵੋਟਰ ਦਾ ਵੱਡਾ ਹਿੱਸਾ ਸ਼ਾਮਿਲ ਹੈ।
ਲਿਬਰਲ ਆਗੂ ਕਾਰਨੀ ਦਾ ਇਸ ਜਿੱਤ ਵਿਚ ਆਪਣਾ ਕ੍ਰਿਸ਼ਮਾ ਸ਼ਾਮਿਲ ਹੈ ਪਰ ਉਸਦੇ ਇਸ ਕ੍ਰਿਸ਼ਮੇ ਵਿਚ ਟਰੰਪ ਅਤੇ ਟਰੰਪ ਦੇ ਬਿਆਨਾਂ ਦਾ ਵੀ ਵੱਡਾ ਯੋਗਦਾਨ ਹੈ। ਇਸ ਯੋਗਦਾਨ ਵਿਚ ਮਿਸਟਰ ਟਰੰਪ ਕੈਨੇਡੀਅਨ ਵੋਟਾਂ ਵਾਲੇ ਦਿਨ ਵੀ ਯੋਗਦਾਨ ਪਾਉਣਾ ਨਹੀ ਭੁੱਲੇ। ਉਹਨਾਂ ਵੋਟਾਂ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ਤੇ ਇਹ ਸੁਨੇਹਾ ਪਾਇਆ ਕਿ ਕੈਨੇਡੀਅਨ ਲੋਕ ਨਵੇਂ ਆਗੂ ਦੀ ਚੋਣ ਕਰਦਿਆਂ ਖੁੰਝਣ ਨਾ। ਤੇ ਉਹ ਕਾਰਨੀ ਨੂੰ ਵਾਰ ਵਾਰ ਇਕ ਚੰਗਾ ਤੇ ਸਿਆਣਾ ਆਗੂ ਐਲਾਨਦੇ ਰਹੇ। ਉਹ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਤੋਂ ਬਾਦ ਵਿਚ ਮਿਸਟਰ ਕਾਰਨੀ ਨੂੰ ਜੈਂਟਲਮੈਨ ਕਹਿਕੇ ਸਤਿਕਾਰ ਭੇਜ ਰਹੇ ਹਨ। ਉਹਨਾਂ ਤੇ ਕਾਰਨੀ ਵਿਚਾਲੇ ਪੁਰਖਲੂਸ ਸਬੰਧਾਂ ਦੀ ਕੜੀ ਵਿਚਾਲੇ ਕੁਝ ਤਾਂ ਹੈ। ਕੈਨੇਡੀਅਨ ਚੋਣ ਮੁਹਿੰਮ ਦੌਰਾਨ ਕੰਸਰਵੇਟਿਵ ਆਗੂ ਪੋਲੀਵਰ ਆਪਣੇ ਸੰਬੋਧਨਾਂ ਵਿਚ ਲੋਕਾਂ ਨੂੰ ਲਿਬਰਲ ਸਰਕਾਰ ਦੀਆਂ ਪਿਛਲੇ 10 ਸਾਲ ਦੀਆਂ ਨੀਤੀਆਂ ਅਤੇ ਕੁਸ਼ਾਸ਼ਨ ਦੀ ਯਾਦ ਦਿਵਾਉਂਦੇ ਰਹੇ ਤੇ ਦਸਦੇ ਰਹੇ ਕਿ ਕਾਰਨੀ ਦੀ ਪਿਛੇ ਕੰਮ ਕਰਨ ਵਾਲੀ ਟੀਮ ਵੀ ਮਿਸਟਰ ਟਰੂਡੋ ਦੀ ਹੈ। ਉਹ ਟਰੰਪ ਟੈਰਿਫ ਦੇ ਖਤਰਿਆਂ ਦੇ ਨਾਲ ਕੈਨੇਡੀਅਨ ਲੋਕਾਂ ਦੇ ਰੋਜਾਨਾ ਜੀਵਨ ਦੀਆਂ ਔਕੜਾਂ, ਮਹਿੰਗਾਈ, ਅਫੋਰਡੇਬਿਲਟੀ ਤੇ ਅਪਰਾਧ ਦਰ ਵਿਚ ਭਾਰੇ ਵਾਧੇ ਦੇ ਕਾਰਣ ਗਿਣਾਉਂਦੇ ਰਹੇ ਪਰ ਮਿਸਟਰ ਕਾਰਨੀ ਆਪਣੇ ਹਰ ਭਾਸ਼ਨ ਵਿਚ ਅਮਰੀਕੀ ਨੀਤੀਆਂ, ਕੈਨੇਡਾ ਨੂੰ ਖਤਰਾ, ਸੰਕਟ ਦੀ ਘੜੀ ਅਤੇ ਟਰੰਪ ਦਾ ਹਊਆ ਲੋਕਾਂ ਨੂੰ ਯਾਦ ਕਰਵਾਉਂਦੇ ਰਹੇ। ਉਹਨਾਂ ਆਪਣੇ ਕਿਸੇ ਵੀ ਭਾਸ਼ਨ ਵਿਚ ਟਰੰਪ ਦਾ ਜਿਕਰ ਖੁੰਝਣ ਨਹੀ ਦਿੱਤਾ ਤੇ ਇਹੀ ਦੱਸਣ ਦਾ ਯਤਨ ਕੀਤਾ ਕਿ ਕੈਨੇਡਾ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਵੱਡੀ ਸਮੱਸਿਆ ਟਰੰਪ ਹੈ ਤੇ ਉਹੀ ਇਕ ਅਜਿਹੇ ਯੋਗ ਵਿਅਕਤੀ ਹਨ ਜੋ ਟਰੰਪ ਸਮੱਸਿਆ ਨਾਲ ਨਿਪਟਣ ਦੇ ਸਮਰੱਥ ਹਨ। ਉਹਨਾਂ ਦੇ ਇਸ ਮੁਹਾਵਰੇ ਨੂੰ ਲੋਕ ਮਨਾਂ ਵਿਚ ਇਕ ਡਰ ਵਾਂਗ ਬਿਠਾਉਣ ਵਿਚ ਮੀਡੀਆ ਨੇ ਵੀ ਸਹਿਯੋਗੀ ਭੂਮਿਕਾ ਨਿਭਾਈ। ਜਦੋਂਕਿ ਪੀਅਰ ਪੋਲੀਵਰ ਤੇ ਕੰਸਰਵੇਟਿਵ ਦੀ ਮੀਡੀਆ ਪ੍ਰਤੀ ਉਦਾਸੀਨਤਾ ਤੇ ਥੋੜਾ ਕੁਰੱਖਤ ਰਵੱਈਆ ਵੀ ਕੁਝ ਹੱਦ ਤੱਕ ਜਿੰਮੇਵਾਰ ਰਿਹਾ।
ਮੰਨਿਆ ਜਾ ਸਕਦਾ ਹੈ ਕਿ ਕੈਨੇਡੀਅਨ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਖਿਲਾਫ ਸ਼ੁਰੂ ਕੀਤੀ ਵਪਾਰ ਜੰਗ ਅਤੇ ਅਣਸੁਖਾਵੇਂ ਹਾਲਾਤ ਚੋ ਨਿਕਲਣ ਲਈ ਇਕ ਸਿਆਸਤਦਾਨ ਦੀ ਥਾਂ ਇਕ ਗੈਰ ਸਿਆਸੀ, ਪੜੇ -ਲਿਖੇ ਅਤੇ ਮਾਹਿਰ ਅਰਥ ਸ਼ਾਸਤਰੀ ਦੀ ਚੋਣ ਨੂੰ ਤਰਜੀਹ ਦਿੱਤੀ ਹੈ ਪਰ ਇਸ ਦੌਰਾਨ ਸਿਆਸਤਦਾਨਾਂ ਤੇ ਧਨਾਢਾਂ ਵਲੋਂ ਮਿਲਕੇ ਖੇਡੀ ਗਈ ਖੇਡ ਨੂੰ ਵੀ ਸਮਝਣ ਦੀ ਲੋੜ ਹੈ।
ਅਗਲੇ ਦਿਨਾਂ ਵਿਚ ਲਿਬਰਲ ਆਗੂ ਕਾਰਨੀ ਦੀ ਅਗਵਾਈ ਹੇਠ ਨਵੀਂ ਕੈਬਨਿਟ ਦਾ ਗਠਨ ਹੋਣ ਵਾਲਾ ਹੈ। ਇਸਤੋਂ ਪਹਿਲਾਂ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਉਹਨਾਂ ਰਾਸ਼ਟਰਪਤੀ ਟਰੰਪ ਨੂੰ ਆਪਣੀਆਂ ਦਲੀਲਾਂ ਅਤੇ ਗੱਲਾਂ ਨਾਲ ਕਿਵੇਂ ਕਾਇਲ ਕਰਨਾ ਹੈ, ਇਸ ਪ੍ਰਤੀ ਸਭ ਦੀ ਉਕਸੁਕਤਾ ਤੇ ਨਜ਼ਰ ਹੈ। ਪਰ ਪ੍ਰਧਾਨ ਮੰਤਰੀ ਕਾਰਨੀ ਵਲੋਂ ਇਹ ਕਹਿਣਾ ਕਿ ਜਰੂਰੀ ਨਹੀ ਕਿ ਵਾਈਟ ਹਾਊਸ ਦੀ ਚਿਮਨੀ ਚੋਂ ਚਿੱਟਾ ਧੂੰਆਂ ਹੀ ਨਜ਼ਰ ਆਏ, ਇਕ ਯੋਗ ਆਗੂ ਦੀ ਚੋਣ ਉਪਰੰਤ ਵੀ ਕਈ ਹੋਰ ਸ਼ੰਕਿਆਂ ਅਤੇ ਦੁਬਿਧਾਪੂਰਣ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ। ਹਾਲ ਦੀ ਘੜੀ ਮਿਸਟਰ ਕਾਰਨੀ ਨੂੰ ਇਕ ਸਿਆਸਤਦਾਨ ਵਜੋਂ ਪਾਰੀ ਸ਼ੁਰੂ ਕਰਨ ਲਈ ਸ਼ੁਭ ਕਾਮਨਾਵਾਂ…ਕਾਮਨਾ ਹੈ ਕਿ ਉਹ ਦੋ ਵੱਡੇ ਮੁਲਕਾਂ ਦੀਆਂ ਦੋ ਵੱਡੀਆਂ ਬੈਂਕਾਂ ਦੇ ਮੁਖੀ ਵਜੋਂ ਸਫਲ ਅਗਵਾਈ ਵਾਂਗ ਕੈਨੇਡਾ ਦੀ ਇਕ ਸਿਆਸਤਦਾਨ ਵਜੋਂ ਵੀ ਸਫਲ ਅਗਵਾਈ ਕਰਨ।