Headlines

”ਗੁਰੂ ਘਰ ਵਿਚ ਇਕ ਗੁਰਸਿੱਖ ਦੀ ਮਾਰਕੁੱਟ ਬਾਰੇ ਮੈਡੀਕਲ ਰਿਪੋਰਟ ਤੇ ਪੁਲਿਸ ਕਾਰਵਾਈ ਨੂੰ ਝੁਠਲਾਉਣਾ ਔਖਾ”

ਸਿਖਸ ਫਾਰ ਜਸਟਿਸ ਦੇ ਕਾਰਕੁੰਨ ਦੀ ਮਾਰਕੁੱਟ ਬਾਰੇ ਖਬਰ ਦੇ ਖੰਡਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ-

ਸਰੀ 5 ਮਈ ( ਦੇ ਪ੍ਰ ਬਿ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਬੀਤੇ ਦਿਨੀਂ  ਸਿਖਸ ਫਾਰ ਜਸਟਿਸ ਦੇ ਕਾਰਕੁੰਨ ਮਨਜਿੰਦਰ ਸਿੰਘ ਨਾਲ ਵਾਪਰੀ ਇਕ ਘਟਨਾ ਦਾ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਖੰਡਨ ਕੀਤੇ ਜਾਣ ਦੀ ਖਬਰ ਦਾ ਕਮੇਟੀ ਦੇ ਵਾਈਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ, ਸਕੱਤਰ ਭਾਈ ਗੁਰਮੀਤ ਸਿੰਘ ਤੂਰ ਤੇ ਹੋਰਾਂ ਨੇ ਵਿਰੋਧ ਪ੍ਰਗਟਾਵਾ ਕਰਦਿਆਂ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਦੇਸ ਪ੍ਰਦੇਸ਼ ਟਾਈਮਜ਼ ਨੂੰ ਭੇਜੇ ਇਕ ਤਾਜ਼ਾ ਬਿਆਨ ਰਾਹੀਂ ਉਹਨਾਂ ਕਿਹਾ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ  ਦੇ ਵਿਚ ਬੀਤੀ 12 ਅਪ੍ਰੈਲ ਨੂੰ ਵਾਪਰੀ ਨਿੰਦਣਯੋਗ ਘਟਨਾ ਜਿਸ ਵਿਚ ਸਿਖਸ ਫਾਰ ਜਸਟਿਸ ਦੇ ਸੀਨੀਅਰ ਕਾਰਕੁੰਨ ਭਾਈ ਮਨਜਿੰਦਰ ਸਿੰਘ ਦੀ ਦਸਤਾਰ ਉਤਾਰੀ ਗਈ ਅਤੇ ਉਹਨਾਂ ਦੀ ਕੁੱਟ-ਮਾਰ ਕੀਤੀ ਗਈ ਸੀ ,ਇਕ  ਬੇਹੱਦ ਸ਼ਰਮਨਾਕ ਘਟਨਾ ਸੀ । ਪਰ ਗੁਰੂ ਘਰ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਜੌਹਲ ਨੇ ਇਸ ਘਟਨਾ ਨੂੰ ਝੂਠ ਕਰਾਰ ਦਿੰਦਿਆਂ ਅਤੇ ਮੀਡੀਆ ਨੂੰ ਗੁੰਮਰਾਹ ਕਰਦਿਆਂ ਜੋ ਲੇਖ ਦਿੱਤਾ ਹੈ,ਉਹ ਉਨ੍ਹਾਂ ਦੇ ਅਹੁਦੇ ਮੁਤਾਬਿਕ ਸ਼ੋਭਾ ਯੋਗ ਨਹੀਂ ਹੈ । ਪਰ ਓਹ ਭੁੱਲ ਗਏ ਹਨ ਕਿ ਸੰਗਤਾਂ ਨੂੰ ਸੱਚ ਅਤੇ ਝੂਠ ਦਾ ਸਭ ਪਤਾ ਹੈ । ਉਹਨਾਂ ਹੋਰ ਕਿਹਾ ਕਿ  ਗੁਰੂ ਘਰ ਦੇ ਮੈਨੇਜਰ ਹਰਜੀਤ ਸਿੰਘ ਨੂੰ ਬੇਨਤੀ ਕੀਤੀ ਗਈ ਸੀ ਕਿ ਜੋ ਸੰਗਤੀ ਰੂਪ ਵਿਚ ਮੀਟਿੰਗ ਰੱਖਣੀ ਹੈ ਉਹ 19 ਅਪ੍ਰੈਲ ਤੋਂ ਬਾਅਦ ਰੱਖੀ ਜਾਵੇ ਪਰ ਜਾਣ-ਬੁੱਝ ਕੇ ਉਹ ਮੀਟਿੰਗ 12 ਅਪ੍ਰੈਲ ਨੂੰ ਰੱਖੀ ਗਈ, ਜਿਸ ਦੇ ਵਿਚ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਸ਼ਖਸੀਅਤਾਂ ਵੀ ਸ਼ਾਮਲ ਨਹੀਂ ਹੋ ਸਕੀਆਂ ਸਨ ਅਤੇ ਸੰਵਿਧਾਨਿਕ ਤੌਰ ਤੇ ਇਸ ਤਰੀਕੇ ਨਾਲ ਮੀਟਿੰਗ ਬੁਲਾਈ ਵੀ ਨਹੀਂ ਜਾ ਸਕਦੀ ਸੀ। ਕਰਵਾਈ ਗਈ ਮੀਟਿੰਗ ਦੇ ਵਿਚ ਗਲਤ ਪ੍ਰਚਾਰਿਆ ਗਿਆ ਕਿ ਕਮੇਟੀ ਵੱਲੋਂ ਮੈਨੇਜਰ ਹਰਜੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਜੋ ਕਿ ਬਿਲਕੁਲ ਹੀ ਝੂਠ ਹੈ, ਮੈਨੇਜਰ ਨੂੰ ਕਦੇ ਵੀ ਬਰਖਾਸਤ ਨਹੀਂ ਕੀਤਾ ਗਿਆ ਸੀ । ਇਸ ਦੌਰਾਨ ਜਦੋਂ ਭਾਈ ਮਨਜਿੰਦਰ ਸਿੰਘ ਆਪਣੀ ਗੱਲ ਰੱਖਣ ਲਈ ਸਟੇਜ ਤੇ ਗਏ ਤਾਂ ਉਹਨਾਂ ਨਾਲ ਕੁੱਟ-ਮਾਰ ਕੀਤੀ ਗਈ ਅਤੇ ਦਸਤਾਰ ਉਤਾਰ ਕੇ ਬੇਅਦਬੀ ਕੀਤੀ ਗਈ । ਇਸ ਘਟਨਾ ਉਪਰ ਪਰਦਾਪੋਸ਼ੀ  ਕਰਦਿਆਂ ਇਹ ਕਹਿਣਾ ਕਿ  ਕੁਝ ਹੋਇਆ ਹੀ ਨਹੀਂ ,ਬਹੁਤ ਹੀ ਗੁੰਮਰਾਹਕੁੰਨ ਹੈ। ਉਹਨਾਂ ਸਵਾਲ ਕੀਤਾ ਕਿ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਜੌਹਲ ਇਹ ਵੀ ਦੱਸਣ  ਕਿ ਹਸਪਤਾਲ ਦੀਆਂ ਰਿਪੋਰਟਾਂ ਝੂਠੀਆਂ ਹਨ ਜਾਂ ਪੁਲਿਸ ਵਲੋਂ ਕੀਤੀ ਜਾ ਰਹੀ ਤਫਤੀਸ਼ ਝੂਠੀ ਹੈ । ਉਨ੍ਹਾਂ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਅਧਿਕਾਰ ਨਾਲ ਇਕ ਗੁਰਸਿੱਖ ਨੂੰ ਗੁਰੂ ਘਰ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਰੋਕ ਲਗਾਈ ਹੈ। ਕੀ ਇਹ ਇਕ ਗੁਰਸਿੱਖ ਨੂੰ ਗੁਰੂ ਤੋਂ ਤੋੜਨ ਦੀ ਕੋਝੀ ਹਰਕਤ ਅਤੇ ਤਾਨਾਸ਼ਾਹੀ ਨਹੀਂ ਹੈ ਜੋ ਕਿ ਸਿੱਖ ਪੰਥ ਕਦੇ ਪ੍ਰਵਾਨ ਨਹੀਂ ਕਰ ਸਕਦਾ । ਜੇਕਰ ਕਿਸੇ ਨੇ ਕੋਈ ਗਲਤ ਹਰਕਤ ਕੀਤੀ ਹੈ ਤਾਂ ਤੁਸੀਂ ਓਸ ਨੂੰ ਸਮੂਹ ਮੈਂਬਰਾਂ ਦੀ ਮੀਟਿੰਗ ਸੱਦ ਕੇ ਓਸ ਨੂੰ ਜੁਆਬਦੇਹ ਬਣਾ ਕੇ ਫੇਰ ਸਰਬਸੰਮਤੀ ਨਾਲ ਕਾਰਵਾਈ ਕਰਦੇ ਪਰ ਇਕ ਪਾਸੜ ਕਾਰਵਾਈ ਕਰਦਿਆਂ ਤੁਸੀਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਬਿਆਨ ਦੇ ਆਖਰ ਵਿਚ ਕਮੇਟੀ ਦੇ ਵਾਈਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ, ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਸਹਾਇਕ ਸਕੱਤਰ ਮਹਿਤਾਬ ਸਿੰਘ ਗਿੱਲ,  ਰਿਕਾਰਡਿੰਗ ਸਕੱਤਰ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ  ਸਹਾਇਕ ਖਜ਼ਾਨਚੀ ਭੈਣ ਪਰਮਿੰਦਰ ਕੌਰ ਤੋਂ ਇਲਾਵਾ ਮੈਂਬਰ ਭਾਈ ਅਵਤਾਰ ਸਿੰਘ ਖਹਿਰਾ, ਭਾਈ ਅਮਰਜੀਤ ਸਿੰਘ ਅਤੇ ਹੋਰ ਸੰਗਤਾਂ ਨੇ ਕਾਰਜਕਾਰੀ ਪ੍ਰਧਾਨ ਦੀ ਇਸ ਕਾਰਵਾਈ ਦਾ ਪੂਰਨ ਤੌਰ ਤੇ ਵਿਰੋਧ ਕਰਦਿਆਂ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ।

Leave a Reply

Your email address will not be published. Required fields are marked *