Headlines

ਮਰਹੂਮ ਸਾਹਿਤਕਾਰ ਨਦੀਮ ਪਰਮਾਰ ਦੀ ਯਾਦ ਵਿਚ ਚਿਲਾਵੈਕ ਵਿਖੇ ਸ਼ਰਧਾਂਜਲੀ ਸਮਾਗਮ

ਪੰਜਾਬੀ ਕਲਮਾਂ ਤੇ ਕਲਾ ਮੰਚ ਵਲੋਂ ਨਦੀਮ ਪਰਮਾਰ ਦੀ ਪਤਨੀ ਬੀਬੀ ਸੁਰਜੀਤ ਕੌਰ ਦਾ ਸਨਮਾਨ-

ਚਿਲਾਵੈਕ- ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ 4 ਮਈ ਨੂੰ ਚਿੱਲਾਵੈਕ  ਵਿਖੇ ਭਰਵੇਂ ਇਕੱਠ ਵਿੱਚ ਮਰਹੂਮ ਸ਼ਾਇਰ/ ਨਾਵਲਕਾਰ ਨਦੀਮ ਪਰਮਾਰ  ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਲਗਭਗ ਤਿੰਨ ਘੰਟੇ ਚੱਲੇ ਪ੍ਰੋਗਰਾਮ ਦੌਰਾਨ ਸਭ ਸਾਹਿਤਕਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਜੀਵਨ ਕਾਲ ਅਤੇ ਪ੍ਰਾਪਤੀਆਂ ਨੂੰ ਯਾਦ ਕੀਤਾ।
ਨਰਿੰਦਰ ਭਾਗੀ, ਸ਼ਸ਼ੀ ਲਤਾ ਵਿਰਕ ਜੀ ਨੇ ਨਦੀਮ ਪਰਮਾਰ ਦੀਆਂ ਗ਼ਜ਼ਲਾਂ ਨੂੰ ਤਰੰਨੁਮ ਵਿੱਚ ਪੇਸ਼ ਕੀਤਾ। ਨਦੀਮ ਪਰਮਾਰ ਦੇ ਉਰਦੂ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਸਲਾਹਿਆ। ਸਤਵੰਤ ਪੰਧੇਰ ਨੇ ਨਿੱਘੀ ਸ਼ਰਧਾਂਜਲੀ ਦਿੰਦਿਆਂ ਨਦੀਮ ਸਾਹਿਬ ਦੀ ਜ਼ੁਬਾਨੀ ਰਿਕਾਰਡਿੰਗ ਸੁਣਾ ਕੇ ਹਾਲ ਵਿੱਚ ਮਾਹੌਲ ਨੂੰ ਭਾਵਕ ਕੀਤਾ। ਪਰਵੇਜ਼ ਸੰਧੂ ਖ਼ਾਸ ਤੌਰ ਤੇ ਅਮਰੀਕਾ ਤੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੀ ਅਤੇ ਉਹਨਾਂ ਨਾਲ ਲੰਬੀ ਸਾਂਝ ਦੀਆਂ ਯਾਦਾਂ ਤਾਜ਼ਾ ਕੀਤੀਆਂ।
ਪਰਿਵਾਰ ਵਲੋਂ ਉਹਨਾਂ ਦੇ ਪੁੱਤਰ ਬਿਮਲ ਪਰਮਾਰ ਨੇ ਉਹਨਾਂ ਦੇ ਜੀਵਨ ਜਾਚ ਤੇ ਰੌਸ਼ਨੀ ਪਾਈ ਅਤੇ ਉਹਨਾਂ ਦੀ ਭੈਣ ਹਰਮਿੰਦਰ ਕੌਰ ਨੇ ਨਦੀਮ ਸਾਹਿਬ ਦੀ ਗਜ਼ਲ ਗਾ ਕੇ ਉਹਨਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ।
ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਡਾ ਗੁਰਵਿੰਦਰ ਧਾਲੀਵਾਲ, ਡਾ ਕੁਲਦੀਪ ਚਾਹਲ, ਆਸ਼ਾ ਪਰਮਾਰ, ਸੁਰਜੀਤ ਪਰਮਾਰ, ਰੁਤਨੈਸ਼ ਪਰਿਹਾਰ, ਕਮਲਜੀਤ ਡਡਵਾਲ, ਗੁਰਮੀਤ ਡਡਵਾਲ, ਨਗਿੰਦਰ ਢਿੱਲੋਂ, ਬਲਵਿੰਦਰ ਢਿੱਲੋਂ, ਹਰਭਜਨ ਹਾਂਸ, ਹਰਬੰਸ ਬਰਾੜ, ਮਹਿਤਾਬ ਸਿੰਘ, ਹਰਲੀਨ ਕੌਰ, ਡਾ ਜੱਸ ਮਲਕੀਤ, ਨਿਰਮਲ ਗਿੱਲ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਰਾਜਵੰਤ ਰਾਜ, ਸੁਖਵਿੰਦਰ ਚੋਹਲਾ, ਬਲਦੀਸ਼ ਕੌਰ, ਸ਼ਸ਼ੀ ਲਤਾ ਵਿਰਕ, ਸਤਵੰਤ ਪੰਧੇਰ, ਕਰਨ ਬਾਠ, ਸੁੱਖੀ ਢਿੱਲੋਂ, ਹਸਨਦੀਪ ਸਿੰਘ, ਪਰਵੇਜ਼ ਸੰਧੂ, ਜੀਵਨ ਚਾਹਲ, ਨਰਿੰਦਰ ਭਾਗੀ ਅਤੇ ਕਈ ਹੋਰ ਨਾਮਵਰ ਕਲਮਾਂ ਪਹੁੰਚੀਆਂ।
ਨਦੀਮ ਪਰਮਾਰ ਜੀ ਦੀ ਹਮਸਫ਼ਰ ਬੀਬੀ ਸੁਰਜੀਤ ਕੌਰ ਨੂੰ ਮੰਚ ਵਲੋਂ ਸੁੰਦਰ ਫੁਲਕਾਰੀ ਅਤੇ ਪਲੇਕ ਨਾਲ਼ ਸਨਮਾਨਤ ਕੀਤਾ ਗਿਆ ਜਿਸ ਨੂੰ ਲੈਣ ਮੌਕੇ ਉਹ ਕਾਫ਼ੀ ਭਾਵੁਕ ਹੋ ਗਏ ਸਨ।
ਮੰਚ ਦਾ ਸੰਚਾਲਨ ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਸਰਪ੍ਰਸਤ ਹਰਕੀਰਤ ਚਾਹਲ ਨੇ ਬਾਖੂਬੀ ਕੀਤਾ। ਉਹਨਾਂ ਨੇ ਨਦੀਮ ਸਾਹਿਬ ਦੀਆਂ ਲਿਖਤਾਂ ਬਾਰੇ ਗੱਲਾਂ ਦੇ ਨਾਲ ਨਾਲ ਉਹਨਾਂ ਸੰਗ ਬਿਤਾਏ ਅੰਤਮ ਪਲਾਂ ਨੂੰ ਵੀ ਸਾਝਾਂ ਕੀਤਾ। ਉਹਨਾਂ ਦੀਆਂ ਕਈ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਸੁਰਿੰਦਰ ਬਰਾੜ ਦਾ ਨਦੀਮ ਸਾਹਿਬ ਬਾਰੇ ਲਿਖਿਆ ਲੇਖ ਵੀ ਹਰਕੀਰਤ ਚਾਹਲ ਨੇ ਪੜ੍ਹ ਕੇ ਸੁਣਾਇਆ।
ਇਕ ਮਹਾਨ ਸਾਹਿਤਕਾਰ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਯਾਦਗਾਰੀ ਹੋ ਨਿੱਬੜੀ।

Leave a Reply

Your email address will not be published. Required fields are marked *