Headlines

ਸੰਨੀ ਧਾਲੀਵਾਲ ਨਾਲ ਇਕ ਮੁਲਾਕਾਤ

ਪੇਸ਼ਕਰਤਾ: ਸੁਰਜੀਤ-

 ਅੱਜਕੱਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਸੰਨੀ ਧਾਲੀਵਾਲ ਬਹੁ-ਚਰਚਿਤ ਨਾਮ ਹੈ। ਫੇਸਬੁੱਕ ’ਤੇ ਉਸਦੇ ਤਕਰੀਬਨ ਪੰਜ ਹਜ਼ਾਰ ਫੌਲੋਅਰ ਹਨ ਅਤੇ ਦੋ ਸੌ ਤੋਂ ਲੈ ਕੇ ਤਿੰਨ ਸੌ ਤੱਕ ਪ੍ਰਸ਼ੰਸਕ ਉਸਦੀ ਹਰ ਕਵਿਤਾ ਦੀ ਵਾਹ! ਵਾਹ! ਕਰਦੇ ਹਨ। ਵਿਰਲੇ ਹੀ ਪੰਜਾਬੀ ਦੇ ਅਜਿਹੇ ਕਵੀ ਮਿਲਦੇ ਹਨ ਜਿਨ੍ਹਾਂ ਨੂੰ ਛਾਪ ਕੇ ਹਰ ਮੈਗ਼ਜ਼ੀਨ ਮਾਣ ਮਹਿਸੂਸ ਕਰਦਾ ਹੈ। ਡਾ. ਵਰਿਆਮ ਸਿੰਘ ਸੰਧੂ ਵੀ ਉਸਦੀ ਕਵਿਤਾ ਦੀ ਤਾਰੀਫ਼ ਕਰਨੋ ਆਪਣੇ ਆਪ ਨੂੰ ਰੋਕ ਨਾ ਸਕੇ। ਆਓ ਇਸ ਚਹੇਤੇ ਕਵੀ ਦੇ ਜੀਵਨ ਬਾਰੇ ਕੁਝ ਜਾਣੀਏ।

 

  1. ਸੁਰਜੀਤ- ਸੰਨੀ ਜੀ ਜ਼ਾਹਿਰ ਹੈ ਕਿ ਸੰਨੀ ਤੁਹਾਡਾ ਕਲਮ – ਨਾਮ ਹੈ ਕੋਈ ਪੂਰਾ ਨਾਮ ਵੀ ਹੋਵੇਗਾ?
    ਸੰਨੀ – ਹਾਂ ਜੀ ਮੇਰਾ ਪੂਰਾ ਨਾਮ, “ਸਵਿੰਦਰ ਸਿੰਘ ਧਾਲੀਵਾਲ” ਹੈ

    2. ਸੁਰਜੀਤ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੀ ਸਿਰਜਣਾ ਬਾਰੇ ਗੱਲ ਕਰੀਏ, ਪਹਿਲਾਂ ਤੁਹਾਡੇ ਪਿਛੋਕੜ ਅਤੇ ਬਚਪਨ ਬਾਰੇ ਤਫ਼ਸੀਲ ਨਾਲ ਜਾਣ ਲਈਏ।

        ਸੰਨੀ -ਹਾਂ ਜੀ, ਮੈਂ ਸਪੁੱਤਰ ਡਾ. ਅਮਰ ਸਿੰਘ ਧਾਲੀਵਾਲ (ਰਣਸੀਂਹ ਕਲਾਂ, ਜ਼ਿਲ੍ਹਾ ਮੋਗਾ) ਅਤੇ ਦਲੀਪ ਕੌਰ ਤੁੰਗ    (ਟੱਲੇਵਾਲ, ਜ਼ਿਲ੍ਹਾ ਬਰਨਾਲਾ) ਦੀ ਮਿੱਟੀ ਵਿੱਚ ਪੈਦਾ ਹੋਇਆ, ਖੇਡਿਆ ਤੇ ਵੱਡਾ ਹੋਇਆ । ਪਿੰਡ ਵਿੱਚ ਸਾਰਾ ਵੱਡਾ ਪਰਿਵਾਰ ਇਕੱਠੇ ਰਹਿੰਦੇ ਸੀ। ਬਚਪਨ ਆਮ ਪਿੰਡਾਂ ਵਾਲੇ ਮੁੰਡਿਆਂ ਵਰਗਾ ਹੀ ਸੀ। ਸਕੂਲ ਘਰ ਤੋਂ ਦੋ ਕੁ ਕਿਲੋਮੀਟਰ ਦੂਰ ਸੀ, ਤੁਰਕੇ ਹੀ ਜਾਂਦੇ ਹੁੰਦੇ ਸੀ! ਰਸਤੇ ਵਿੱਚ ਕੱਸੀ ਤੇ ਬੈਠਕੇ ਫੱਟੀ ਪੋਚਦੇ ਹੁੰਦੇ ਸੀ। ਘਰੇ ਪਸ਼ੂਆਂ ਨੂੰ ਪਾਣੀ ਪਿਲਾਉਣਾ, ਪੱਠੇ ਵੱਢਣੇ, ਕੁਤਰਨੇ, ਕਾਮਿਆਂ ਦੀ ਖੇਤ ਰੋਟੀ, ਚਾਹ ਵਗੈਰਾ ਲੈ ਕੇ ਜਾਣਾ। ਜਦੋਂ ਤੱਤੀ ਤੱਤੀ ਚਾਹ ਵਾਲ਼ਾ ਡੋਲੂ ਲੱਤ ਨੂੰ ਚੂੰਢੀ ਵੱਢਦਾ ਸੀ ਤਾਂ ਚੀਕਾਂ ਕਢਾ ਦਿੰਦਾ ਸੀ। ਜਦੋਂ ਪੱਠੇ ਵੱਢਦਿਆਂ ਕਿਤੇ ਉਂਗਲ ਤੇ ਕੱਟ ਲੱਗ ਜਾਂਦਾ ਸੀ ਤਾਂ ਉਸ ਦਾ ਇਲਾਜ ਵੀ ਆਪਣੇ ਆਪ ਹੀ ਕਰ ਲਈਦਾ ਸੀ। ਹੁਣ ਕਈ ਵਾਰੀ ਜਦੋਂ ਕਨੇਡਾ ਕਲਾਸ ਵਿੱਚ ਬੱਚੇ ਮਾੜੇ ਜਿਹੇ ਪੇਪਰ ਕੱਟ ਤੋਂ ਬੈਨਡੇਜ਼ ਲੈਣ ਆਉਂਦੇ ਹਨ ਤਾਂ ਕਈ ਵਾਰੀ ਮਨ ਉਸ ਬਰਸੀਮ ਜਾਂ ਚਰੀ ਦੇ ਖੇਤ ਵਿੱਚ ਪਹੁੰਚ ਜਾਂਦਾ ਹੈ ਅਤੇ ਚਿਹਰੇ ਤੇ ਨਿੰਮੀ ਜਿਹੀ ਮੁਸਕਾਨ ਛੱਡ ਜਾਂਦਾ ਹੈ।

    3. ਸੁਰਜੀਤ- ਆਪਣੀ ਵਿਦਿਅਕ ਯੋਗਤਾ ਅਤੇ ਕਿੱਤੇ ਬਾਰੇ ਵੀ ਵਿਸਤਾਰ ਸਹਿਤ ਸਾਂਝਾ ਕਰੋ।

  ਸੰਨੀ– ਮੈਂ ਛੇਵੀਂ ਜਮਾਤ ਤੱਕ ਧੂੜਕੋਟ ਰਣਸੀਂਹ ਹਾਈ ਸਕੂਲ ਵਿੱਚ ਪੜ੍ਹਿਆ। ਛੋਟੀਆਂ ਕਲਾਸਾਂ ਵਿੱਚ ਬੈਠਣ ਲਈ ਅਸੀਂ ਆਪਣੀ ਖ਼ਾਦ ਦੀ ਖ਼ਾਲੀ ਹੋਈ ਬੋਰੀ ਸਕੂਲ ਲੈ ਕੇ ਜਾਂਦੇ ਹੁੰਦੇ ਸੀ। ਫ਼ੇਰ ਪੰਜਵੀਂ ਜਮਾਤ ਵਿੱਚ ਸਾਨੂੰ ਤੱਪੜ ਮਿਲ ਗਏ। ਡੈਡੀ ਜੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਪ੍ਰੋਫੈਸਰ (1969-70) ਲੱਗਣ ਕਾਰਨ, ਸਾਰਾ ਪਰਿਵਾਰ ਅੰਮ੍ਰਿਤਸਰ ਆ ਗਿਆ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਮੈਂ ਖਾਲਸਾ ਕਾਲਜ ਹਾਇਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਿਆ। ਅਗਲੀ ਪੜ੍ਹਾਈ, B. Sc. (Hons) and M. Sc (Hons) in Physics, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ ਤੋਂ ਕੀਤੀ। ਯੂਨੀਵਰਸਿਟੀ ਵਿੱਚੋਂ ਫਸਟ, ਸੈਕਿੰਡ, ਥਰਡ ਪੁਜ਼ੀਸ਼ਨਾਂ ਵੀ ਲੈ ਦੇਖੀਆਂ। ਖੇਡਾਂ ਵਿੱਚ ਵੀ ਮੈਂ ਬਹੁਤ ਚੰਗਾ ਸੀ। ਮੈਂ ਯੂਨੀਵਰਸਿਟੀ ਕੈਂਪਸ ਵਿੱਚ ਬੈਸਟ ਪਲੇਅਰ ਚੁਣਿਆ ਗਿਆ ਸੀ। ਬਿਜਨਿਸ ਐਡਮਿੰਨਸਟ੍ਰੇਸ਼ਨ (ਰੈਡ ਰਿਵਰ ਕਾਲਜ), ਬੀ. ਐਂਡ. ਅਤੇ ਪੀ. ਬੀ. ਡੀ. ਈ. ਦੀਆਂ ਡਿਗਰੀਆਂ ਮੈਂ ਯੂਨੀਵਰਸਿਟੀ ਆਫ਼ ਮੈਨੀਟੋਬਾ, ਕਨੇਡਾ ਤੋਂ ਕੀਤੀਆਂ । ਇੱਥੇ ਵੀ ਯੂਨੀਵਰਸਿਟੀ ਵਿੱਚੋਂ ਫ਼ਸਟ, ਸੈਕਿੰਡ ਪੁਜ਼ੀਸ਼ਨਾਂ ਅਤੇ ਸਕਾਲਰਸ਼ਿਪ ਲਏ।

4. ਸੁਰਜੀਤ – ਵਾਹ! ਤੁਸੀਂ ਤਾਂ ਦੇਸ ਵਿੱਚ ਹੀ ਬਹੁਤ ਉੱਚ ਵਿਦਿਆ ਹਾਸਿਲ ਕੀਤੀ ਫੇਰ ਕੈਨੇਡਾ ਆਉਣ ਦਾ ਸਬੱਬ ਕਿਵੇਂ ਬਣਿਆ? ਇੱਥੋਂ ਦਾ ਸਫ਼ਰ ਕਿਵੇਂ ਦਾ ਰਿਹਾ? ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ?

ਸੰਨੀ- ਮੈਂ ਮਾਸਟਰਜ਼ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀਐੱਚ. ਡੀ. ਕਰਦਾ ਸੀ ਅਤੇ PAU ਵਿੱਚ ਮੈਨੂੰ ਫਿਜ਼ਿਕਸ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ ਸੀ। ਮੇਰਾ ਭਵਿੱਖ ਬਹੁਤ ਵਧੀਆ ਸੀ। ਪਰ ਮੇਰੇ ਡੈਡੀ ਜੀ ਬਹੁਤ ਇਮਾਨਦਾਰ ਅਫ਼ਸਰ, ਪ੍ਰੋਫੈਸਰ, ਰਜਿਸਟਰਾਰ, ਕੰਟਰੋਲਰ ਆਫ਼ ਇਗਜਾਮੀਨੇਸ਼ਨ, ਡੀਨ ਸਨ। ਇਮਾਨਦਾਰ ਹੋਣ ਕਰਕੇ ਮੇਰੇ ਡੈਡੀ ਜੀ ਕੋਲ, ਨਾ ਕੋਈ ਸਕੂਟਰ, ਨਾ ਕਾਰ, ਨਾ ਪਲਾਟ, ਨਾ ਕੋਠੀ, ਨਾ ਕੋਈ ਪੈਨਸ਼ਨ, ਕੁਝ ਵੀ ਨਹੀਂ ਸੀ। ਉਹ ਆਪਣੀ ਤਨਖ਼ਾਹ ਵਿੱਚੋਂ ਗਰੀਬ ਵਿਦਿਆਰਥੀਆਂ ਦੀ ਮੱਦਦ ਕਰ ਦਿੰਦੇ, ਕਿਉਂਕਿ ਉਨ੍ਹਾਂ ਨੂੰ ਫੀਸਾਂ ਨਾ ਹੋਣ ਕਰਕੇ ਦਸਵੀਂ ਤੋਂ ਬਾਅਦ ਸੱਤ ਸਾਲ ਖੇਤੀਬਾੜੀ ਕਰਨੀ ਪਈ ਸੀ। ਫਿਰ ਮੈਂ ਸੋਚਿਆ ਕਿ ਕਨੇਡਾ ਜਾਇਆ ਜਾਵੇ ਅਤੇ ਉਨ੍ਹਾਂ ਨੂੰ ਉੱਥੇ ਸੱਦਿਆ ਜਾਵੇ। ਸੋ ਕਨੇਡਾ ਆਉਣ ਦਾ ਮੇਰਾ ਸਬੱਬ ਇਸ ਤਰ੍ਹਾਂ ਬਣਿਆ। ਇਮਾਨਦਾਰੀ ਦੀ ਕੀਮਤ ਬਹੁਤ ਚੁਕਾਉਣੀ ਪਈ। ਮੇਰੇ ਨਾਲ ਦੇ ਸਾਥੀ ਪੰਜਾਬ ਵਿੱਚੋਂ VC, Dean ਵਰਗੇ ਅਹੁਦਿਆਂ ਤੋਂ ਰੀਟਾਇਰ ਹੋਏ ਹਨ ਪਰ ਮੈਨੂੰ ਕੋਈ ਅਫ਼ਸੋਸ ਨਹੀਂ। ਕਨੇਡਾ ਆ ਕੇ ਖਾਧੇ ਧੱਕਿਆ ਨੇ ਬਹੁਤ ਕੁਝ ਨਵਾਂ ਸਿਖਾਇਆ, ਜੋ ਬੰਦਾ ਪੰਜਾਬ ਵਿੱਚ ਨਹੀਂ ਸਿੱਖਦਾ। ਕਨੇਡਾ ਦਾ ਸਫ਼ਰ ਪਹਿਲਾਂ ਪਹਿਲਾਂ ਤਾਂ ਬਹੁਤ ਔਖਾ ਸੀ। ਕੋਈ ਵੀ ਚੰਗਾ ਮਾੜਾ ਕੰਮ ਨਹੀਂ ਮਿਲਦਾ ਸੀ। ਇਸ ਯੁੱਧ ਵਿੱਚ ਕਈ ਵਾਰ ਡਿੱਗੇ, ਫਿਰ ਕੱਪੜੇ ਝਾੜ ਕੇ ਖੜ੍ਹੇ ਹੋਏ। ਮੈਂ ਸਾਡੇ ਪਰਿਵਾਰ ਵਿੱਚੋਂ ਪਹਿਲਾ ਵਿਅਕਤੀ ਕਨੇਡਾ ਆਇਆ ਹੋਣ ਕਰਕੇ ਸਭ ਨੂੰ ਕਨੇਡਾ ਸੱਦਣ ਦਾ, ਨਾਲ਼ ਰੱਖਣ ਦਾ, ਸੈਟਲ ਕਰਨ ਦਾ ਭਾਰ ਵੀ ਮੇਰੇ ਕਮਜ਼ੋਰ ਮੋਢਿਆਂ ਨੂੰ ਢੋਣਾ ਪਿਆ । ਬੱਸ, ਇਸੇ ਸਿਲਸਿਲੇ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਵਾਲ਼ ਕਾਲ਼ਿਆਂ ਤੋਂ ਚਿੱਟੇ ਹੋ ਗਏ, ਤੇ ਚਿੱਟੇ ਵੀ ਗ਼ੁੱਸੇ ਹੋ ਕੇ ਕਿਧਰੇ ਗਾਇਬ ਹੋ ਗਏ। ਪ੍ਰਵਾਸ ਦੇ ਸ਼ੁਰੂਆਤੀ ਦੌਰ ਵਿੱਚ, ਕੈਸ਼ੀਅਰ, ਕਲਰਕ, ਰਿਸਰਚ ਐਸਿਸਟੈਂਟ ਦੀਆਂ ਨੌਕਰੀਆਂ ਕੀਤੀਆਂ। ਪਾਰਟ-ਟਾਈਮ ਟੈਕਸੀ ਚਲਾ ਕੇ ਯੂਨੀਵਰਸਿਟੀ ਪੜ੍ਹੇ। ਟੀਚਰ, ਟੀਚਰ-ਲਾਇਬ੍ਰੇਰੀਅਨ ਅਤੇ ਵਾਈਸ-ਪ੍ਰਿੰਸੀਪਲ ਵਜੋਂ ਵੀ ਜ਼ਿੰਮੇਵਾਰੀਆਂ ਨਿਭਾਈਆਂ। ਮੈਂ ਕਨੇਡਾ ਵਿੱਚ ਪਹਿਲਾ ਭਾਰਤੀ ਹਾਂ, ਜਿਹੜਾ ਹਾਈ ਸਕੂਲ ਵਿੱਚ ਟੀਚਰ-ਲਾਇਬ੍ਰੇਰੀਅਨ ਬਣਿਆਂ। ਮੈਂ ਹਾਈ ਸਕੂਲ ਵਿੱਚ ਪੜ੍ਹਾਉਂਦਿਆਂ ਸਕੂਲ ਦੀ ਬੈਡਮਿੰਟਨ ਟੀਮ ਦੀ ਕੋਚਿੰਗ ਕੀਤੀ। ਮੈਂ ਕਨੇਡਾ ਵਿੱਚ ਪਹਿਲਾਂ ਭਾਰਤੀ ਹਾਂ ਜਿਸ ਦੀ ਟੀਮ ਨੇ ਪੰਜ ਵਾਰ ਸਿਟੀ ਚੈਂਪੀਅਨਸ਼ਿਪ ਜਿੱਤੀ। ਸਟੇਟ ਪੱਧਰ ‘ਤੇ ਵੀ ਬਹੁਤ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ। ਮੈਂ NDP ਪਾਰਟੀ ਵੱਲੋਂ M. L. A. ਦੀ ਚੋਣ ਵੀ ਲੜੀ। ਬਹੁਤ ਥੋੜ੍ਹੀਆਂ ਵੋਟਾਂ ਨਾਲ ਹਾਰ ਗਿਆ। ਮੈਂ ਵਾਲੰਟੀਅਰ ਕੰਮ ਵੀ ਬਹੁਤ ਕੀਤੇ ਅਤੇ ਹੁਣ ਵੀ ਕਰ ਰਿਹਾ ਹਾਂ। ਬੱਸ, ਇਸ ਤਰ੍ਹਾਂ ਹੀ ਕੱਛੂ-ਕੁੰਮੇ ਵਾਂਗ ਹੌਲ਼ੀ- ਹੌਲ਼ੀ ਜ਼ਿੰਦਗੀ ਚਲਦੀ ਰਹੀ ਅਤੇ ਜਾਰੀ ਹੈ।

5. ਸੁਰਜੀਤ- ਤੁਸੀ ਕਵਿਤਾ ਵੱਲ ਕਿਵੇਂ ਅਤੇ ਕਦੋਂ ਰੁਚਿਤ ਹੋਏ ਤੇ ਇਸਦੀ ਪ੍ਰੇਰਨਾ ਕਿੱਥੋਂ ਮਿਲੀ?

ਸੰਨੀ– ਮੇਰੀ ਬੈਕਗਰਾਊਂਡ ਸਾਇੰਸ ਤੇ ਮੈਥ ਹੈ, ਮੈਂ ਪੰਜਾਬੀ ਤਾਂ ਸਿਰਫ਼ ਦਸਵੀਂ ਜਮਾਤ ਤੱਕ ਹੀ ਪੜ੍ਹੀ ਹੈ। ਮੇਰੇ ਡੈਡੀ ਜੀ ਬਹੁਤ ਵੱਡੇ ਲੇਖਕ ਸਨ, ਉਨ੍ਹਾਂ ਦੀਆਂ ਲਿਖਤਾਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਬਹੁਤ ਸਾਰੇ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਸਨ। ਮੇਰੇ ਡੈਡੀ ਅਤੇ ਮੰਮੀ ਵੀ ਮੈਨੂੰ ਲਿਖਣ ਲਈ ਕਹਿੰਦੇ । ਪਹਿਲਾਂ ਪਹਿਲ ਮੈਂ ਪੰਜ ਕੁ ਪੰਜਾਬੀ ਦੀਆਂ ਕਹਾਣੀਆਂ ਲਿਖੀਆਂ, ਜਿਹੜੀਆਂ ਕਨੇਡਾ, ਅਮਰੀਕਾ, ਇੰਗਲੈਂਡ, ਭਾਰਤ ਦੇ ਪੇਪਰਾਂ ਤੇ ਮੈਗਜ਼ੀਨਾਂ ਵਿੱਚ ਛਪੀਆਂ। ਮੈਨੂੰ ਥੋੜ੍ਹਾ ਹੌਸਲਾ ਹੋਇਆ। ਮੇਰੀ ਇੱਕ ਕਹਾਣੀ ਨੇ ਤਾਂ ਮੈਨੂੰ ਕਹਾਣੀਕਾਰ ਬਣਾ ਦਿੱਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਬਲਦੇਵ ਸਿੰਘ ਧਾਲੀਵਾਲ, ਜੋ ਪੰਜਾਬੀ ਕਹਾਣੀ ਦੇ ਬਾਬਾ ਬੋਹੜ ਸਮਝੇ ਜਾਂਦੇ ਹਨ, ਉਹ ਹਰ ਸਾਲ ਪੰਜਾਬੀ ਦੀਆਂ ਬਿਹਤਰੀਨ ਕਹਾਣੀਆਂ ਦਾ ਲੇਖਾ ਜੋਖਾ ਕਰਦੇ ਹਨ। ਸੰਨ 2022 ਦੀਆਂ ਪੰਜਾਬੀ ਕਹਾਣੀਆਂ ਦੇ ਲੇਖੇ ਜੋਖੇ ਦੇ ਵਿੱਚ ਉਨ੍ਹਾਂ ਨੇ ‘ਸੰਨੀ ਧਾਲੀਵਾਲ ‘ ਦੀ ਕਹਾਣੀ “ ਮੌਮ ਆਈ ਐਮ ਸੌਰੀ” ਨੂੰ ਇਸ ਲਿਸਟ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਸੰਨੀ ਧਾਲੀਵਾਲ’ ਦੀ ਨਵੇਕਲੀ ਕਹਾਣੀ ਨੇ ਨਵੇਕਲ਼ੇ ਵਿਸ਼ੇ ਨੂੰ ਹੱਥ ਪਾਉਣ ਦਾ ਹੌਸਲਾ ਕਰਕੇ ਵਧੀਆ ਕਹਾਣੀ ਲਿਖੀ ਹੈ। ਮੇਰੀ ਕਵਿਤਾ ਲਿਖਣ ਵਾਲੇ ਪਾਸੇ ਆਉਣਾ ਤਾਂ ਇੱਕ ਐਕਸੀਡਿੰਟ ਹੀ ਹੈ। ਮੈਂ ਯੂਨੀਵਰਸਿਟੀ ਆਫ਼ ਮੈਨੀਟੋਬਾ ਪੜ੍ਹਦਾ ਸੀ। ਗੋਰਾ ਪ੍ਰੋਫ਼ੈਸਰ ਸਾਨੂੰ Educational Psychology ਪੜਾਉਂਦਾ ਸੀ। ਮੈਂ ਇਕੱਲਾ ਹੀ ਨਾਨ-ਵਾਈਟ ਵਿਦਿਆਰਥੀ ਸੀ, ਬਾਕੀ ਸਾਰੇ ਵਿਦਿਆਰਥੀ ਗੋਰੇ ਸਨ। ਇੱਕ ਦਿਨ ਉਹ ਕਲਾਸ ਵਿੱਚ ਆਇਆ, ਸਾਨੂੰ ਕਹਿੰਦਾ, “ਕੋਈ ਕਵਿਤਾ ਲਿਖੋ, ਕਿਸੇ ਵੀ ਵਿਸ਼ੇ ਤੇ ਲਿਖੋ”। ਮੈਨੂੰ ਤਾਂ ਪਸੀਨਾ ਆਉਣ ਲੱਗਿਆ। ਮੈਂ ਘੋਟਾ ਸਿਸਟਮ ਦੀ ਪਦਾਇਸ਼ ਸੀ, ਜਿੱਥੇ, ਪਿਆਸਾ ਕਾਂ, ਲਾਲਚੀ ਕੁੱਤਾ, ਦੋ ਬਿੱਲੀਆਂ ਤੇ ਬਾਂਦਰ ਆਦਿ ਨੂੰ ਘੋਟਾ ਲਵਾਇਆ ਜਾਂਦਾ ਸੀ। ਪੰਜਾਬ ਵਿੱਚ ਕਰੀਏਟਿਵਨੈੱਸ ਨੂੰ ਜੰਮਣ ਤੋਂ ਪਹਿਲਾਂ ਹੀ ਸਾੜ ਦੇਦੇਂ ਹਨ। ਪ੍ਰੋਫੈਸਰ ਵਿਦਿਆਰਥੀਆਂ ਦੀ ਕਰੀਏਟਿਵਨੈੱਸ ਦੇਖਣੀ ਚਾਹੁੰਦਾ ਸੀ। ਮੈਂ ਡਰਦੇ ਡਰਦੇ ਨੇ ਪੰਜਾਬੀ ਵਿੱਚ ਸੋਚ ਕੇ, ਅੰਗਰੇਜ਼ੀ ਵਿੱਚ ਕਵਿਤਾ ਲਿਖੀ। ਉਸ ਪ੍ਰੋਫੈਸਰ ਨੂੰ ਇੰਨੀ ਪਸੰਦ ਆਈ ਕਿ ਉਸਨੇ ਸਾਰੀ ਕਲਾਸ ਨੂੰ ਪੜ੍ਹ ਕੇ ਸੁਣਾਈ। ਫਿਰ ਕਲਾਸ ਤੋਂ ਬਾਅਦ ਮੇਰੇ ਇਕੱਲੇ ਨਾਲ ਗੱਲਬਾਤ ਕੀਤੀ ਅਤੇ ਮੈਨੂੰ ਕਿਹਾ ਕਿ ਮੈਂ ਲਿਖਿਆ ਕਰਾਂ। ਪਰ ਮੈਂ ਇਸ ਗੱਲਬਾਤ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਹ ਕਵਿਤਾ ਵੀ ਨਹੀਂ ਸਾਂਭੀ। ਇਹ ਗੱਲ ਕਨੇਡਾ ਦੇ ਸ਼ੁਰੂਆਤੀ ਸਾਲਾਂ ਦੀ ਹੈ। ਫਿਰ ਪੰਜ ਸਾਲ ਪਹਿਲਾਂ ਦਿੱਲੀ ਕਿਸਾਨਾਂ ਦੇ ਮੋਰਚੇ ਬਾਰੇ ਮੈਂ ਕੁਝ ਅੰਗਰੇਜ਼ੀ ਵਿੱਚ ਕਵਿਤਾਵਾਂ ਲਿਖੀਆਂ ਤੇ ਫੇਸਬੁਕ ਤੇ ਸਾਂਝੀਆਂ ਕੀਤੀਆਂ। ਮੈਂ ਸੋਚਦਾ ਸੀ ਕਿ ਸਾਡੇ ਵੈਸਟਰਨ ਦੇਸ਼ਾਂ ਵਿੱਚ ਰਹਿੰਦੇ ਬੱਚਿਆਂ ਨੂੰ ਵੀ ਮੋਰਚੇ ਅਤੇ ਮੰਗਾਂ ਬਾਰੇ ਪਤਾ ਲੱਗੇ। ਇੱਕ ਦਿਨ ਡਾ. ਵਰਿਆਮ ਸਿੰਘ ਸੰਧੂ, ਕਹਾਣੀਕਾਰ ਜੀ ਦਾ ਮੈਨੂੰ ਫ਼ੋਨ ਆਇਆ ਕਿ ਮੈਂ ਇਹ ਕਵਿਤਾਵਾਂ ਪੰਜਾਬੀ ਵਿੱਚ ਵੀ ਲਿਖਾਂ। ਮੈਂ ਬੜੀ ਨਾਂਹ ਨੁੱਕਰ ਕੀਤੀ ਪਰ ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੈਂ ਅੱਜ ਕਈ ਬਾਰ ਸੋਚਦਾ ਹਾਂ ਕਿ ਉਨ੍ਹਾਂ ਨੇ ਮੇਰੀਆਂ ਕਵਿਤਾਵਾਂ ਵਿੱਚ ਉਹ ਦੇਖਿਆ ਜੋ ਆਮ ਵਿਅਕਤੀ ਨਹੀਂ ਦੇਖ ਸਕਦਾ । ਇਹ ਹੀ ਤਾਂ ਇੱਕ ਚੰਗੇ ਤੇ ਵਧੀਆਂ ਅਧਿਆਪਕ ਦੀ ਨਿਸ਼ਾਨੀ ਹੁੰਦੀ ਹੈ। ਦੂਸਰੇ ਸ. ਅਵਤਾਰ ਸਿੰਘ ਧਾਲੀਵਾਲ ਜੀ ਜੋ ਗੌਰਮਿੰਟ ਕਾਲਜ ਚੰਡੀਗੜ੍ਹ ਤੋਂ ਵਾਈਸ ਪ੍ਰਿੰਸੀਪਲ ਰੀਟਾਇਰ ਹੋਏ ਹਨ, ਪੰਜਾਬੀ ਦੇ ਵਧੀਆ ਲਿਖਾਰੀ ਵੀ ਹਨ, ਉਨ੍ਹਾਂ ਨੇ ਵੀ ਮੈਨੂੰ ਇਸ ਪਾਸੇ ਤੁਰਨ ਲਈ ਮੇਰੇ ਮੋਢੇ ਤੇ ਹੱਥ ਰੱਖਿਆ। ਸੋ ਇਸ ਤਰ੍ਹਾਂ ਪੰਜਾਬੀ ਦੀਆਂ ਕਵਿਤਾਵਾਂ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ। ਫਿਰ ਪਾਠਕਾਂ ਨੇ ਤਾਂ ਕੁਮਿੰਟਾਂ ਦਾ ਮੀਂਹ ਵਰਾ ਦਿੱਤਾ। ਹਜ਼ਾਰਾਂ ਪਾਠਕ ਮੇਰੀਆਂ ਕਵਿਤਾਵਾਂ ਪੜ੍ਹਨ ਲੱਗੇ, ਕੁਮਿੰਟ ਕਰਨ ਲੱਗੇ। ਪੰਜਾਬੀ ਦੇ ਮੈਗਜ਼ੀਨ ਅਤੇ ਅਖਬਾਰ ਮੇਰੀਆਂ ਕਵਿਤਾਵਾਂ ਦੀ ਪਾਠਕਾਂ ਵੱਲੋਂ ਹੁੰਦੀ ਸ਼ਲਾਘਾ, ਤਾਰੀਫ਼ ਤੇ ਪ੍ਰਸ਼ੰਸਾ ਦੇਖ ਕੇ ਮੇਰੇ ਫੇਸਬੁਕ ਪੇਜ ਤੋਂ ਚੱਕ ਕੇ ਮੇਰੀਆਂ ਕਵਿਤਾਵਾਂ ਛਾਪਣ ਲੱਗੇ। ਫਿਰ ਲੋਕ ਟੀ ਵੀ, ਰੇਡੀਓ ਤੇ ਪੜ੍ਹਨ ਲੱਗੇ, ਸੋਸ਼ਲ ਮੀਡੀਏ ਤੇ ਸਾਂਝੀਆਂ ਕਰਨ ਲੱਗੇ। ਹੁਣ ਤਾਂ ਮੇਰੀਆਂ ਕਵਿਤਾਵਾਂ ਤਕਰੀਬਨ ਪੰਜਾਬੀ ਦੇ ਸਾਰੇ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਛਪ ਰਹੀਆਂ ਹਨ। ਇਹ ਦੇਖ ਹੀ ਮੈਨੂੰ ਸੁਰਜੀਤ ਪਾਤਰ ਸਾਹਿਬ ਦਾ ਫ਼ੋਨ ਆਉਂਦਾ ਹੈ। ਬੜਾ ਪਿਆਰ ਤੇ ਹੌਸਲਾਂ ਦਿੰਦੇ ਹਨ।

6. ਸੁਰਜੀਤ- ਕਵਿਤਾ ਅਤੇ ਸੰਨੀ ਦਾ ਆਪਸ ਵਿਚ ਕੀ ਸੰਬੰਧ ਹੈ?

ਸੰਨੀ- ਬੜਾ ਔਖਾ ਸਵਾਲ ਹੈ। ਮੈਂ ਕਦੀ ਵੀ ਇਸ ਬਾਰੇ ਸੋਚਿਆ ਹੀ ਨਹੀਂ। ਮੇਰੀ ਕਵਿਤਾ ਅਤੇ “ਸੰਨੀ ਡੇਅ” ਦਾ ਵੀ ਉਹ ਸੰਬੰਧ ਹੈ ਜੋ ਇਮਾਨਦਾਰ ਬੁਆਏ ਅਤੇ ਗਰਲ ਫ਼ਰੈਡ ਦਾ ਹੁੰਦਾ ਹੈ। ਮੈਂ 200 ਦੇ ਨੇੜੇ ਕਵਿਤਾਵਾਂ ਲਿਖ ਚੁੱਕਿਆ ਹਾਂ। ਮੇਰੀ ਹਰ ਕਵਿਤਾ ਨੂੰ ਜਨਮ ਦੇਣ ਵਿੱਚ ਬਰਾਬਰ ਦੀ ਭੂਮਿਕਾ ਹੈ। ਜਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਹਿਲਾਂ ਮੈਂ ਆਪਣੇ ਆਪ ਨਾਲ ਗੱਲਾਂ ਕੀਤੀਆਂ, ਆਪਣੇ ਆਪ ਨੂੰ ਸਵਾਲ ਪੁੱਛੇ। ਮੇਰੀ ਕਵਿਤਾ ਲਿਖਣ ਦਾ ਪਹਿਲਾ ਮਕਸਦ ਸੀ ਕਿ ਇਹ ਹਰ ਪਾਠਕ ਨੂੰ ਸਮਝ ਜ਼ਰੂਰ ਲੱਗੇ, ਮੈਸਜ ਸੱਜਰੀ ਖੁਰੀ ਬਰਫ਼ ਦੇ ਪਾਣੀ ਵਾਂਗ ਕਲੀਅਰ ਹੋਵੇ। ਪੜ੍ਹਨ ਵਾਲੇ, ਸੁਣਨ ਵਾਲੇ ਅਤੇ ਹਰ ਇੱਕ ਮਨੁੱਖ ਲਈ ਜ਼ਿੰਦਗੀ ਵਿੱਚ “ਸੰਨੀ ਡੇਅ” ਜ਼ਰੂਰ ਆਵੇ। ਜੇ ਮੈਂ ਇਹ ਨਹੀਂ ਕਰ ਸਕਾਂ ਤਾਂ ਮੈਂ ਕਵਿਤਾ ਨਹੀਂ ਲਿਖਣੀ ਹੋਰ ਬਹੁਤ ਹਨ ਜੋ ਲਿਖ ਰਹੇ ਹਨ। ਉਸ ਕਵਿਤਾ ਦਾ ਕੀ ਲਿਖਣਾ ਜਿਸਨੂੰ ਪਾਠਕ ਹੀ ਨਾ ਲੱਭੇ।

7. ਸੁਰਜੀਤ– ਤੁਸੀਂ ਬਹੁਤ ਸਾਰੇ ਵਿਸ਼ਿਆਂ ’ਤੇ ਕਵਿਤਾ ਲਿਖਦੇ ਹੋ, ਕਿਉਂ?

ਸੰਨੀ -ਮੈਂ ਕਦੀ ਵੀ ਕਵਿਤਾ ਲਿਖਣ ਲਈ ਨਹੀਂ ਸੋਚਦਾ ਇਹ ਤਾਂ ਆਪ ਹੀ ਮੇਰਾ ਬੂਹਾ ਖੜਕਾਉਂਦੀ ਹੈ, ਅੰਦਰ ਆਉਂਦੀ ਹੈ, ਮੇਰੇ ਹੱਥ ਕਲਮ ਫੜਾਉਂਦੀ ਹੈ, ਪੇਪਰ ਤੇ ਪਾਣੀ ਵਾਂਗ ਸ਼ਾਂਤ ਤੁਰਨ ਲੱਗਦੀ ਹੈ। ਮੇਰੀਆਂ ਕਵਿਤਾਵਾਂ ਵਿੱਚ ਹਰ ਤਰ੍ਹਾਂ ਦੇ ਵਿਸ਼ੇ ਹੀ ਮਿਲਦੇ ਹਨ। ਮੈਂ ਕਦੀ ਵੀ ਕੋਈ ਵਿਸ਼ਾ ਸੋਚ ਕੇ ਕਵਿਤਾ ਨਹੀਂ ਲਿਖਦਾ। ਮੈਂ ਤਾਂ ਜੋ ਦੇਖਦਾ ਹਾਂ, ਜੋ ਸੁੰਘਦਾ ਹਾਂ, ਜੋ ਸੁਣਦਾ ਹਾਂ, ਜੋ ਅਨੁਭਵ ਕਰਦਾ ਹਾਂ, ਜੋ ਮੈਨੂੰ ਚੂੰਢੀਆਂ ਵੱਢਦਾ ਹੈ, ਜੋ ਮੇਰੀ ਨੀਂਦ ਖੋਹ ਕੇ ਲੈ ਜਾਂਦਾ, ਬੱਸ ਉਹ ਹੀ ਲਿਖਦਾ ਹਾਂ।

8. ਸੁਰਜੀਤ-ਕੀ ਤੁਸੀਂ ਸਮਝਦੇ ਹੋ ਕਿ ਕਵਿਤਾ ਸਮਾਜ ਵਿਚ ਕੋਈ ਪਰਿਵਰਤਨ ਲਿਆ ਸਕਦੀ ਹੈ?

ਸੰਨੀ– ਬਿਲਕੁਲ ਜੀ, ਕੋਈ ਵੀ ਲਿਖਤ ਕਿਸੇ ਵੀ ਵਿਧਾ, ਬੋਲੀ ਵਿੱਚ ਹੋਵੇ, ਚੰਗੀ ਹੋਵੇ, ਸਬਕ ਸਿਖਾਉਂਦੀ ਹੋਵੇ, ਉਹ ਹਰ ਇੱਕ ਵਿੱਚ ਪਰਿਵਰਤਨ ਤਾਂ ਨਹੀਂ ਲਿਆ ਸਕਦੀ, ਪਰ ਕੁਝ ਲੋਕਾਂ, ਪਾਠਕਾਂ ਵਿੱਚ ਜ਼ਰੂਰ ਪਰਿਵਰਤਨ ਲੈ ਕੇ ਆਉਂਦੀ ਹੈ। ਖ਼ਾਸ ਕਰ ਵੈਸਟਰਨ ਦੇਸ਼ਾਂ ਵਿੱਚ ਲੋਕ ਜਲਦੀ ਸਿੱਖਦੇ ਹਨ।

9. ਸੁਰਜੀਤ – ਤੁਸੀਂ ਕੈਨੇਡਾ ਰਹਿ ਕੇ ਲਗਾਤਾਰ ਸਿਰਜਨਾ ਕਰ ਰਹੇ ਹੋ। ਹੁਣ ਤੱਕ ਤੁਹਾਡੀਆਂ ਕਿੰਨੀਆਂ ਪੁਸਤਕਾਂ ਛਪ ਚੁੱਕੀਆਂ ਹਨ? ਆਪਣੀਆਂ ਪੁਸਤਕਾਂ ਬਾਰੇ ਵਿਸਤਾਰ ਵਿਚ ਸਾਨੂੰ ਕੁਝ ਦੱਸੋ।

ਸੰਨੀ – ਕਹਾਣੀਆਂ ਦੀ ਸੰਪਾਦਿਤ ਕਿਤਾਬ, “ਹੁੰਗਾਰਾਂ ਕੌਣ ਭਰੇ” ਵਿੱਚ ਮੇਰੀਆਂ ਚਾਰ ਕਹਾਣੀਆਂ ਹਨ। ਚਾਰ ਪੰਜ ਕਵਿਤਾਵਾਂ ਦੀਆਂ ਕਿਤਾਬਾਂ ਹੋਰ ਲੇਖਕਾਂ ਵੱਲੋਂ ਸੰਪਾਦਿਤ ਕੀਤੀਆਂ ਗਈਆਂ ਹਨ ਉਨ੍ਹਾਂ ਨੇ ਮੇਰੀਆਂ ਕਵਿਤਾਵਾਂ ਆਪਣੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਦੋ ਕਵਿਤਾਵਾਂ ਦੀਆਂ ਕਿਤਾਬਾਂ ਨਿਰੋਲ ਮੇਰੀਆਂ ਆਪਣੀਆਂ ਹਨ। “ਖ਼ਾਲੀ ਆਲ੍ਹਣਾ” (ਮਾਰਚ 2023) ਅਤੇ “ਕੰਮੀਆਂ ਦੀ ਕੁੜੀ” (ਜਨਵਰੀ 2024) ਕਿਤਾਬਾਂ ਪੰਜਾਬ ਵਿੱਚ ਵਿੱਕ ਚੁੱਕੀਆਂ ਹਨ। ਇਨ੍ਹਾਂ ਕਿਤਾਬਾਂ ਦੀ ਵਿੱਕਰੀ ਵਿੱਚੋਂ ਮੈਂ ਇੱਕ ਵੀ ਪੈਸਾ ਨਹੀਂ ਲਿਆ ਉਹ ਪੈਸਾ ਗਰੀਬ ਕੁੜੀ ਨੂੰ ਪੜ੍ਹਨ ਲਈ ਦਿੱਤਾ ਗਿਆ। ਨਵੇਂ ਪਾਠਕ ਅਜੇ ਵੀ ਫ਼ੋਨ ਕਰਕੇ ਕਿਤਾਬਾਂ ਖ਼ਰੀਦਣ ਲਈ ਪੁੱਛਦੇ ਹਨ। ਦੋ ਨਵੀਆਂ ਕਿਤਾਬਾਂ; ਇੱਕ ਪੰਜਾਬੀ ਅਤੇ ਇੱਕ ਅੰਗਰੇਜ਼ੀ ਕਵਿਤਾਵਾਂ ਦੀਆਂ ਕਿਤਾਬਾਂ ਛਪਾਈ ਲਈ ਤਿਆਰ ਹਨ।

10. ਸੁਰਜੀਤ– ਤੁਸੀਂ ਆਪਣੀਆਂ ਕਵਿਤਾਵਾਂ ਵਿੱਚ ਸਮਾਜ ਵਿਚਲੀਆਂ ਬਹੁਤ ਸਾਰੀਆਂ ਕੁਰੀਤੀਆਂ ’ਤੇ ਉਂਗਲ ਧਰੀ ਹੈ, ਕੈਨੇਡਾ ਵਿਚ ਆਏ ਪੰਜਾਬੀ ਇਮੀਗਰਾਂਟਾਂ ਬਾਰੇ ਕੀ ਕਹਿਣਾ ਚਾਹੋਗੇ?

ਸੰਨੀ- ਤੁਹਾਡਾ ਸਵਾਲ ਅੱਜ ਕੱਲ ਦੇ ਹਾਲਾਤਾਂ ਦੇ ਮੁਤਾਬਕ ਬਹੁਤ ਹੀ ਢੁਕਵਾਂ ਹੈ ਅਤੇ ਬੜਾ ਗੁੰਝਲਦਾਰ ਵੀ ਹੈ । ਬਹੁਤੇ ਪੰਜਾਬੀ ਤਾਂ ਇੱਥੇ ਚੰਗੀ ਜ਼ਿੰਦਗੀ ਲਈ ਆਉਂਦੇ ਹਨ, ਬਹੁਤ ਮਿਹਨਤ ਕਰਦੇ ਹਨ। ਪਰ ਪਿਛਲੇ ਕੁੱਝ ਸਾਲਾਂ ਵਿੱਚ ਕਨੇਡਾ ਆਉਣਾ ਥੋੜ੍ਹਾ ਸੌਖਾ ਹੋ ਗਿਆ ਜਿਸ ਕਰਕੇ ਵਧੀਆ ਲੋਕਾਂ ਦੇ ਨਾਲ ਘਟੀਆ ਲੋਕ ਵੀ ਕਾਫ਼ੀ ਆ ਗਏ। ਮਾੜੇ ਅਨਸਰਾਂ ਨੇ ਤਾਂ ਆਪਣਾ ਰੰਗ ਵਿਖਾਉਣਾ ਹੀ ਹੈ ਪਰ ਚੰਗੇ ਪੰਜਾਬੀ ਜਾਂ ਭਾਰਤੀ ਕਹਿ ਲਉ ਵੀ ਥੋੜਾ ਜਿਹਾ ਸੈਟਲ ਹੋਣ ਤੋਂ ਬਾਅਦ ਰੀਤੀ ਰਿਵਾਜ, ਹੇਰਾਫੇਰੀ, ਰਿਸ਼ਵਤ ਖੋਰੀ, ਮਾੜਾ ਸਭਿਆਚਾਰ, ਧਰਮ, ਪਾਖੰਡ, ਨਸਲਵਾਦ ਆਦਿ ਨੂੰ ਪੰਡਾਂ ਬੰਨ ਕੇ ਇੱਥੇ ਲੈ ਆਉਂਦੇ ਹਨ। ਉਨ੍ਹਾਂ ਨੂੰ ਚੰਗੀ ਰੋਟੀ ਮਿਲਣ ਤੋਂ ਬਾਅਦ ਇਹ ਭੁੱਲ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨੇ ਤਾਂ ਸਾਨੂੰ ਆਪਣੇ ਦੇਸ਼, ਮਾਂ-ਪਿਉ, ਭੈਣ-ਭਰਾਵਾਂ ਤੋਂ ਦੂਰ ਭੱਜਣ ਲਈ ਵਿਗਾਨੇ ਦੇਸ਼ ਵਿੱਚ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ ਸੀ। ਹੁਣ ਉਹ ਹੀ ਲੋਕ ਕਨੇਡਾ ਨੂੰ ਗੰਦਾ ਕਰ ਰਹੇ ਹਨ। ਜਿਹੜੀ ਬਹੁਤ ਹੀ ਘਟੀਆ ਤੇ ਮਾੜੀ ਸੋਚ ਹੈ। ਇਸੇ ਕਰਕੇ ਬਹੁਤੇ ਇੱਥੇ ਜੰਮੇ ਭਾਰਤੀ ਬੱਚੇ ਵੀ ਕਨੇਡੀਅਨ ਲੋਕਾਂ ਵਾਂਗ ਆਪਣੇ ਹੀ ਲੋਕਾਂ ਨੂੰ ਪਸੰਦ ਨਹੀਂ ਕਰਦੇ। ਬੱਚੇ ਗੈਟੋ ਵਿੱਚ ਰਹਿਣਾ ਪਸੰਦ ਨਹੀਂ ਕਰਦੇ ।

11. ਸੁਰਜੀਤ – ਦੇਸ ਵਿਚ ਰਚੀ ਜਾਂਦੀ ਕਵਿਤਾ ਅਤੇ ਕੈਨੇਡੀਅਨ ਪੰਜਾਬੀ ਕਵਿਤਾ ਵਿਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਹੈ ਭਾਵ ਕਿ ਇੱਥੋਂ ਦੇ ਸਾਹਿਤ ਨੂੰ ਤੁਸੀਂ ਕਿੱਥੇ ਖੜਾ ਵੇਖਦੇ ਹੋ?

ਸੰਨੀ-  ਬਹੁਤ ਵਧੀਆ ਸੁਆਲ ਹੈ! ਅੱਜ ਕੱਲ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਜੇ ਤੁਸੀਂ ਇੱਥੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜਾਉ ਤਾਂ ਵਿਦਿਆਰਥੀ ਤੁਹਾਨੂੰ ਪਹਿਲਾ ਸੁਆਲ ਇਹ ਪੁੱਛਦੇ ਹਨ ਕਿ ਇਹ ਪੜ੍ਹਨ ਦਾ ਮੈਨੂੰ ਕੀ ਫ਼ਾਇਦਾ ਹੋਵੇਗਾ। ਮਤਲਬ ਉਹ ਜਾਨਣਾ ਚਾਹੁੰਦੇ ਹਨ ਇਸ ਵਿੱਚ ਮੇਰੇ ਸਿੱਖਣ ਲਈ ਕੀ ਹੈ, ਇਹ ਸਿੱਖ ਕੇ ਮੈਨੂੰ ਕੀ ਫ਼ਾਇਦਾ ਹੋਵੋਗਾ। ਪੰਜਾਬ ਵਿੱਚ ਬਹੁਤ ਲੇਖਕ, ਵਕਤ ਦੇ ਨਾਲ ਬਦਲਦੇ ਨਹੀਂ, ਦੁਨੀਆ ਦੇ ਹੋਰ ਲੇਖਕਾਂ ਨੂੰ ਪੜ੍ਹਦੇ ਨਹੀਂ, ਉਨ੍ਹਾਂ ਨੂੰ ਦੁਨੀਆ ਦੇ ਬਾਰੇ ਬਹੁਤੀ ਵਾਕਫ਼ੀਅਤ ਨਹੀਂ ਹੁੰਦੀ। ਉਨਾਂ ਦੀਆਂ ਲਿਖਤਾਂ ਮੋਗੇ, ਬਠਿੰਡੇ, ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲਦੀਆਂ । ਮਤਲਬ ਉਹਨਾਂ ਦੀਆਂ ਉਗਲਾਂ ਅਜੇ ਵੀ ਰੋਟਰੀ ਫੋਨ ਵਿੱਚ ਹੀ ਫਸੀਆਂ ਰਹਿੰਦੀਆਂ ਹਨ। ਵਕਤ ਨਾਲ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਖੜ੍ਹੇ ਪਾਣੀ ਵਾਂਗ ਤੁਹਾਡੀਆਂ ਲਿਖਤਾਂ ਚੋਂ ਵੀ ਬੋਅ ਮਾਰਨ ਲੱਗ ਜਾਂਦੀ ਹੈ। ਅੱਜ ਕੱਲ ਦਾ ਸੂਝਵਾਨ ਪਾਠਕ ਪੁੱਛਦਾ ਹੈ ਕਿ ਮੈਨੂੰ ਤੇਰੀ ਲਿਖਤ ਪੜ੍ਹ ਕੇ ਕੀ ਮਿਲਿਆ, ਜਾਂ ਮੇਰੀ ਰੋਜ਼ਾਨਾ ਜ਼ਿੰਦਗੀ ਨੂੰ ਇਸ ਦਾ ਕੀ ਫਾਇਦਾ ਹੋਇਆ, ਮੈਨੂੰ ਕੀ ਮੈਸ਼ਜ ਮਿਲਿਆ । ਬਾਕੀ ਬਹੁਤੇ ਪੰਜਾਬੀ ਲੇਖਕਾਂ ਦਾ ਇੱਕੋ ਹੀ ਟੀਚਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਗੰਢ ਤੁੱਪ ਕਰਕੇ ਕਿਸੇ ਛੋਟੀ ਵੱਡੀ ਸਹਿਤ ਸਭਾ ਤੋਂ ਘਟੀਆ ਜਿਹੀ ਸ਼ਾਲ ਜਾਂ ਲੋਈ ਲੈਣੀ। ਕਈ ਲੇਖਕ ਤਾਂ ਇਸ ਦੇ ਪੈਸੇ ਵੀ ਆਪਣੀ ਜੇਬ ਵਿੱਚੋਂ ਦੇ ਦੇਦੇ ਹਨ। ਬਾਹਰਲੇ ਦੇਸ਼ਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਲੇਖਕ ਨੂੰ ਸਿਰਫ਼ ਪਾਠਕ ਹੀ ਬਣਾਉਂਦੇ ਹਨ। ਇੱਥੇ ਬੁੱਕ ਕਲੱਬ ਤਾਂ ਮਿਲ ਜਾਂਦੇ ਹਨ ਪਰ ਸਾਹਿਤ ਸਭਾਵਾਂ ਨਹੀਂ ਹਨ ਅਤੇ ਨਾ ਹੀ ਰਿਉੜੀਆਂ ਵਾਂਗ ਅਵਾਰਡ, ਸਨਮਾਨ ਵੰਡੇ ਜਾਂਦੇ ਹਨ। ਪੰਜਾਬ ਵਿੱਚ ਤਾਂ ਇੱਟ ਚੁੱਕੇ ਤੋਂ ਤੁਹਾਨੂੰ ਸਾਹਿਤ ਸਭਾ ਮਿਲ ਜਾਂਦੀ ਹੈ। ਵੱਡੀਆਂ ਸਾਹਿਤ ਸਭਾਵਾਂ ਦੇ ਪ੍ਰਧਾਨ ਬਣਨ ਲਈ ਲੱਖਾਂ ਰੁਪਿਆ ਖਰਚਦੇ ਹਨ। ਹਰ ਕੋਈ ਜਿਸ ਨੂੰ ਚਾਹੇ ਅਵਾਰਡ, ਸਨਮਾਨ ਦੇਈ ਜਾਂਦਾ ਹੈ। ਪਾਠਕ ਵਿਚਾਰਾ ਕਨਫਿਊਜ ਹੋ ਜਾਂਦਾ ਹੈ। ਪਾਠਕਾਂ ਨੂੰ ਕੋਈ ਨਹੀਂ ਪੁੱਛਦਾ ਕਿ ਤੁਹਾਨੂੰ ਕੀ ਪਸੰਦ ਹੈ, ਤੁਸੀਂ ਕੀ ਪੜ੍ਹਨਾ ਚਾਹੁੰਦੇ ਹੋ, ਤੁਹਾਡੀਆਂ ਤਕਲੀਫ਼ਾਂ ਕੀ ਹਨ, ਕਿਹੜੇ ਵਿਸ਼ੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਇਹ ਵੀ ਇੱਕ ਬਹੁਤ ਵੱਡਾ ਕਾਰਣ ਹੈ ਕਿ ਪੰਜਾਬ ਵਿੱਚ ਕਿਤਾਬਾਂ ਬਹੁਤ ਘੱਟ ਵਿਕਦੀਆਂ ਹਨ।

12.
ਸੁਰਜੀਤ– ਅੱਜਕੱਲ ਪੰਜਾਬੀ ਵਿੱਚ ਜੋ ਕਵਿਤਾ ਲਿਖੀ ਜਾ ਰਹੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ?

ਸੰਨੀ- ਬੜ੍ਹਾ ਗੁੰਝਲਦਾਰ ਸਵਾਲ ਹੈ। ਚੰਗੀਆਂ ਕਵਿਤਾਵਾਂ ਵੀ ਲਿਖੀਆਂ ਜਾ ਰਹੀਆਂ ਹਨ। ਨਵੇਂ ਵਿਸ਼ੇ ਲਏ ਜਾ ਰਹੇ ਹਨ। ਲੋਕਾਂ ਦੀਆਂ ਤਕਲੀਫ਼ਾਂ ਬਾਰੇ ਵੀ ਲਿਖਿਆ ਜਾ ਰਿਹਾ ਹੈ। ਲੇਖਕ, ਲੋਕ ਕਵੀ ਬਣਨ ਨਾਲੋਂ ਰਾਜ ਕਵੀ ਬਣਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਕਿ ਅਵਾਰਡਾਂ ਅਤੇ ਸਨਮਾਨਾਂ ਦੀ ਮਲਾਈ ਤਾਂ ਉੱਥੋਂ ਹੀ ਮਿਲਣੀ ਹੈ। ਮੌਕੇ ਦੀਆਂ ਸਰਕਾਰਾਂ ਨੇ ਉਨ੍ਹਾਂ ਲੇਖਕਾਂ ਨੂੰ ਹੀ ਪ੍ਰਮੋਟ ਕਰਨਾ ਹੈ ਜੋ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ਅਤੇ ਸਰਕਾਰਾਂ ਜਾਂ ਸਰਮਾਏਦਾਰਾਂ ਦੇ ਗੁਣ ਗਾਉਂਦੇ ਹਨ। “ ਹੁਣ ਦਿਲ ਦਾ ਮਾਸ ਖਵਾਉਣ ਦੀ ਨਹੀਂ, ਦਿਲ ਵਟਾਉਣ ਦਾ ਮੌਕਾ ਹੈ”। ਹੁਣ ਲੁਕ ਕੇ ਵਾਰਸ਼ ਸ਼ਾਹ ਨੂੰ ਆਵਾਜ਼ਾਂ ਮਾਰਨ ਦਾ ਵਕਤ ਨਹੀਂ, ਹੁਣ ਤਾਂ ਆਪ ਕੁਝ ਕਰਕੇ ਰੋਲ ਮਾਡਲ ਬਣਨ ਦਾ ਮੌਕਾ ਹੈ। ਮੇਰਾ ਇੱਕ ਸ਼ੇਅਰ ਹੈ ਜੋ ਬਹੁਤੇ ਭਾਰਤੀ ਲੇਖਕਾਂ ਤੇ ਢੁੱਕਦਾ ਹੈ। “ ਅਵਾਰਡਾਂ, ਸਨਮਾਨਾਂ ਨੇ ਲੋਕ ਕਵੀ ਨੂੰ ਰਾਜ ਕਵੀ ਬਣਾ ਦਿੱਤਾ ।
ਮੂੰਹ ਤੇ ਜਿੰਦਰਾ ਲਾ ਕੇ, ਚਾਬੀ ਨੂੰ ਕਿਤੇ ਗੁਆ ਦਿੱਤਾ “

13. ਸੁਰਜੀਤ- ਪਾਠਕਾਂ ਅਤੇ ਅਲੋਚਕਾਂ ਵੱਲੋਂ ਤੁਹਾਨੂੰ ਆਪਣੀ ਕਵਿਤਾ ਦਾ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ? ਕੀ ਤੁਸੀਂ ਇਸ ਤੋਂ ਸੰਤੁਸ਼ਟ ਹੋ?

ਸੰਨੀ– ਪਾਠਕਾਂ ਅਤੇ ਆਲੋਚਕਾਂ ਵੱਲੋਂ ਬਹੁਤ ਹੀ ਭਰਪੂਰ ਅਤੇ ਭਰਵਾਂ ਹੁੰਗਾਰਾ ਮਿਲਿਆ ਅਤੇ ਅਜੇ ਵੀ ਜਾਰੀ ਹੈ। ਮੈਂ ਤਾਂ ਸਿਰਫ਼ ਆਪਣੇ ਯਾਰਾਂ ਦੋਸਤਾਂ ਦੇ ਨਾਲ ਹੱਸਣ ਖੇਡਣ ਲਈ, ਮਨ ਦੀ ਗੱਲ ਕਹਿਣ ਲਈ, ਕਿਸੇ ਵੀ ਚੀਜ਼ ਨੂੰ ਹੋਰ ਕੋਨ ਤੋਂ ਕਿਵੇ ਦੇਖਿਆ ਜਾਵੇ ਅਤੇ ਦੇਖਣਾ ਕਿੰਨਾ ਜ਼ਰੂਰੀ ਹੈ ਬਾਰੇ ਹੀ ਲਿਖਦਾ ਸੀ। ਫੇਸਬੁਕ ਤੇ ਮੇਰੀਆਂ ਕਵਿਤਾਵਾਂ ਅੱਗ ਵਾਂਗ ਫੈਲ ਗਈਆਂ। ਮੈਂ ਕਦੀ ਵੀ ਲੇਖਕ ਬਣਨ ਲਈ ਕੁੱਝ ਨਹੀਂ ਲਿਖਿਆ ਪਰ ਲੋਕਾਂ ਨੇ ਮੈਨੂੰ ਪਿਆਰ ਸਤਿਕਾਰ ਦੇ ਕੇ ਲੇਖਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਮੈਂ ਆਪਣੇ ਆਪ ਨੂੰ ਅਜੇ ਵੀ ਲੇਖਕ ਨਹੀਂ ਸਮਝਦਾ । ਹੋਰ ਬਹੁਤ ਕੁੱਝ ਹੈ ਮੇਰੇ ਸਿੱਖਣ ਲਈ । ਪਾਠਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਪਾਠਕ ਹੀ ਲੇਖਕ ਬਣਾਉਂਦੇ ਹਨ। ਪਾਠਕਾਂ ਤੋਂ ਬਿਨਾਂ ਦੁਨੀਆ ਵਿੱਚ ਕੋਈ ਲੇਖਕ ਨਹੀਂ ਬਣ ਸਕਦਾ। ਮੇਰੀਆਂ ਕਿਤਾਬਾਂ ਦੇ 10-12 ਰੀਵਿਊ ਹੋ ਚੁੱਕੇ ਹਨ ਇਹ ਪੰਜਾਬੀ ਦੇ ਮਸ਼ਹੂਰ ਲੇਖਕਾਂ, ਜੋ ਪੰਜਾਬ, ਕਨੇਡਾ, ਅਮਰੀਕਾ ਵਿੱਚ ਰਹਿੰਦੇ ਹਨ ਨੇ ਕੀਤੇ ਹਨ ਤੇ ਇਹ ਸਾਰੇ ਮਸ਼ਹੂਰ ਪੇਪਰਾਂ ਤੇ ਮੈਗਜ਼ੀਨਾਂ ਵਿੱਚ ਛਪੇ ਹਨ। ਸਾਰਿਆਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀ ਪੰਜਾਬੀ ਕਵਿਤਾ ਅਜੇ ਤੱਕ ਕਿਸੇ ਨੇ ਨਹੀਂ ਲਿਖੀ, ਇਸ ਦੀ ਬਹੁਤ ਲੋੜ ਸੀ। ਮੈਂਨੂੰ ਤਾਂ ਪੰਜਾਬ ਗਿਆ ਹੀ ਤਕਰੀਬਨ 15 ਸਾਲ ਹੋ ਗਏ ਹਨ ਮੈਂ ਅਜੇ ਤੱਕ ਇੱਕ ਦੋ ਨੂੰ ਛੱਡ ਕੇ ਕਿਸੇ ਰੀਵਿਊਅਰ ਜਾਂ ਸੰਪਾਦਕ ਨੂੰ ਨਹੀਂ ਮਿਲਿਆ। ਮੈਨੂੰ ਸੁਰਜੀਤ ਪਾਤਰ ਜੀ ਦੇ ਸੁਰਗਵਾਸ ਹੋਣ ਤੋਂ ਦੋ ਕੁ ਮਹੀਨੇ ਪਹਿਲਾਂ ਫ਼ੋਨ ਆਇਆ ਸੀ ਕਹਿੰਦੇ ਯਾਰ ਕਮਾਲ ਹੋਈ ਪਈ ਹੈ, ਹਰ ਪਾਸੇ ਸੰਨੀ ਸੰਨੀ ਹੋਈ ਪਈ ਹੈ। ਹਰ ਮੈਗਜ਼ੀਨ, ਪੇਪਰ ਵਿੱਚ ਤੇਰੀ ਕਵਿਤਾ ਹੁੰਦੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਿੱਖ ਰਿਹਾ ਹਾਂ। ਮੇਰੀਆਂ ਕਿਤਾਬਾਂ ਦੇ ਰੀਵਿਊ ਇਨ੍ਹਾਂ ਲੇਖਕਾਂ ਨੇ ਕੀਤੇ ਹਨ। ਡਾ. ਵਰਿਆਮ ਸਿੰਘ ਸੰਧੂ, ਅਵਤਾਰ ਸਿੰਘ ਧਾਲੀਵਾਲ, ਅਵਤਾਰ ਸਿੰਘ ਬਿਲਿੰਗ, ਇੰਦਰਜੀਤ ਕੌਰ ਸਿੱਧੂ ਸਰੀ, ਸੁਰਜੀਤ ਸਿੰਘ ਭੁੱਲਰ, ਜਸਵੀਰ ਰਾਣਾ ਕਹਾਣੀਕਾਰ, ਡਾ. ਧਰਮਪਾਲ ਸਾਹਿਲ, ਡਾ. ਪੁਸ਼ਪਵਿੰਦਰ ਕੌਰ ਖੋਖਰ, ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਦੇਵ ਸਿੰਘ ਝੰਡ, ਰਵਿੰਦਰ ਸਿੰਘ ਸੋਢੀ, ਡਾ. ਇਕਬਾਲ ਸਿੰਘ ਬਾਜਵਾ, ਜੋਗਿੰਦਰ ਸੰਘਾ, ਕੰਵਲ ਸੇਖੋਂ, ਸੁਰਿੰਦਰਜੀਤ ਚੌਹਾਨ, ਬਿੰਦਰ ਸਿੰਘ ਖੁੱਡੀ ਕਲਾਂ ਆਦਿ।

14. ਸੁਰਜੀਤ–  ਤੁਹਾਡੀਆਂ ਲਿਖਤਾਂ ਕਿਹੜੇ ਮੈਗਜ਼ੀਨਾਂ ‘ਤੇ ਪੇਪਰਾਂ ਵਿੱਚ ਛਪੀਆਂ ਹਨ, ਕੁਝ ਨਾਮ ਦੱਸੋ?

ਸੰਨੀ- ਮੈਂ ਇਸ ਗੱਲੋਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੇਰੀਆਂ ਕਹਾਣੀਆਂ ‘ਤੇ ਕਵਿਤਾਵਾਂ ਤਕਰੀਬਨ ਸਾਰੇ ਪੰਜਾਬੀ ਦੇ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਛਪਦੀਆਂ ਹਨ, ਭਾਵੇਂ ਉਹ ਪੰਜਾਬ , ਕਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਕਿਤੇ ਵੀ ਛਪਦੇ ਹੋਣ। ਜਿਸ ਤਰ੍ਹਾਂ, ਪੰਜਾਬੀ ਟ੍ਰੀਬੂਇਨ, ਨਵਾਂ ਜ਼ਮਾਨਾ, ਪੰਜਾਬੀ ਜਾਗਰਣ, ਏਕਮ, ਪ੍ਰੀਤਲੜ੍ਹੀ, ਪ੍ਰਤਿਮਾਨ, ਪ੍ਰਵਚਨ, ਤਾਸਮਨ, ਮੇਲਾ, ਕਾਵਿ ਲੋਕ, ਆਪਣੀ ਆਵਾਜ਼, ਕਾਵਿ ਸੰਸਾਰ, ਮੀਰਜ਼ਾਦਾ, ਕਵਿਤਾ, ਇੰਡੋ ਕਨੇਡੀਅਨ ਟਾਈਮਜ਼, ਦੇਸ਼ ਪ੍ਰਦੇਸ ਬੀ ਸੀ, ਨਵ-ਸਵੇਰ, ਪੰਜਾਬੀ ਅਖ਼ਬਾਰ ਅਲਬਰਟਾ, ਪੰਜਾਬ ਟਾਈਮਜ਼ ਯੂ ਐਸ ਏ, ਪੰਜ ਦਰਿਆ ਯੂ ਕੇ, ਸਰੋਕਾਰਾਂ ਦੀ ਆਵਾਜ਼, ਪੰਜਾਬੀ ਸਟਾਰ, ਅਤੇ ਹੋਰ ਕਈ । ਮੇਰੀਆਂ ਕਵਿਤਾਵਾਂ ਸਾਰੇ ਦੇਸ਼ਾਂ ਵਿੱਚ ਟੀ ਵੀ , ਰੇਡੀਓ ਤੇ ਪੜੀਆਂ ਜਾਂਦੀਆਂ ਹਨ।

16. ਤੁਹਾਡੀਆਂ ਕਵਿਤਾਵਾਂ ਕਿਸੇ ਹੋਰ ਭਾਸ਼ਾ ਵਿੱਚ ਵੀ ਟਰਾਂਸਲੇਟ ਹੋਈਆਂ ਹਨ?

ਹਾਂ ਜੀ, ਤਕਰੀਬਨ ਮੇਰੀਆਂ ਸਾਰੀਆਂ ਹੀ ਕਵਿਤਾਵਾਂ ਹਿੰਦੀ ਵਿੱਚ ਵੀ ਟਰਾਸਲੇਟ ਹੁੰਦੀਆਂ ਹਨ, ਇਹ ਕੰਮ ਗੁੜਗਾਉਂ ਰਹਿੰਦੇ ਲੇਖਕ ਯਸ਼ ਵਰਮਾ ਜੀ ਕਰਦੇ ਹਨ। ਉਨ੍ਹਾਂ ਦਾ ਧੰਨਵਾਦ। ਪਾਕਿਸਤਾਨ ਤੋਂ ਵੀ ਕਈਆਂ ਦੇ ਮੈਸੇਜ ਆ ਰਹੇ ਹਨ, ਉਹ ਮੇਰੀਆਂ ਕਵਿਤਾਵਾਂ ਨੂੰ ਉਰਦੂ ਵਿੱਚ ਟਰਾਂਸਲੇਟ ਕਰਨਾ ਚਾਹੁੰਦੇ ਹਨ, ਇੱਕ ਦੋ ਸ਼ਾਹਮੁਖੀ ਵਿੱਚ ਹੋਈਆਂ ਵੀ ਹਨ। ਅੰਗਰੇਜ਼ੀ ਦੇ ਮੈਗਜ਼ੀਨ ਨੇ ਵੀ ਮੇਰੀਆਂ ਕਵਿਤਾਵਾਂ ਮੰਗੀਆਂ ਹਨ । ਇੱਕ ਮੈਗਜ਼ੀਨ ਨੇ ਮੈਨੂੰ ਮੇਰੀਆਂ ਕਹਾਣੀਆਂ ਵੀ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਕੇ ਭੇਜਣ ਲਈ ਕਿਹਾ ਹੈ।
ਤੁਹਾਡਾ ਧੰਨਵਾਦ।

Leave a Reply

Your email address will not be published. Required fields are marked *