ਵੈਨਕੂਵਰ ( ਹਰਦਮ ਮਾਨ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਓਟਵਾ ਸਰਕਾਰ ਵਲੋਂ ਅਲਬਰਟਾ ਨਾਲ ਵਿਤਕਰਾ ਕੀਤੇ ਜਾਣ ਦੇ ਦੋਸ਼ਾਂ ਉਪਰੰਤ ਸੂਬੇ ਦੇ ਲੋਕਾਂ ਨੂੰ ਕੈਨੇਡਾ ਤੋਂ ਆਜ਼ਾਦ ਹੋਣ ਲਈ ਰਾਇਸ਼ੁਮਾਰੀ ਦਾ ਹੱਕ ਦੇਣ ਦੀ ਵਕਾਲਤ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣ ਦੀਆਂ ਗੱਲਾਂ ਦਾ ਦੱਬੀ ਆਵਾਜ਼ ਵਿੱਚ ਸਮਰਥਨ ਕਰਦੀ ਆ ਰਹੀ ਅਲਬਰਟਾ ਪ੍ਰੀਮੀਅਰ ਨੇ ਆਪਣੀ ਬਗਾਵਤੀ ਸੁਰ ਜਨਤਕ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਬਾਰੇ ਪੇਸ਼ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਦਸਤਖ਼ਤੀ ਮੁਹਿੰਮ ਚਲਾਈ ਜਾਏਗੀ ਕਿ ਇਥੋਂ ਦੇ ਵਾਸੀ ਅਲਬਰਟਾ ਨੂੰ ਕੈਨੇਡਾ ਵਿੱਚ ਪ੍ਰਭੂਸੱਤਾ ਸੰਪੰਨ ਸੂਬੇ ਵਜੋਂ ਦੇਖਣਾ ਚਾਹੁੰਦੇ ਹਨ ਕਿ ਨਹੀਂ। ਜੇ ਲੋੜੀਂਦੀ ਗਿਣਤੀ ਦੇ ਲੋਕਾਂ ਨੇ ਦਸਤਖ਼ਤ ਕਰ ਦਿੱਤੇ ਤਾਂ ਅਗਲੇ ਸਾਲ ਭਾਵ 2026 ’ਚ ਇੱਥੇ ਇਸ ਬਾਰੇ ਰੈਫਰੈਂਡਮ ਕਰਵਾਇਆ ਜਾਏਗਾ। 1 ਲੱਖ 77 ਹਜ਼ਾਰ ਦਸਤਖ਼ਤ ਹੋਣ ’ਤੇ ਪਟੀਸ਼ਨ ਪ੍ਰਵਾਨ ਮੰਨੀ ਜਾਏਗੀ।
ਅਲਬਰਟਾ ਪ੍ਰੀਮੀਅਰ ਵਲੋਂ ਸੂਬੇ ਦੇ ਕੈਨੇਡਾ ਤੋਂ ਵੱਖ ਹੋਣ ਲਈ ਰਾਇਸ਼ੁਮਾਰੀ ਦੀ ਵਕਾਲਤ
